
ਅੰਮ੍ਰਿਤਸਰ (8 ਨਵੰਬਰ, 2014): ਸਿੱਖਾਂ ਦੀ ਪੰਥਕ ਪ੍ਰੰਪਰਾਵਾਂ ਤੇ ਪਹਿਰਾ ਦੇਣ ਵਾਲੀ ਅਤੇ ਵਕਾਰੀ ਸੰਸਥਾ ਵੱਲੋਂ ਸਿੱਖ ਵਿਰੋਧੀ ਸੰਸਥਾ ਆਰ .ਐਸ.ਐਸ ਨਾਲ ਸਬੰਧਿਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਅੰਮ੍ਰਿਤਸਰ ਵਿੱਚ ਹੋ ਰਹੇ ਤਿੰਨ ਦਿਨਾਂ ਕੌਮੀ ਇਜਲਾਸ ਨੂੰ ਕਾਮਯਾਬ ਕਰਨ ਲਈ ਪ੍ਰੀਸ਼ਦ ਦੇ ਡੈਲੀਗੇਟਾਂ ਦੀ ਸੇਵਾ ਸੰਭਾਲ ਲਈ ਵੱਖ ਵੱਖ ਸਕੂਲਾਂ ਵਿੱਚ ਸ਼ਿਵਰ ਲਗਾਉਣ ਲਈ ਦਿੱਤੀ ਗਈ ਇਜਾਜਤ ਦਾ ਵਿਰੋਧ ਕਰਦਿਆ, ਵੱਖ ਵੱਖ ਪੰਥਕ ਸ਼ਖਸ਼ੀਅਤਾਂ ਨੇ ਚੀਫ ਖਾਲਸਾ ਦੀਵਾਨ ਵੱਲੋ ਲਏ ਗਏ ਇਸ ਫੈਸਲੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸਾਬਕਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਮਨਜੀਤ ਸਿੰਘ ਕਲਕੱਤਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਕੱਤਰ ਜਨਰਲ ਸ੍ਰ ਜਸਵੰਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਚੀਫ ਖਾਲਸਾ ਦੀਵਾਨ ਵੱਲੋ ਆਰ.ਐਸ.ਐਸ ਦੀ ਪੁਸ਼ਤਪਨਾਹੀ ਹਾਸਲ ਉਸ ਦੇ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਕੌਮੀ ਇਜਲਾਸ ਕਰਨ ਲਈ ਸ੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਵਿੱਚ ਦਿੱਤੀ ਗਈ ਇਜ਼ਾਜ਼ਤ ਸੰਕੇਤ ਕਰਦੀ ਹੈ, ਕਿ ਹੁਣ ਆਰ.ਐਸ.ਐਸ ਤੇ ਭਾਜਪਾ ਦਾ ਅਗਲਾ ਨਿਸ਼ਾਨਾ ਸਿੱਖਾਂ ਦੀ ਇਸ ਨਿਰੋਲ ਪੰਥਕ ਸੰਸਥਾ ਤੇ ਕਬਜਾ ਕਰਨਾ ਹੈ।
ਉਹਨਾਂ ਕਿਹਾ ਕਿ ਪ੍ਰੀਸ਼ਦ ਨੂੰ ਸਕੂਲਾਂ ਵਿੱਚ ਸ਼ਿਵਰ ਲਗਾਉਣ ਤੇ ਰਿਹਾਇਸ਼ ਲਈ ਜਗਾ ਦੇਣੀ ਸਾਬਤ ਕਰਦਾ ਹੈ ਕਿ ਦੀਵਾਨ ਦੇ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਜਾਂ ਤਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਜਾਂ ਫਿਰ ਉਹਨਾਂ ਤੇ ਕੋਈ ਭਾਰੀ ਦਬਾ ਹੈ ਜਿਸ ਕਰਕੇ ਉਹਨਾਂ ਨੇ ਪ੍ਰੀਸ਼ਦ ਦੇ ਹਵਾਲੇ ਸਕੂਲ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਇੱਕ ਚੀਫ ਖਾਲਸਾ ਦੀਵਾਨ ਸੰਸਥਾ ਹੈ ਜਿਹੜੀ ਆਰ. ਐਸ.ਐਸ ਦੇ ਪ੍ਰਭਾਵ ਤੋ ਬੱਚੀ ਹੋਈ ਸੀ ਪਰ ਹੁਣ ਇਥੇ ਵੀ ਜੇਕਰ ਆਰ.ਐਸ.ਐਸ ਦਖਲਅੰਦਾਜੀ ਕਰਨ ਵਿੱਚ ਕਾਮਯਾਬ ਹੋ ਜਾਂਦੀ ਤਾਂ ਇਸ ਦਾ ਵੀ ਭੰਗਵਾਕਰਨ ਕਰਨ ਤੋ ਕੋਈ ਵੀ ਰੋਕ ਨਹੀ ਸਕਦਾ। ਉਹਨਾਂ ਕਿਹਾ ਕਿ ਇਹਨਾਂ ਦੀ ਬਦਨੀਅਤ ਇਥੋ ਹੀ ਸਾਬਤ ਹੁੰਦੀ ਹੈ ਕਿ ਆਰੀਆ ਸਮਾਜੀਆ ਦੀਆ ਸ਼ਹਿਰ ਵਿੱਚ ਸੈਕੜੇ ਸੰਸਥਾਵਾਂ ਹਨ ਉਹਨਾਂ ਦੀ ਵਰਤੋ ਕਿਉ ਨਹੀ ਕੀਤੀ ਜਾ ਰਹੀ ਹੈ। ਇਸ ਲਈ ਇਹ ਇੱਕ ਸਾਜਿਸ਼ ਹੈ ਜਿਸ ਨੂੰ ਸ੍ਰ ਚੱਢਾ ਲਈ ਸਮਝਣਾ ਬਹੁਤ ਜਰੂਰੀ ਹੈ।
ਉਹਨਾਂ ਕਿਹਾ ਇਹ ਸਮਾਂ ਸ੍ਰ ਚੱਢਾ ਲਈ ਸਿੱਖੀ ਸਿਧਾਂਤਾਂ ‘ਤੇ ਪਹਿਰਾ ਦੇਣ ਦਾ ਹੈ, ਇਸ ਲਈ ਸ੍ਰ ਚੱਢਾ ਨੂੰ ਕੁਰਬਾਨੀ ਦੇਣ ਤੋ ਪਿੱਛੇ ਨਹੀ ਹੱਟਣਾ ਚਾਹੀਦਾ ਤੇ ਬਿਨਾਂ ਕਿਸੇ ਦੇਰੀ ਤੋ ਪ੍ਰੀਸ਼ਦ ਨੂੰ ਸਕੂਲ ਦੇਣ ਦਾ ਆਪਣਾ ਲਿਆ ਗਿਆ ਫੈਸਲਾ ਵਾਪਸ ਲੈਣਾ ਚਾਹੀਦਾ ਹੈ।
ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਇੱਕ ਵਾਰੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਵੀ ਅਨੰਦਪੁਰ ਸਾਹਿਬ ਵਿਖੇ ਇਹਨਾਂ ਨੂੰ ਸ਼ਿਵਰ ਲਗਾਉਣ ਲਈ ਗੁਰੂਦੁਆਰਿਆ ਵਿੱਚ ਜਗਾ ਦੇ ਦਿੱਤੀ ਗਈ ਸੀ ਪਰ ਜਦੋ ਜਥੇਦਾਰ ਟੌਹੜਾ ਨੂੰ ਇਹਨਾਂ ਦੇ ਸਿੱਖ ਵਿਰੋਧੀ ਮਨਸੂਬਿਆ ਦਾ ਪਤਾ ਲੱਗਾ ਤਾਂ ਉਸ ਵੇਲੇ ਹੀ ਜਗਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਸ੍ਰ ਚੱਢਾ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਜਥੇਦਾਰ ਟੌਹੜਾ ਵਾਂਗ ਜਿਗਰਾ ਰੱਖ ਕੇ ਸਕੂਲਾਂ ਵਿੱਚ ਆਰ.ਐਸ.ਐਸ ਦੇ ਇਸ ਵਿੰਗ ਨੂੰ ਦਾਖਲ ਨਾ ਹੋਣ ਦੇਣ।
ਇਸ ਸਬੰਧੀ ਜਦੋ ਦੀਵਾਨ ਦੇ ਇੱਕ ਅਧਿਕਾਰੀ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਕਾਫੀ ਦੁੱਖੀ ਜਰੂਰ ਹਨ ਪਰ ਚੱਢਾ ਸਾਹਿਬ ਤੇ ਹਾਈ ਕਮਾਂਡ ਦਾ ਕੋਈ ਦਬਾ ਹੈ। ਸ੍ਰ ਚੱਢਾ ਨਾਲ ਜਦੋ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਗੱਲ ਨਹੀ ਹੋ ਸਕੀ।