ਨਵੀ ਦਿੱਲੀ (13 ਜੁਲਾਈ, 2015): ਦਿੱਲੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਬਾਦਲ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੰਦੀ ਸਿੰਘਾਂ ਬਾਰੇ ਅਮਰੀਕਾ ਦੇ ਪੰਜਾਬ ਰੇਡੀਓ ‘ਤੇ ਗਲਤ ਬਿਆਨਬਾਜ਼ੀ ਕਰਕੇ ਹੀ ਸਿੱਖਾਂ ਦੇ ਹਿਰਦਿਆ ਨੂੰ ਠੇਸ ਨਹੀ ਪਹੁੰਚਾਈ, ਸਗੋ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਦੀ ਪੰਥਕ ਘਾਲਣਾ ਪ੍ਰਤੀ ਅਪਮਾਣਜਨਕ ਸ਼ਬਦਾਵਲੀ ਬੋਲ ਕੇ ਸ਼ਹੀਦਾਂ ਅਤੇ ਕੁਰਬਾਨੀਆ ਕਰਨ ਵਾਲੇ ਪਰਵਾਨਿਆ ਦੇ ਪਰਿਵਾਰਾਂ ਦੇ ਹਿਰਦਿਆ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ, ਜਿਸ ਦਾ ਪੰਥਕ ਹਲਕਿਆ ਵਿੱਚ ਰੋਸ ਕੀਤਾ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਲਿਖਤੀ ਪ੍ਰੈਸ ਬਿਆਨ ਵਿੱਚ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਉਹ ਸਿਰਸੇ ਵੱਲੋ ਬਾਪੂ ਸੂਰਤ ਨੂੰ ਪਾਖੰਡੀ ਦੱਸਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਸਿਰਸੇ ਨੂੰ ਬੰਦੀ ਸਿੰਘਾਂ ਬਾਰੇ ਗਲਤ ਬਿਆਨਬਾਜੀ ਕਰਨ ਅਤੇ ਬਾਪੂ ਸੂਰਤ ਸਿੰਘ ਪਾਖੰਡੀ ਦੱਸਣ ਦੇ ਦੋਸ਼ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਜਾਵੇ।
ਸਿਰਸਾ ਵੱਲੋ ਪੰਜਾਬ ਦੀਆ ਜੇਲਾਂ ਵਿੱਚ ਕਿਸੇ ਵੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਦੇ ਨਜ਼ਰਬੰਦ ਹੋਣ ਤੋਂ ਇਨਕਾਰ ਕਰਨ ‘ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਿਰਸੇ ਨੂੰ ਵਿਦੇਸ਼ ਵਿੱਚ ਜਾ ਕੇ ਝੂਠ ਬੋਲ ਕੇ ਉਥੋ ਦੇ ਸਿੱਖਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਨਹੀ ਕਰਨੀ ਚਾਹੀਦੀ ਕਿਉਕਿ ਪੰਜਾਬ ਵਿੱਚ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਗਿਣਤੀ ਕਰੀਬ ਛੇ ਦਰਜਨ ਤੋ ਵਧੇਰੇ ਹੈ ਤੇ ਇਹ ਸੂਚੀ ਪੰਜਾਬ ਦੀ ਬਾਦਲ ਸਰਕਾਰ ਦੇ ਮੇਜ਼ ‘ਤੇ ਅੱਜ ਵੀ ਪਈ ਹੈ।
ਉਹਨਾਂ ਕਿਹਾ ਕਿ ਬਾਪੂ ਸੂਰਤ ਸਿੰਘ ਬਾਰੇ ਸਿਰਸਾ ਨੇ ਕਿਹਾ ਕਿ ਇੰਨਾ ਲੰਮਾ ਕੋਈ ਭੁੱਖਾ ਨਹੀ ਰਹਿ ਸਕਦਾ ਪਰ ਉਹ ਸਿਰਸਾ ਨੂੰ ਪੁੱਛਣਾ ਚਾਹੁੰਦੇ ਹਨ ਕਿ ਮਨੀਪੁਰ ਦੀ ਇੱਕ ਬੀਬੀ ਇਰੋਮਾ ਸ਼ਰਮੀਲਾ ਜੋ ਪਿਛਲੇ 14 ਸਾਲਾ ਤੋ ਬਿਨਾਂ ਕੁਝ ਖਾਧੇ ਜਿੰਦਾ ਹੈ ਤੇ ਉਹ ਮਨੀਪੁਰ ਵਿੱਚੋ ਮਨੁੱਖਤਾ ਵਿਰੋਧੀ ਕਨੂੰਨ ਨੂੰ ਹਟਾਉਣ ਦੀ ਮੰਗ ਕਰ ਰਹੀ ਹੈ ਤੇ ਅੱਜ ਉਸ ਦੀ ਇਹ ਹਾਲਤ ਹੋ ਗਈ ਕਿ ਉਸਦੀਆ ਮੂੰਹ ਦੀ ਗ੍ਰੰਥੀਆ ਵੀ ਕੰਮ ਛੱਡ ਗਈਆ ਤੇ ਸਰਕਾਰ ਨੇ ਉਸ ਵੱਲੋ ਉਸ ਨੂੰ ਜਿੰਦਾ ਰੱਖਣ ਲਈ ਤਰਲ ਪਦਾਰਥ ਨੱਕ ਰਾਹੀ ਦਿੱਤੇ ਜਾ ਰਹੇ ਹਨ ਜਦ ਕਿ ਬਾਪੂ ਸੂਰਤ ਸਿੰਘ ਨਿੰਬੂ ਪਾਣੀ ਤੇ ਜੀਵਤ ਹਨ ਅਤੇ ਉਹਨਾਂ ਹਾਲਤ ਇਸ ਕਦਰ ਨਾਜ਼ੁਕ ਹੁੰਦੀ ਜਾ ਰਹੀ ਹੈ ਕਿ ਉਹ ਕਿਸੇ ਵੇਲੇ ਸ਼ਹੀਦੀ ਪਾ ਸਕਦੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਕਿ ਅਮਰੀਕਾ ਦੀ ਅਦਾਲਤ ਵੱਲੋ ਮਨਜੀਤ ਸਿੰਘ ਜੀ.ਕੇ.ਤੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਵਾਰੰਟ ਜਾਰੀ ਹੋਣ ਨਾਲ ਉਹ ਵਾਪਸ ਦੇ ਆ ਸਕਣਗੇ ਤਾਂ ਉਹਨਾਂ ਕਿਹਾ ਕਿ ਇਸ ਦੇ ਦੋ ਹੀ ਰਸਤੇ ਜਾਂ ਤਾਂ ਇਹ ਉਥੇ ਰਹਿ ਕੇ ਆਪਣਾ ਕੇਸ ਲੜਣ ਜਾਂ ਫਿਰ ਉਥੋ ਡੀਪੋਰਟ ਹੋ ਕੇ ਵਾਪਸ ਆ ਜਾਣ।
ਉਧਰ ਅਮਰੀਕਾ ਦੀ ਫੈਡਰਲ ਅਦਾਲਤ ਵੱਲੋਂ ਮਨਜੀਤ ਸਿੰਘ ਜੀਕੇ ਖਿਲਾਫ ਜਾਰੀ ਹੋਏ ਸੰਮਨ ‘ਤੇ ਆਪਣੇ ਪ੍ਰਤੀ ਕਰਮ ਦਿੰਦਿਆਂ ਜੀਕੇ ਨੇ ਕਿਹਾ ਕਿ ਉਸਤੇ ਦਰਜ਼ ਸ਼ਿਕਾਇਤ ਪਿੱਛੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਕੰਮ ਕਰ ਰਹੀ ਹੈ।ਪਾਕਿਸਤਾਨ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਕੀਤੀ ਜਾ ਰਹੀ ਦਖਲਅੰਦਾਜੀ ਦੇ ਖਿਲਾਫ ਆਵਾਜ਼ ਚੁੱਕਣ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।