ਟਾਹਲੀ ਸਾਹਿਬ (15 ਦਸੰਬਰ, 2014): ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਲਗਭਗ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਤੇ ਸਿੱਖੀ ਸੰਭਾਲ ਦੇ ਕਾਰਜ ਮਹਿਜ ਫ਼ਾਈਲਾਂ ਤੇ ਅਖ਼ਬਾਰੀ ਖ਼ਤਰਾਂ ਤੱਕ ਸੀਮਤ ਕਰਕੇ ਹਕੀਕੀ ਪੱਖੋਂ ਸਿੱਖੀ ਦੇ ਵਿਰਸੇ ਤੇ ਭਵਿੱਖ ਨੌਜਵਾਨ ਪੀੜ੍ਹੀ, ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ ਦੀ ਠੀਕ ਸੰਭਾਲ ਤੇ ਮਾਰਗ ਦਰਸ਼ਕ ਨਾ ਬਣਨ ਕਾਰਨ ਹਜ਼ਾਰਾਂ ਸਿੱਖ ਪਰਿਵਾਰਾਂ ਦਾ ਲਗਾਤਾਰ ਸਿੱਖੀ ਨੂੰ ਤਿਆਗ ਕੇ ਇਕ ‘ਖਾਸ ਧਰਮ’ ‘ਚ ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ ।
ਪੰਜਾਬੀ ਅਖਬਾਰ ਅਜੀਤ ਵਿੱਚ ਪਰਮਿੰਦਰ ਸਿੰਘ ਸਰਹਾਲਾ ਦੀ ਛਪੀ ਰਿਪੋਰਟ ਅਨੁਸਾਰ ਪੰਜਾਬ ‘ਚ ਪਿਛਲੇ ਸਮੇਂ ਹੋਏ ਵੱਖ-ਵੱਖ ਸਰਵੇਖਣਾਂ ‘ਚ 60 ਤੋਂ 70 ਪ੍ਰਤੀਸ਼ਤ ਨੌਜਵਾਨ ਨਸ਼ੇ ਦੇ ਪ੍ਰਭਾਵ ਅਧੀਨ ਹਨ, ਜਿਸਦਾ ਮੁੱਖ ਕਾਰਨ ਅਨਪੜ੍ਹਤਾ, ਬੇਰੁਜ਼ਗਾਰੀ ਹਨ ਪਰ ਅੱਜ ਤੱਕ ਸ਼ੋ੍ਰਮਣੀ ਕਮੇਟੀ ਵੱਲੋਂ ਆਰਥਿਕ ਪੱਖੋਂ ਕਮਜ਼ੋਰ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਤੇ ਰੁਜਗਾਰ ਪ੍ਰਾਪਤੀ ‘ਚ ਮਦਦ ਨਹੀਂ ਕੀਤੀ । ਜਿਸ ਦਾ ਫਾਇਦਾ ਕਥਿਤ ਤੌਰ ‘ਤੇ ਉਕਤ ‘ਖਾਸ ਧਰਮ’ ਦੇ ਮਿਸ਼ਨਰੀਆਂ ਵੱਲੋਂ ਲੋੜਵੰਦ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਕੇ ਲਿਆ ਜਾ ਰਿਹਾ ਹੈ ।
ਇਕ ਦਹਾਕਾ ਪਹਿਲਾਂ ਇਸ ਧਰਮ ਦੇ ਪੈਰੋਕਾਰ ਮਹਿਜ 10 ਫ਼ੀਸਦੀ ਪਿੰਡਾਂ ਜਾਂ ਕਸਬਿਆਂ ਤੱਕ ਹੀ ਸੀਮਤ ਸਨ ਪਰ ਅੱਜ ਕੱਲ੍ਹ ਇਸ ਧਰਮ ਵੱਲੋਂ ਹਰ ਪਿੰਡ ‘ਚ ਪ੍ਰਚਾਰਕ ਥਾਪੇ ਹਨ ਜੋ ਦਿਨ-ਰਾਤ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ, ਮਾਨਸਿਕ ਤੇ ਆਰਥਿਕ ਪ੍ਰੇਸ਼ਾਨੀਆਂ ਦੂਰਨ ਕਰਨ ਤੋਂ ਇਲਾਵਾ ਲੋੜਵੰਦਾਂ ਦੇ ਬੱਚਿਆਂ ਦੀ ਮੁਫ਼ਤ ਸਿੱਖਿਆ ਦਾ ਲਾਲਚ ਦੇ ਕੇ ਆਪਣੀ ਗਿਣਤੀ ਵਧਾਉਣ ‘ਚ ਲੱਗੇ ਹੋਏ ਹਨ ।
ਇਸਦੇ ਸਿੱਟੇ ਵਜੋਂ ਪਿੰਡ ‘ਚ ਔਸਤਨ 10-15 ਪਰਿਵਾਰ ਧਰਮ ਪਰਿਵਰਤਨ ਕਰ ਚੁੱਕੇ ਹਨ ਙ ਪਿੰਡ-ਪਿੰਡ ਥਾਪੇ ਮਿਸ਼ਨਰੀ ਜਿੱਥੇ ਹਫ਼ਤੇ ਦੇ 2 ਦਿਨ ਸਮਾਗਮ ਕਰਦੇ ਹਨ, ਉੱਥੇ ਪੋਸਟਰਾਂ ਰਾਹੀਂ ਕੁਝ ਵਿਅਕਤੀਆਂ ਦੇ ਨਾਂ ਅਤੇ ਪਤੇ ਲਿਖ ਕੇ ਉਨ੍ਹਾਂ ਦੀਆਂ ਕੈਂਸਰ, ਅਧਰੰਗ, ਭੂਤ-ਪ੍ਰੇਤ ਆਦਿ ਬਿਮਾਰੀਆਂ ਠੀਕ ਕਰਨ ਦਾ ਵੀ ਦਾਅਵਾ ਕਰਦੇ ਹਨ ।
ਗੁਰਮਤਿ ਤੇ ਤਰਕਸ਼ੀਲ ਸੋਚ ਦੀ ਘਾਟ ਕਾਰਨ ਆਮ ਲੋਕ ਆਪਣੇ ਦੁੱਖ ਦੂਰ ਕਰਨ ਲਈ ਉਪਾਸ਼ਕ ਬਣ ਰਹੇ ਹਨ । ਇਸੇ ਸਦਕਾ ਅੰਮਿ੍ਤਸਰ ਦੇ ਮਜੀਠਾ ਤੇ ਤਰਸਿੱਕਾ ਬਲਾਕ ਦੇ ਕਈ ਪਿਡਾਂ ‘ਚ ਇਸ ਧਰਮ ਨੇ ਨਵੇਂ ਧਾਰਮਿਕ ਅਸਥਾਨ ਬਣ ਚੁੱਕੇ ਹਨ ।
ਦੂਸਰੇ ਪਾਸੇ ਐੱਸ. ਜੀ. ਪੀ. ਸੀ. ਵੱਲੋਂ ਕੀਤੇ ਜਾਂਦੇ ਗੁਰਮਤਿ ਪ੍ਰਚਾਰ ਦੀ ਮਿਸਾਲ ਨਿਵੇਕਲੀ ਹੈ ਙ ਅੱਜ ਤੋਂ ਕਰੀਬ 15-20 ਸਾਲ ਪਹਿਲਾਂ ਪਿੰਡਾਂ ਦੇ ਗੁਰਦੁਆਰਿਆਂ ‘ਚ ਬੁੱਧਵਾਰ ਜਾਂ ਐਤਵਾਰ ਇਕ ਦਿਨ ਐੱਸ. ਜੀ. ਪੀ. ਸੀ. ਦਾ ਪ੍ਰਚਾਰਕ ਗੁਰਮਤਿ ਪ੍ਰਚਾਰ ਲਈ ਜਾਇਆ ਕਰਦਾ ਸੀ।ਪਰ ਪਿਛਲੇ 10-15 ਸਾਲ ਤੋਂ ਪਿੰਡਾਂ ਦੇ ਗੁਰਦੁਆਰਿਆਂ ‘ਚ ਤਾਂ ਦੂਰ ਰਿਹਾ, ਕੁਝ ਇਤਿਹਾਸਕ ਗੁਰਦੁਆਰਿਆਂ ‘ਚ ਵੀ ‘ਦੀਵੇ ਥੱਲ੍ਹੇ ਹਨ੍ਹੇਰੇ’ ਵਾਲੀ ਗੱਲ ਹੈ ।
ਤਰਸਿੱਕਾ ਤੇ ਮਜੀਠਾ ਬਲਾਕ ਦੇ ਕਰੀਬ 100-125 ਪਿੰਡਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਨ੍ਹਾਂ ਪਿੰਡਾਂ ‘ਚ ਕਰੀਬ 7-8 ਇਤਿਹਾਸਕ ਗੁਰਦੁਆਰੇ ਹਨ ਙ ਇਨ੍ਹਾਂ ‘ਚ ਸ਼ਾਇਦ 1-2 ਗੁਰਦੁਆਰਿਆਂ ‘ਚ ਹੀ ਗੁਰਮਰਿਆਦਾ ਮੁਤਾਬਕ ਸਵੇਰੇ ਸ਼ਾਮ ਕਥਾ ਕੀਰਤਨ ਹੁੰਦਾ ਹੈ।ਐੱਸ. ਜੀ. ਪੀ. ਸੀ. ਦੇ ਪ੍ਰਚਾਰਕ ਮੁਲਾਜ਼ਮ ਤੇ ਮੈਂਬਰ ਵੀ ਜਿਆਦਾਤਰ ਪਿੰਡਾਂ ਨਾਲ ਸਬੰਧਿਤ ਹਨ ਪਰ ਕਦੇ ਵੀ ਕਿਸੇ ਨੇ ਸਿੱਖੀ ਦੇ ਪ੍ਰਚਾਰ ਦੀ ਘਾਟ ਤੇ ਧਰਮ ਪਰਿਵਰਤਨ ਦਾ ਨੋਟਿਸ ਨਹੀਂ ਲਿਆ ।
ਸਿੱਖ ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਗੁਰਮਤਿ ਪ੍ਰਚਾਰ ਤੇ ਗੁਰਦੁਆਰਿਆਂ ਦੇ ਸੁਚੱਜੇ ਪ੍ਰਬੰਧਾਂ ਲਈ ਬਣਾਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਆਪਣੇ ਉਕਤ ਫ਼ਰਜ ਭੁੱਲ ਗਈ ਹੈ ਅਤੇ ਉਸ ਦੇ ਪ੍ਰਬੰਧਾਂ ਵਿਚ ਸਿਆਸਤ ਆ ਗਈ ਹੈ। ਗੁਰਮਤਿ ਪ੍ਰਚਾਰ ਦੀ ਘਾਟ ਕਾਰਨ ਹੀ ਜਿੱਥੇ ਸਿੱਖ ਨੌਜਵਾਨ ਪਤਿਤ ਹੋ ਕੇ ਨਸ਼ਿਆਂ ‘ਚ ਗਲਤਾਨ ਹੋ ਚੁੱਕੇ ਹਨ, ਉੱਥੇ ਸਿੱਖ ਪਰਿਵਾਰ ਆਪਣਾ ਧਰਮ ਵੀ ਤਬਦੀਲ ਕਰ ਰਹੇ ਹਨ।