ਅੰਮ੍ਰਿਤਸਰ( 24 ਮਈ, 2015): ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਕੀਤੇ ਹਮਲੇ ਦੀ ਸਾਲਾਨਾ 31ਵੀਂ ਵਰੇਗੰਡ ਮੌਕੇ ਘੱਲੂਘਾਰਾ ਹਫਤਾ ਮਨਾਉਣ ਲਈ ਪ੍ਰੋਗਰਾਮ ਉਲੀਕਣ ਸਬੰਧੀ “ਦਲ ਖਾਲਸਾ” ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਮੀਡੀਆ ਨਾਲ ਗਲਬਾਤ ਕਰਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜੂਨ ੧੯੮੪ ਦੇ ਸਾਕੇ ਮੌਕੇ ਹਜ਼ਾਰਾਂ ਨਿਰਦੋਸ਼ਾਂ ਅਤੇ ਸਿੱਖ ਜੁਝਾਰੂਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦਲ ਖਾਲਸਾ ਵਲੋਂ ੫ ਜੂਨ ਨੂੰ ਅੰਮ੍ਰਿਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕੀਤਾ ਜਾਵੇਗਾ ਅਤੇ ੬ ਜੂਨ ਨੂੰ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਸਿੱਖ ਧਰਮ ਉਤੇ ਹੋਏ ਭਾਰਤੀ ਫੌਜੀ ਹਮਲੇ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਅਣਖੀਲੀਆਂ ਕੌਮਾਂ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਵਿਸਾਰਦੀਆਂ ਅਤੇ ਹਰ ਸੰਭਵ ਯਤਨ ਕਰਕੇ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਅਗਲੀ ਪੀੜੀ ਲਈ ਸਾਂਭ ਕੇ ਰੱਖਦੀਆਂ ਹਨ।

ਹਜ਼ਾਰਾਂ ਨਿਰਦੋਸ਼ ਯਾਤਰੂਆਂ, ਸ਼੍ਰੋਮਣੀ ਕਮੇਟੀ ਮੁਲਾਜ਼ਮ ਅਤੇ ਧਰਮ ਯੁੱਧ ਮੋਰਚੇ ਵਿੱਚ ਹਿੱਸਾ ਲੈਣ ਆਏ ਮਰਜੀਵੜਿਆਂ ਦੇ ਕਤਲੇਆਮ ਲਈ ਅੰਤਰਰਾਸ਼ਟਰੀ ਪੱਧਰ ਉਤੇ ਯੂ.ਐਬ.ਓ ਦੀ ਦੇਖਰੇਖ ਹੇਠ ਨਿਰਪੱਖ ਜਾਂਚ ਦੀ ਆਪਣੀ ਮੰਗ ਨੂੰ ਮੁੜ ਦੁਹਰਾਉਦਿਆਂ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ੩੧ ਸਾਲ ਬਾਅਦ ਵੀ ਸਾਕਾ ਜੂਨ ੮੪ ਦੇ ਜ਼ਖਮ ਹਰੇ ਹਨ ਅਤੇ ਪੀੜ ਸੱਜਰੀ ਹੈ।
੬ ਜੂਨ ਨੂੰ ਅੰਮ੍ਰਿਤਸਰ ਮੁਕੰਮਲ ਬੰਦ ਦਾ ਸੱਦਾ ਦੇਂਦਿੰਆਂ ਉਹਨਾਂ ਕਿਹਾ ਕਿ ਇਹ ਸੱਦਾ ਦਰਬਾਰ ਸਾਹਿਬ ਦੀ ਕੀਤੀ ਬੇਹੁਰਮਤੀ, ਅਕਾਲ ਤਖਤ ਸਾਹਿਬ ਦੀ ਤਬਾਹੀ, ਸਿੱਖ ਰੈਫਰੈਂਸ ਲਾਇਬਰੇਰੀ ਤੋਂ ਲੁਟੇ ਵੱਡਮੁੱਲੇ ਖਜ਼ਾਨੇ ਦੇ ਰੋਸ ਅਤੇ ਰੋਹ ਵਜੋਂ ਦਿਤਾ ਗਿਆ ਹੈ। ਉਹਨਾਂ ਸ਼ਹਿਰ ਦੇ ਹਿੰਦੂ, ਮੁਸਲਿਮ, ਈਸਾਈ ਅਤੇ ਸਿੱਖ ਭਾਈਚਾਰੇ ਨੂੰ ਆਪਣੇ ਕਾਰੋਬਾਰ ੬ ਨੂੰ ਮੁਕੰਮਲ ਬੰਦ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਬੰਦ ਦੌਰਾਨ ਅਮਨ-ਸ਼ਾਂਤੀ ਅਤੇ ਅਨੁਸ਼ਾਸਨ ਕਾਇਮ ਰੱਖਿਆ ਜਾਵੇਗਾ।
ਉਹਨਾਂ ਕਿਹਾ ਕਿ ਘੱਲੂਘਾਰਾ ਮਾਰਚ ੫ ਦੀ ਸ਼ਾਮ ਨੂੰ ਪਾਰਟੀ ਦੇ ਯੂਥ ਵਿੰਗ ‘ਸਿੱਖ ਯੂਥ ਆਫ ਪੰਜਾਬ” ਵਲੋਂ ਕੀਤਾ ਜਾਵੇਗਾ ਜਿਸ ਵਿੱਚ ਸੈਂਕੜੇ ਨੌਜਵਾਨ ਸ਼ਹੀਦਾਂ ਦੀਆਂ ਤਸਵੀਰਾਂ, ਬੈਨਰ ਅਤੇ ਕੇਸਰੀ ਝੰਡੇ ਲੈ ਕੇ ਹਿੱਸਾ ਲੈਣਗੇ ਅਤੇ ਇਹ ਮਾਰਚ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਕਾਲੋਨੀਆਂ ਵਿਚੋਂ ਦੀ ਲੰਘਦਾ ਹੋਇਆ ਅਕਾਲ ਤਖਤ ਸਾਹਿਬ ਵਿਖੇ ਸਮਾਪਤ ਹੋਵੇਗਾ। ਉਹਨਾਂ ਦਸਿਆ ਕਿ ਮਾਰਚ ਦੀ ਆਰੰਭਤਾ ਪਾਰਟੀ ਦਫਤਰ ਤੋਂ ਹੋਵੇਗੀ ਅਤੇ ਇਸ ਵਿੱਚ ਸ਼ਮੂਲੀਅਤ ਲਈ ਹਮ-ਖਿਆਲੀ ਜਥੇਬੰਦੀਆਂ ਨੂੰ ਸੱਦਾ ਭੇਜਿਆ ਜਾਵੇਗਾ।
ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਕਿ ਉਹ ਮੋਦੀ ਸਰਕਾਰ ਕੋਲ ਲਾਇਬਰੇਰੀ ਵਿੱਚੋਂ ਲੁਟਿਆ ਬੇਸ਼ਕੀਮਤੀ ਖਜ਼ਾਨਾ ਵਾਪਿਸ ਲੈਣ ਲਈ ਚਾਰਾਜੋਰੀ ਕਰਨਗੇ ਉਤੇ ਸਖਤ ਟਿਪਣੀ ਕਰਦਿਆ ਕੰਵਰਪਾਲ ਸਿੰਘ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਐਨ.ਡੀ.ਏ ਸਰਕਾਰ ਵਿੱਚ ਅਕਾਲੀ ਦਲ ੫ ਸਾਲ ਭਾਈਵਾਲ ਰਿਹਾ ਹੈ, ਹੁਣ ਵੀ ਇੱਕ ਸਾਲ ਤੋਂ ਮੌਜੂਦਾ ਰਾਜ ਪ੍ਰਬੰਧ ਵਿੱਚ ਹਿੱਸੇਦਾਰ ਹੈ, ਪਰ ਗਲੀਬਾਤੀ ਜਮਾ-ਖਰਚ ਕਰਨ ਤੋਂ ਇਲਾਵਾ ਅਕਾਲੀ ਦਲ ਬਾਦਲ ਨੇ ਸਿੱਖਾਂ ਨੂੰ ਹਰ ਫਰੰਟ ਉਤੇ ਗੁੰਮਰਾਹ ਹੀ ਕੀਤਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਬਾਦਲ ਸਾਹਿਬ ਨੇ ਸਗੋਂ ਦਿੱਲੀ ਤੋਂ ਆਏ ਹਰ ਹੁਕਮ ਨੂੰ ਮੰਨਿਆ ਹੈ ਬਿਨਾਂ ਪ੍ਰਵਾਹ ਕੀਤਿਆਂ ਕਿ ਇਸ ਦਾ ਸਿੱਖਾਂ ਜਾਂ ਪੰਜਾਬੀਆਂ ਉਤੇ ਕੀ ਮਾਰੂ ਪ੍ਰਭਾਵ ਪਵੇਗਾ। ਉਹਨਾਂ ਕਿਹਾ ਕਿ ਭਾਜਪਾ/ਆਰ ਐਸ ਐਸ ਦੇ ਚਹੇਤੇ ਪ੍ਰਕਾਸ਼ ਸਿੰਘ ਬਾਦਲ ਦੇ ਸਿਰ ‘ਤੇ ਪੰਜਾਬ ਨੂੰ ਹਿੰਦੁਤਵ ਤਾਕਤਾਂ ਦੇ ਹਵਾਲੇ ਕਰਨ ਦਾ ਪੂਰਾ ਸੇਹਰਾ ਸੱਜਦਾ ਹੈ ।
ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਡਾ ਮਨਜਿੰਦਰ ਸਿੰਘ ਜੰਡੀ, ਸਰਬਜੀਤ ਸਿੰਘ ਘੁਮਾਣ, ਰਣਬੀਰ ਸਿੰਘ, ਹਰਜਿੰਦਰ ਸਿੰਘ, ਨੋਬਲਜੀਤ ਸਿੰਘ, ਗੁਰਵਿੰਦਰ ਸਿੰਘ, ਸਿੱਖ ਯੂਥ ਦੇ ਪ੍ਰਧਾਨ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ ਮੰਡ, ਗਗਨਦੀਪ ਸਿੰਘ, ਮਨਜੀਤ ਸਿੰਘ, ਸਤਬੀਰ ਸਿੰਘ, ਹਰਜੋਤ ਸਿੰਘ ਆਦਿ ਸ਼ਾਮਿਲ ਹੋਏ।