ਅੰਮ੍ਰਿਤਸਰ( 9 ਨਵੰਬਰ, 2014): ਕੱਟੜ ਹਿੰਦੂਤਵੀ ਸੰਗਠਨ ਆਰ. ਐੱਸ. ਐੱਸ. ਦੀ ਹਮਾਇਤ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਦੀ ਕੇਂਦਰੀ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਵੱਸ ਰਹੀਆਂ ਗੈਰ ਹਿੰਦੂ ਕੌਮਾਂ, ਵੱਖਰੇ ਸਭਿਆਚਾਰਾਂ, ਵੱਖਰੀਆਂ ਭਾਸ਼ਾਵਾਂ ਨੂੰ ਭਗਵਾਵਾਦ ਦੀ ਰੰਗਤ ਵਿੱਚ ਰੰਗਣ ਦਾ ਕੰਮ ਜੋਰਾਂ ‘ਤੇ ਚੱਲ ਰਿਹਾ ਹੈ।

ਆਰ. ਐਸ. ਐੱਸ ਦਾ ਸਿੱਖ ਵਿਰੋਧੀ ਚਿਹਰਾ ਜੱਗ ਜਾਹਿਰ ਹੈ ਅਤੇ ਪਿੱਛਲੇ ਕਈ ਸਾਲਾਂ ਵਿੱਚ ਆਰ. ਐੱਸ. ਐੱਸ ਵੱਲੋਂ ਸਿੱਖੀ ਦੇ ਨਿਆਰੇਪਨ ਨੂੰ ਖੌਰਾ ਲਾਉਣ ਦੀ ਕੋਈ ਕਸਰ ਨਹੀਂ ਛੱਡੀ ਗਈ। ਇਸ ਵੱਲੋਂ ਰਾਸ਼ਟਰੀਯ ਸਿੱਖ ਸੰਗਤ ਨਾਮ ਦੀ ਜੱਥੇਬੰਦੀ ਕਾਇਮ ਕਰਨਾ ਇਸਦੀ ਪ੍ਰਤੱਖ ਮਿਸਾਲ ਹੈ। ਰਾਸ਼ਟਰੀਯ ਸਿੱਖ ਸੰਗਤ ਨਾਮ ਦੀ ਇਸ ਜੱਥੇਬੰਦੀ ਨੂੰ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿ. ਜੋਗਿੰਦਰ ਸਿੰਘ ਵੇਦਾਤੀਂ ਵੱਲੋਂ ਸਿੱਖ ਵਿਰੋਧੀ ਐਲਾਨਿਆ ਗਿਆ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਜਿਵੇਂ ਪੰਜਾਬ ਆਰ. ਐੱਸ. ਐੱਸ ਦੀਆਂ ਗਤੀਵਿਧੀਆਂ ਦਾ ਕੇਦਰ ਬਣ ਗਿਆ ਹੋਵੇ। ਪਿੱਛਲੇ ਕੁਝ ਸਮੇਂ ਤੋਂ ਪੰਜਾਬ ਦੀ ਧਰਤੀ ‘ਤੇ ਆਰ. ਐੱਸ. ਐੱਸ ਦੀਆਂ ਗਤੀਵਿਧੀਆਂ ਵਿੱਚ ਚੋਖਾ ਵਾਧਾ ਹੋਇਆ ਹੈ।
ਮੀਡੀਆ ਵਿੱਚ ਆਈਆਂ ਖਬਰਾਂ ਦੱਸਦੀਆਂ ਹਨ ਕਿ ਹੁਣ ਆਰ.ਐੱਸ.ਐੱਸ ਆਪਣੀ ਗਤੀਵਿਧੀਆਂ ਲਈ ਸਿੱਖ ਸੰਸਥਾਵਾਂ ਨੂੰ ਵਰਤਣ ਲਈ ਆਪਣੇ ਅਸਰ ਰਸੂਖ ਨੂੰ ਵਰਤੇਗੀ।
ਪ੍ਰਾਪਤ ਜਾਣਕਾਰੀ ਅਨਸਾਰ ਅੰਮ੍ਰਿਤਸਰ ਦੇ ਚੀਫ ਖਾਲਸਾ ਦੀਵਾਨ ਨੇ ਆਰ. ਐੱਸ. ਐੱਸ ਅਤੇ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੂੰ ਇਸਦੀ ਸਮੁੱਚੇ ਭਾਰਤ ਦੀ ਕਾਨਫਰੰਸ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਇਹ ਕਾਨਫਰੰਸ ਚੀਫ ਖਾਲਸਾ ਦੀਵਾਨ ਵਿੱਚ 14 ਨਵੰਬਰ 2014 ਤੋਂ 16 ਨਵੰਬਰ ਤੱਕ ਹੋ ਰਹੀ ਹੈ।
ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸ਼ਦ ਦੇ ਚਾਰ ਹਜ਼ਾਰ ਕਾਰਕੂਨਾਂ ਵੱਲੋਂ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਅੰਦਾਜ਼ਾ ਹੈ ਅਤੇ ਇਸ ਤੋਂ ਇਲਾਵਾ ਆਰ. ਐੱਸ. ਐੱਸ ਦੇ ਚੋਟੀ ਦੇ ਲੀਡਰ ਇਸ ਸਮੇਂ ਹਾਜ਼ਰ ਰਹਿਣਗੇ।