ਨਵੀਂ ਦਿੱਲੀ (10 ਦਸੰਬਰ, 2014): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਦੀ ਕੇਂਦਰ ਸਰਕਾਰ ਨੇ ਅੱਜ ਰਾਤੀਂ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਤਜਵੀਜ਼ ਨੂੰ ਵਾਪ੍ਰਨਗੀ ਦੇ ਦਿੱਤੀ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ।

ਜ਼ਿਕਰਯੋਗ ਹੈ ਕਿ ਸਰਕਾਰ ਨੇ 31 ਅਕਤੂਬਰ ਨੂੰ ਅਜਿਹਾ ਮੁਆਵਜ਼ਾ ਦੇਣ ਦਾ ਸੰਕੇਤ ਦਿੱਤਾ ਸੀ, ਪਰ ਚੋਣ ਕਮਿਸ਼ਨ ਵੱਲੋਂ ਇਸ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਮੰਨੇ ਜਾਣ ‘ਤੇ ਸਰਕਾਰ ਇਸ ਸੰਕੇਤ ਨੂੰ ਐਲਾਨ ਦਾ ਰੂਪ ਦੇਣ ਤੋਂ ਪਿੱਛੇ ਹੱਟ ਗਈ ਸੀ।
ਪੰਜ-ਪੰਜ ਲੱਖ ਰੁਪਏ ਦੇ ਮੁਆਵਜ਼ੇ ਦੀ ਰਕਮ ਪੀੜਤਾਂ ਦੇ ਪਰਿਵਾਰਾਂ ਨੂੰ ਪਹਿਲਾਂ ਮਿਲੇ ਮੁਆਵਜ਼ੇ ਜਾਂ ਹੋਰ ਰਾਹਤ ਤੋਂ ਵੱਖਰੀ ਹੋਵੇਗੀ।
ਸਰਕਾਰੀ ਰਿਕਾਰਡ ਅਨੁਸਾਰ 1984 ਦੇ ਕਤਲੇਆਮ ਵਿੱਚ 3325 ਸਿੱਖ ਮਾਰੇ ਗਏ ਸਨ ਜਿਨ੍ਹਾਂ ਵਿੱਚ 2733 ਇਕੱਲੇ ਦਿੱਲੀ ਪ੍ਰਦੇਸ਼ ਵਿੱਚ ਕਤਲ ਕੀਤੇ ਗਏ ਸਨ। ਬਾਕੀ ਹੱਤਿਆਵਾਂ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਹੋਰਨਾਂ ਰਾਜਾਂ ਵਿੱਚ ਹੋਈਆਂ ਸਨ। ਨਰਿੰਦਰ ਮੋਦੀ ਸਰਕਾਰ ਨੂੰ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਈ ਸਿੱਖ ਜਥੇਬੰਦੀਆਂ ਤੋਂ ਮੁਆਵਜ਼ੇ ਤੇ ਇਨਸਾਫ਼ ਸਬੰਧੀ ਪਟੀਸ਼ਨਾਂ ਮਿਲੀਆਂ ਸਨ।