ਚੇਨਈ: ਆਈ ਆਈ ਟੀ ਮਦਰਾਸ ਵਿੱਚ ਕੌਮਾਂਤਰੀ ਵਿਦਿਆਰਥੀ ਸੰਧੀ ਤਹਿਤ ਪੜ੍ਹਾਈ ਕਰਨ ਵਾਲੇ ਇੱਕ ਜਰਮਨ ਵਿਦਿਆਰਥੀ ਨੂੰ ਭਾਰਤ ਦੇ ਪਰਵਾਸੀ ਮਹਿਕਮੇ ਨੇ ਭਾਰਤੀ ਉਪਮਹਾਂਦੀਪ ਦਾ ਖਿੱਤਾ ਛੱਡ ਜਾਣ ਲਈ ਕਿਹਾ ਹੈ। ਖਬਰ ਅਦਾਰੇ ‘ਦਾ ਹਿੰਦੂ’ ਮੁਤਾਬਕ ਇਸ ਵਿਦਿਆਰਥੀ ਨੂੰ ਕੋਈ ਵੀ ਲਿਖਤੀ ਪੱਤਰ ਨਹੀਂ ਦਿੱਤਾ ਗਿਆ ਅਤੇ ਇਹ ਹੁਕਮ ਜੁਬਾਨੀ ਹੀ ਸੁਣਾਇਆ ਗਿਆ ਹੈ। ਪਰਵਾਸੀ ਮਹਿਕਮੇ ਨੇ ਇਸ ਵਿਦਿਆਰਥੀ ਨੂੰ ਆਈ ਆਈ ਟੀ ਦੇ ਕੌਮਾਂਤਰੀ ਵਿਦਿਆਰਥੀ ਮਹਿਕਮੇ ਰਾਹੀਂ ਆਪਣੇ ਦਫਤਰ ਵਿੱਚ ਬੁਲਾਇਆ ਅਤੇ ਉਸ ਨੂੰ ਕਿਹਾ ਕਿ ਉਸ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਇਸ ਕਰਕੇ ਉਹ ਹੁਣ ਭਾਰਤੀ ਉਪ ਮਹਾਂਦੀਪ ਵਿੱਚ ਨਹੀਂ ਰਹਿ ਸਕਦਾ।

ਪਤਾ ਲੱਗਾ ਹੈ ਕਿ ਇਹ ਕੌਮਾਂਤਰੀ ਵਿਦਿਆਰਥੀ ਇਸ ਵੇਲੇ ਦਿੱਲੀ ਦੇ ਹਵਾਈ ਅੱਡੇ ਉੱਤੇ ਹੈ ਅਤੇ ਜਰਮਨੀ ਜਾਣ ਲਈ ਉਡਾਣ ਦੀ ਉਡੀਕ ਕਰ ਰਿਹਾ ਹੈ। ਉਸ ਨੇ ਅੱਜ ਸਵੇਰੇ ਜਰਮਨੀ ਚਲੇ ਜਾਣਾ ਸੀ ਪਰ ਚੇਨਈ ਤੋਂ ਦਿੱਲੀ ਆਉਣ ਵਾਲੀ ਉਡਾਣ ਚਾਰ ਘੰਟੇ ਦੇਰੀ ਨਾਲ ਪਹੁੰਚਣ ਕਰਕੇ ਜਹਾਜ ਚੜ੍ਹਨੋਂ ਰਹਿ ਗਿਆ।
ਜਿੱਥੇ ਪਹਿਲਾਂ ਹੀ ਮੋਦੀ ਸਰਕਾਰ ਦੀ ਨਾਗਰਿਕਤਾ ਸੋਧ ਕਾਨੂੰਨ ਮਾਮਲੇ ਉੱਤੇ ਕਰੜੀ ਆਲੋਚਨਾ ਹੋ ਰਹੀ ਹੈ ਉਥੇ ਇਸ ਫੈਸਲੇ ਨਾਲ ਹੋਰ ਵਧੇਰੇ ਕੌਮਾਂਤਰੀ ਪ੍ਰਤੀਕਰਮ ਆਉਣ ਦੀ ਉਮੀਦ ਹੈ।