ਚੰਡੀਗੜ੍ਹ/ਮੋਹਾਲੀ(3 ਅਗਸਤ,2015): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਇੱਕ ਤਾਜ਼ੀ ਟੀਵੀ ਇੰਟਰਵਿਊ ਵਿੱਚ ਅਮਰੀਕੀ ਸਿੱਖ ਜੱਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ ਸੰਨ 2020 ਵਿੱਚ ਕਰਵਾਈ ਜਾ ਰਹੀ ਸਿੱਖ ਰਾਏਸ਼ੁਮਾਰੀ ਦੀ ਮਾਨਤਾ ‘ਤੇ ਸਵਾਲ ਖੜੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਇੱਕ ਪ੍ਰਾਈਵੇਟ ਸੰਸਥਾ ਵੱਲੋਂ ਅਜ਼ਾਦ ਸਿੱਖ ਰਾਜ ਬਣਾਉਣ ਵਾਸਤੇ ਰਾਏਸ਼ੁਮਾਰੀ ਨਹੀਂ ਕਰਵਾਈ ਜਾ ਸਕਦੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਰਾਏਸ਼ੁਮਾਰੀ 2020 ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ ਭੁਲੇਖਾ ਪਾਊ ਹੈ।

ਇੰਟਰਵਿਊ ਦੌਰਾਨ ਸਿੱਖ ਰਾਏਸ਼ੁਮਾਰੀ ਬਾਰੇ ਸ੍ਰ. ਮਾਨ ਦੇ ਵਿਚਾਰ ਪੁੱਛਣ ‘ਤੇ ਉਨ੍ਹਾਂ ਕਿਹਾ ਕਿ “ਇਹ ਚੀਜ਼ਾਂ ਚੱਲੀ ਜਾ ਰਹੀਆਂ ਹਨ, ਪਰ ਜਿਹੜੇ 2020 ਵਿੱਚ ਰਾਏਸ਼ੁਾਮਰੀ ਕਰਵਾਉਣਾ ਚਾਹੁੰਦੇ ਹਨ, ਉਹ ਮੈਨੂੰ ਦੱਸਣ… ਕਿ ਰਾਏਸੂਮਾਰੀ ਤਾਂ ਇਕ ਦੇਸ਼ ਦੀ ਸਰਕਾਰ ਆਪਣੇ ਦੇਸ਼ ਵਿੱਚ ਕਰਵਾਉਂਦੀ ਹੈ, ਜਿਸ ਤਰਾਂ ਪਿੱਛਲੇ ਸਾਲ ਬਰਤਾਨੀਆਂ ਦੀ ਸਰਕਾਰ ਨੇ ਸਕਾਟਲੈਂਡ ਵਿੱਚ ਕਰਵਾਇਆ ਸੀ। ਜਿਹੜੇ ਸਿੱਖ ਰਾਏਸ਼ਾਮਰੀ ਦੇ ਬੈਨਰ ਲੱਗੇ ਹਨ… ਕੀ ਸਿੱਖ ਫਾਰ ਜਸਟਿਸ ਭਾਰਤ ਨਾਲ ਮਿਲਕੇ ਰਾਏਸ਼ੂਮਾਰੀ ਕਰਵਾ ਸਕਦੇ ਹਨ?ਇਸ ਤਰਾਂ ਲੋਕਾਂ ਨੂੰ ਗੁਮਰਾਹ ਕਰਨਾ…”
ਇਹ ਪੁੱਛਣ ‘ਤੇ ਕੀ ਉਹ ਸਿੱਖ ਫਾਰ ਜਸਟਿਸ ਵੱਲੋਂ 2020 ਵਿੱਚ ਕਰਵਾਈ ਜਾ ਰਹੀ ਸਿੱਖ ਰਾਏਸ਼ੁਮਾਰੀ ਦੇ ਹੱਕ ਵਿੱਚ ਨਹੀ ਹਨ ਤਾਂ ਸ੍ਰ. ਮਾਨ ਨੇ ਕਿਹਾ ਕਿ ਉਹ ਰਾਏ ਸ਼ੁਮਾਰੀ ਦੇ ਹੱਕ ਵਿੱਚ ਹਨ, ਪਰ ਇਹ ਇਸ ਤਰਾਂ ਨਹੀਂ ਹੋ ਸਕਦਾ।ਕਾਨੂੰਨੀ ਅਤੇ ਸੰਵਿਧਾਨਕ ਤੌਰ ‘ਤੇ ਜਾਂ ਤਾਂ ਰਾਏਸ਼ੁਮਾਰੀ ਹੋ ਸਕਦੀ ਹੈ, ਉਹ ਦੇਸ਼ ਆਪਣੇ ਇਲਾਕੇ ਵਿੱਚ ਰਾਏਸ਼ੁਮਾਰੀ ਕਰਵਾ ਦੇਵੇ, ਜਾਂ ਸੰਯੂਕਤ ਰਾਸ਼ਟਰ ਦੀ ਸੁਰੱਖਿਆ ਸੰਮਤੀ ਇਸ ਲਈ ਵੋਟਾਂ ਪਵਾ ਦੇਵੇ, ਜਿਸ ਤਰਾਂ 1948 ਵਿੱਚ ਕਸ਼ਮੀਰ ਦੇ ਮੁੱਦੇ ‘ਤੇ ਮਤਾ ਪਾਸ ਹੋਇਆ ਸੀ।
ਸੁਣੋ ਗੱਲਬਾਤ ਦੀ ਰਿਕਾਰਡਿੰਗ:
(Source/Courtesy: YouTube/Kanwar Sandhu)
ਉਨਾਂ ਅੱਗੇ ਕਿਹਾ ਕਿ ਸਿੱਖਸ ਫਾਰ ਜਸਟਿਸ ਵਰਗੀ ਕੋਈ ਪ੍ਰਾਈਵੇਟ ਪਾਰਟੀ ਸੰਯੁਕਤ ਰਾਸ਼ਟਰ ਵਿੱਚ ਸਿੱਖ ਰਾਏਸ਼ੁਮਾਰੀ ਦੇ ਮਾਮਲੇ ਵਿੱਚ ਜਾ ਹੀ ਨਹੀਂ ਸਕਦੀ। ਇਸ ਮਸਲੇ ‘ਤੇ ਕੋਈ ਅਜ਼ਾਦ ਮੁਲਕ ਸੰਯੁਕਤ ਰਾਸ਼ਟਰ ਵਿੱਚ ਮਸਲਾ ਉਠਾ ਕੇ ਮਤਾ ਪਾਸ ਕਰਵਾਏ ਤਾਂ ਹੀ ਸੰਯੁਕਤ ਰਾਸ਼ਟਰ ਸਾਡੇ ਮਸਲੇ ਵਿੱਚ ਦਖਲ ਦੇ ਸਕਦਾ ਹੈ।
ਉਨਾਂ ਆਖਿਆ ਕਿ ਸਿੱਖ ਪਾਰ ਜਸਟਿਸ ਵੱਲੇ ਬੜੇ ਵਧੀਆ ਕਾਨੂੰਨਦਾਨ ਨੇ ਉਹ ਸਾਨੂੰ ਦੱਸਣ ਕਿ ਇਹ ਕਿਵੇਂ ਹੋ ਸਕਦਾ ਹੈ?”