ਚੰਡੀਗੜ੍ਹ (21 ਸਤੰਬਰ, 2014): ਆਰ. ਐੱਸ. ਐੱਸ ਨੇ ਪੰਜਾਬ ਦੀ ਧਰਤੀ ਨੂੰ ਆਪਣਾ ਵਿਸ਼ੇਸ਼ ਕਾਰਜ਼ ਖੇਤਰ ਬਣਾਉਦਿਆਂ, ਕੇਂਦਰ ਵਿੱਚ ਆਈ ਭਾਜਪਾ ਸਰਕਾਰ ਤੋਂ ਬਾਅਦ ਇੱਥੇ ਆਮ ਸਰਗਰਮੀਆਂ ਇੱਕੋ ਵਾਰ ਵਧਾ ਦਿੱਤੀਆਂ ਹਨ। ਆਰ. ਐੱਸ. ਐੱਸ ਮੁੱਖੀ ਮੋਹਨ ਦੀ ਬਾਜਪਾ ਸਰਕਾਰ ਬਨਣ ਤੋਂ ਬਾਅਦ ਹੁਣ ਉਹ ਚੌਥੀ ਵਾਰ ਪੰਜਾਬ ਆ ਰਿਹਾ ਹੈ।
ਰਾਸ਼ਟਰੀ ਸਵੈਮ-ਸੇਵਕ ਸੰਘ (ਆਰ.ਐਸ.ਐਸ.) ਦੇ ਪ੍ਰਚਾਰਕਾਂ ਵੱਲੋਂ ਆਪਣੇ ਸੰਗਠਨ ਦੇ ਵਿਸਤਾਰ ਲਈ ਪੰਜਾਬ ਦੇ ਪਿੰਡਾਂ ਦੇ ਦੌਰੇ ਕਰਨ ਦੀਆਂ ਰਿਪੋਰਟਾਂ ਦੇ ਦਰਮਿਆਨ ਸੰਘ ਦੇ ਮੁਖੀ ਮੋਹਨ ਭਾਗਵਤ ਵੱਲੋਂ 24 ਅਤੇ 25 ਸਤੰਬਰ ਦੇ ਲੁਧਿਆਣਾ ਤੇ ਅੰਮ੍ਰਿਤਸਰ ਦੌਰੇ ‘ਤੇ ਸਭ ਦੀਆਂ ਨਜ਼ਰਾਂ ਹਨ।
ਇਸ ਸਾਲ ਮਾਰਚ ਮਹੀਨੇ ਤੋਂ ਲੈ ਕੇ ਇਹ ਸੰਘ ਮੁਖੀ ਦਾ ਚੌਥਾ ਪੰਜਾਬ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਉਹ ਪੰਜਾਬ ਵਿੱਚ ਫ਼ਾਜ਼ਿਲਕਾ, ਮਾਨਸਾ, ਖੰਨਾ ਅਤੇ ਮਾਲੇਰਕੋਟਲਾ ਦਾ ਦੌਰਾ ਕਰ ਚੁੱਕੇ ਹਨ।
ਜਿੱਥੇ ਇਕ ਪਾਸੇ ਆਰ.ਐਸ.ਐਸ. ਵਾਲੰਟੀਅਰਾਂ ਵੱਲੋਂ ਪਿੰਡ ਵਿੱਚ ਲੋਕਾਂ ਨਾਲ ਨਿੱਜੀ ਤੌਰ ‘ਤੇ ਰਾਬਤਾ ਕਾਇਮ ਕਰ ਕੇ ਉਨ੍ਹਾਂ ਨੂੰ ਸੰਘ ਦੇ ਇਤਿਹਾਸ ਅਤੇ ਸਰਗਰਮੀਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਉਥੇ ਸੰਘ ਦੇ ਮੁਖੀ ਵੱਲੋਂ ਲਗਾਤਾਰ ਪੰਜਾਬ ਦੇ ਦੌਰੇ ਕੀਤੇ ਜਾ ਰਹੇ ਹਨ।
ਭਾਗਵਤ ਵੱਲੋਂ ਆਰ.ਐਸ.ਐਸ. ਵਾਲੰਟੀਅਰਾਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਮੀਡੀਆ ਤੋਂ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਆਮ ਲੋਕਾਂ ਨੂੰ ਵੀ ਇਨ੍ਹਾਂ ‘ਚ ਸ਼ਾਮਲ ਹੋਣ ਦੀ ਆਗਿਆ ਨਹੀਂ ਹੈ। ਭਾਗਵਤ ਵੱਲੋਂ ਪੰਜਾਬ ਦੇ ਕੀਤੇ ਜਾ ਰਹੇ ਲਗਾਤਾਰ ਦੌਰਿਆਂ ਨੂੰ ਕਾਫੀ ਅਹਿਮੀਅਤ ਦਿੱਤੀ ਜਾ ਰਹੀ ਹੈ ਕਿਉਂਕਿ ਪਹਿਲਾਂ ਮਾਨਸਾ ਅਤੇ ਫ਼ਾਜ਼ਿਲਕਾ ਜਿਹੇ ਪੱਛੜੇ ਇਲਾਕੇ ਦਾ ਦੌਰਾ ਕਰ ਕੇ ਆਰ.ਐਸ.ਐਸ. ਵੱਲੋਂ ਪੰਜਾਬ ਦੇ ਲੋਕਾਂ ਦਾ ਰੌਂਅ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਤੋਂ ਮਗਰੋਂ ਉਨ੍ਹਾਂ ਵੱਲੋਂ ਸਨਅਤੀ ਸ਼ਹਿਰ ਖੰਨਾ ਅਤੇ ਮਾਲੇਰਕੋਟਲਾ ਦਾ ਦੌਰਾ ਕੀਤਾ ਗਿਆ। ਆਪਣੇ ਅਗਾਮੀ ਦੌਰੇ ਦੌਰਾਨ ਭਾਗਵਤ ਵੱਲੋਂ ਸਨਅਤੀ ਸ਼ਹਿਰ ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ।
ਸ਼੍ਰੋ੍ਰਮਣੀ ਅਕਾਲੀ ਦਲ ਵੱਲੋਂ ਸੂਬੇ ਵਿੱਚ ਆਰ. ਐਸ.ਐਸ. ਮੁਖੀ ਦੀਆਂ ਸਰਗਰਮੀਆਂ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਅਨੁਸਾਰ ਅਕਾਲੀ ਦਲ ਆਰ.ਐਸ.ਐਸ. ਦੀਆਂ ਮੀਟਿੰਗਾਂ ਤੇ ਪਿੰਡਾਂ ਵਿੱਚ ਇਸਦੇ ਵਾਲੰਟੀਅਰਾਂ ਵੱਲੋਂ ਲੋਕਾਂ ਤੱਕ ਪਹੁੰਚ ਕਰਨ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖ ਰਿਹਾ ਹੈ।