
ਅੰਮ੍ਰਿਤਸਰ (15 ਮਈ, 2015): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅੱਜ ਇਥੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੇ ਮੈਂਬਰਾਂ ਦੇ ਪਰਿਵਾਰਾਂ ਵਿੱਚ ਪਤਿਤਪੁਣਾ ਵੱਧ ਰਿਹਾ ਹੈ, ਜਿਸ ਨੂੰ ਰੋਕਣ ਲਈ ਯੋਗ ਉਪਰਾਲੇ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦਾ ਮੁੱਖ ਕਾਰਜ ਜਿਥੇ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ, ਓਥੇ ਇਸ ਦੇ ਆਪਣੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਬੱਜਰ ਕੁਰਹਿਤਾਂ ਜਾਂ ਪਤਿਤਪੁਣੇ ‘ਚ ਫਸੇ ਹੋਏ ਹਨ, ਜਿਸ ਦਾ ਕਾਰਨ ਸ਼ੋ੍ਰਮਣੀ ਕਮੇਟੀ ਦੇ ਪ੍ਰਬੰਧਕਾਂ ਦੀ ਢਿੱਲ ਕਿਹਾ ਜਾ ਸਕਦਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਅੱਜ ਉਪਰੋਕਤ ਪ੍ਰਗਟਾਵੇ ਨਾਲ ਪਿਛੋਕੜ ਦੱਸਦਿਆਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਤੱਤਕਾਲੀ ਪ੍ਰਧਾਨ ਸੰਤ ਚੰਨਣ ਸਿੰਘ ਦੇ ਨਿਰਦੇਸ਼ਾਂ ‘ਤੇ ਮੁਲਾਜ਼ਮਾਂ ਦੀ ਪੁੱਛ ਪੜਤਾਲ ਜਾਰੀ ਰਹਿੰਦੀ ਸੀ ਅਤੇ ਦੋਸ਼ੀਆਂ ਨੂੰ ਤਾੜਨਾ ਤੇ ਸਜਾਵਾਂ ਦਿੱਤੀਆਂ ਜਾਂਦੀਆਂ ਸਨ, ਜੋ ਹੁਣ ਦੇ ਪ੍ਰਬੰਧਾਂ ‘ਚੋਂ ਖਤਮ ਹਨ।
ਉਨ੍ਹਾਂ ਆਖਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮੁਲਾਕਾਤ ਕਰ ਕੇ ੳੁਹ ਕਰਮਚਾਰੀਆਂ ਦੀ ਸਕਰੀਨਿੰਗ ਲਈ ਆਖਣਗੇ।
ਇਸ ਦੌਰਾਨ ਯੂ.ਕੇ. ਤੋਂ ਆਏ ਸਿੱਖ ਆਗੂਆਂ ਨੇ ਨੇਪਾਲ ਦੇ ਭੂਚਾਲ ਪੀੜਤਾਂ ਲਈ ਮਦਦ ਵਜੋਂ ਤਿੰਨ ਹਜ਼ਾਰ ਪੌਂਡ ਦਾ ਚੈੱਕ ਜਥੇਦਾਰ ਨੂੰ ਸੌਂਪਿਆ, ਜਿਸ ਨੂੰ ਸ਼੍ਰੋਮਣੀ ਕਮੇਟੀ ਰਾਹੀਂ ਭੂਚਾਲ ਪੀੜਤਾਂ ਤੱਕ ਪਹੁੰਚਾਇਆ ਜਾਵੇਗਾ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਬਰਤਾਨੀਆ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ, ਬੈਡ ਫੋਰਡ ਤੋਂ ਆਏ ਰਣਬੀਰ ਸਿੰਘ ਨੇ ਨੇਪਾਲ ਦੇ ਭੂਚਾਲ ਪੀੜਤਾਂ ਦੀ ਸਹਾਇਤਾ ਲਈ ਤਿੰਨ ਹਜ਼ਾਰ ਪੌਂਡ ਦਾ ਚੈੱਕ ਦਿੱਤਾ। ਇਸੇ ਤਰ੍ਹਾਂ ਉਤਰਾਖੰਡ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਜਸਵੰਤ ਸਿੰਘ ਪੂਨੀਆ ਵੱਲੋਂ ਸਹਾਇਤਾ ਵਜੋਂ 11 ਹਜ਼ਾਰ ਰੁਪਏ ਨਕਦ ਭੇਟ ਕੀਤੇ ਗਏ।
ਉਨ੍ਹਾਂ ਆਖਿਆ ਕਿ ਕੁਦਰਤੀ ਆਫ਼ਤ ਸਮੇਂ ਪੀੜਤਾਂ ਦੀ ਮਦਦ ਕਰਨਾ ਹਰ ਇੱਕ ਸਿੱਖ ਦਾ ਫਰਜ਼ ਹੈ।