ਨਵੀ ਦਿੱਲੀ ( 2 ਦਸੰਬਰ, 2014): ਜਦੋਂ ਤੋਂ ਭਾਰਤ ਦੀ ਕੇਦਰੀ ਸੱਤਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੇ ਹੱਥ ਆਈ ਹੈ ਉਸ ਸਮੇਂ ਤੌਂ ਲੈਕੇ ਭਾਜਪਾ ਅਤੇ ਇਸਦੀਆਂ ਸਹਿਯੋਗੀ ਜੱਥੇਬੰਦੀਆਂ ਦੇ ਸਿਖਰਲੇ ਲੀਡਰਾਂ ਵੱਲੋ ਗਾਹੇ-ਬਗਾਹੇ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀਆਂ ਸਬੰਧੀ ਵਿਵਾਦਤ ਬਿਆਨ ਦੇ ਮਾਹੋਲ ਵਿੱਚ ਕੜਵਾਹਟ ਖਿਲਾਰਨ ਤੋਂ ਸੰਕੋਚ ਨਹੀਂ ਕੀਤਾ ਜਾਂਦਾ।
ਬੀਤੇ ਕੱਲ੍ਹ ਦੇਰ ਰਾਤ ਪੱਛਮੀ ਦਿੱਲੀ ਦੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਦੇ ਖਿਆਲਾ ਇਲਾਕੇ ‘ਚ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕੇਦਰੀ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਨੇ ਸਮੁੱਚੇ ਭਾਰਤ ਨੂੰ ਭਗਵਾਨ ਦੀ ਰਾਮ ਦੀ ਸੰਤਾਨ ਦੱਸਕੇ ਨਵਾਂ ਵਿਵਾਦ ਖੜਾ ਕਰਦਿੱਤਾ ਹੈ।

ਉਸਨੇ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਨੂੰ ਨਿਸ਼ਾਨਾ ਬਣਾ ਕੇ ਬਿਆਨਬਾਜ਼ੀ ਕੀਤੀ ਅਤੇ ਜਨਤਾ ਨੂੰ ‘ਰਾਮਜ਼ਾਦੇ’ ਜਾਂ ‘ਹਰਾਮਜ਼ਾਦੇ’ ‘ਚੋਂ ਇਕ ਚੁਣਨ ਲਈ ਕਿਹਾ।
ਇਥੋਂ ਤੱਕ ਕਿ ਜਯੋਤੀ ਨੇ ਅੱਜ ਸਵੇਰੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ਇਕ ਟੀ. ਵੀ. ਮੁਲਾਕਾਤ ‘ਚ ਇਹ ਵੀ ਕਿਹਾ ਕਿ ਇਸ ਦੇਸ਼ ਦੇ ਸਾਰੇ ਲੋਕ ਰਾਮ ਦੀ ਸੰਤਾਨ ਹੈ ਅਤੇ ਜਿਨ੍ਹਾਂ ਨੂੰ ਰਾਮ ‘ਤੇ ਯਕੀਨ ਨਹੀਂ ਹੈ ਉਨ੍ਹਾਂ ਨੂੰ ਭਾਰਤ ‘ਤੇ ਵੀ ਯਕੀਨ ਨਹੀਂ ਹੈ।
ਕੇਂਦਰੀ ਮੰਤਰੀ ਸਾਧਵੀ ਨਿਰੰਜਣ ਜਯੋਤੀ ਵੱਲੋਂ ਕੀਤੀਆਂ ਗਈਆਂ ਵਿਵਾਦਗ੍ਰਸਤ ਟਿੱਪਣੀਆਂ ‘ਤੇ ਅੱਜ ਸੰਸਦ ਦੇ ਦੋਵੇਂ ਸਦਨਾਂ ਵਿੱਚ ਬਹੁਤ ਰੌਲਾ ਪਿਆ ਤੇ ਇਕਜੁੱਟ ਹੋਈ ਵਿਰੋਧੀ ਧਿਰ ਨੇ ਬਹੁਤ ਰੋਹ ਪ੍ਰਗਟ ਕੀਤਾ ਜਿਸ ਕਾਰਨ ਦੋਵੇਂ ਸਦਨ ਵਾਰ ਵਾਰ ਉਠਾਉਣੇ ਪਏ, ਹਾਲਾਂਕਿ ਸਬੰਧਤ ਮੰਤਰੀ ਨੇ ਇਸ ਘਟਨਾਕ੍ਰਮ ‘ਤੇ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗਣ ਦੀ ਪੇਸ਼ਕਸ਼ ਵੀ ਕੀਤੀ ਹੈ।
ਜਿਉਂ ਹੀ ਅੱਜ ਲੋਕ ਸਭਾ ਤੇ ਰਾਜ ਸਭਾ ਜੁੜੀਆਂ, ਵਿਰੋਧੀ ਮੈਂਬਰਾਂ ਨੇ ਰੌਲਾ ਪਾਉਣ ਸ਼ੁਰੂ ਕਰ ਦਿੱਤਾ ਤੇ ਮੰਤਰੀ ਵੱਲੋਂ ਦਿੱਲੀ ਰੈਲੀ ‘ਚ ਇਤਰਾਜ਼ਯੋਗ ਭਾਸ਼ਾ ‘ਚ ਕੀਤੀਆਂ ਗਈਆਂ ਟਿੱਪਣੀਆਂ ਲਈ ਉਸ ਨੂੰ ਕੱਢਣ ਦੀ ਮੰਗ ਕੀਤੀ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਇਸ ਮੁੱਦੇ ‘ਤੇ ਮੁਆਫੀ ਮੰਗੇ ਜਾਣ ਲਈ ਅੜੇ ਰਹੇ।
ਦੁਪਹਿਰ ਤੋਂ ਪਹਿਲਾਂ-ਪਹਿਲਾਂ ਚਾਰ ਵਾਰ ਰਾਜ ਸਭਾ ਤੇ ਇਕ ਵਾਰ ਲੋਕ ਸਭਾ ਉਠਾਉਣੀ ਪਈ ਤੇ ਅੰਤ ਰਾਜ ਸਭਾ ਪੂਰੇ ਦਿਨ ਲਈ ਉਠਾ ਦਿੱਤੀ ਗਈ। ਕਾਂਗਰਸ, ਟੀਐਮਸੀ, ਸਮਾਜਵਾਦੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਇਸ ਦੌਰਾਨ ਸਦਨ ਦੇ ਵਿਚਾਲੇ ਜਾ ਕੇ ਰੌਲਾ ਪਾਉਂਦੇ ਰਹੇ।
ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਕਈ ਮੈਂਬਰ ਨਾਅਰੇ ਲਾਉਂਦੇ ਸਦਨ ਵਿਚਾਲੇ ਪੁੱਜ ਗਏ। ਵਿਰੋਧੀ ਧਿਰ ਦੇ ਹੱਲੇ ਦੀ ਅਗਵਾਈ ਜਯੋਤੀਰਾ ਅਦਿੱਤਿਆ ਸਿੰਧੀਆ (ਕਾਂਗਰਸ) ਕਰ ਰਹੇ ਸਨ। ਰਾਜ ਸਭਾ ਵਿੱਚ ਸਰਕਾਰ ਨੂੰ ਰੋਹ ‘ਚ ਆਏ ਕਾਂਗਰਸ, ਖੱਬੇ, ਸਮਾਜਵਾਦੀ ਪਾਰਟੀ, ਆਰਜੇਡੀ ਤੇ ਬਸਪਾ ਦੇ ਮੈਂਬਰਾਂ ਨੂੰ ਸ਼ਾਂਤ ਕਰਨਾ ਔਖਾ ਹੋ ਗਿਆ। ਕਈਆਂ ਨੇ ਕਿਹਾ ਕਿ ਮੰਤਰੀ ਦੀ ਮੁਆਫੀ ਨਾਲ ਗੱਲ ਨਹੀਂ ਨਿਬੜਦੀ, ਮੰਤਰੀ ਅਸਤੀਫਾ ਦੇਵੇ ਤੇ ਉਸ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।
ਪਰ ਦੋਵਾਂ ਹੀ ਸਦਨਾਂ ਵਿਚ ਹਾਜ਼ਰ ਬਾਦਲ ਦਲ ਦੇ ਨੁਮਾਇੰਦਿਆਂ ਵੱਲੋਂ ਕੇਂਦਰੀ ਮੰਤਰੀ ਦੇ ਬਿਆਨ ਦਾ ਵਿਰੋਧ ਨਾ ਕਰਨ ਅਤੇ ਮੂੰਹ ਨਾ ਖੋਲਣ ‘ਤੇ ਸਖ਼ਤ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।
ਵਰਨਣਯੋਗ ਹੈ ਕਿ ਕੇਂਦਰੀ ਮੰਤਰੀ ਨੇ ਜਦ ਇਹ ਬਿਆਨ ਦਿੱਤਾ ਸੀ ਤਾਂ ਅਕਾਲੀ ਦਲ ਦੇ ਦਿੱਲੀ ‘ਚ ਭਾਜਪਾ ਟਿਕਟ ਉੱਪਰ ਵਿਧਾਇਕ ਬਣੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ: ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਦੇ ਨਾਲ ਸਟੇਜ ਉੱਪਰ ਖੜ੍ਹੇ ਸਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ: ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਸਿੱਖ ਕਦੇ ਵੀ ਅਜਿਹੀ ਗੱਲ ਨੂੰ ਪ੍ਰਵਾਨ ਨਹੀਂ ਕਰ ਸਕਦੇ।