ਨਵੀਂ ਦਿੱਲੀ (21 ਸਤੰਬਰ, 2014): ਭਾਜਪਾ ਅਤੇ ਸ਼ਿਵ ਸੈਨਾ ਦਾ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਢ ਦਾ ਰੇੜਕਾ ਖਤਮ ਹੋਣ ਵਿੱਚ ਨਹੀਂ ਆ ਰਿਹਾ। ਦੋਵੇਂ ਪਾਰਟੀਆਂ ਆਪੋ-ਆਪਣੇ ਫੈਸਲ ‘ਤੇ ਅੜੀਆਂ ਹੋਈਆਂ ਹਨ। ਪਿਛਲੇ ਦੋ- ਤਿੰਨ ਦਿਨਾਂ ਤੋਂ ਦੋਵਾਂ ਪਾਰਟੀਆਂ ਦੇ ਸਿਖਰਲੇ ਨੇਤਾਵਾਂ ਦੀਆਂ ਕਈ ਮੀਟਿੰਗਾਂ ਤੋਂ ਬਾਅਦ ਵੀ ਗੱਲ ਸਿਰੇ ਨਹੀਂ ਲੱਗੀ।
ਅੱਜ ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨੇ ਆਪਣੀ ਸਹਿਯੋਗੀ ਭਾਜਪਾ ਨੂੰ ਸੀਟਾਂ ਦੀ ਵੰਡ ਲਈ ਆਖ਼ਰੀ ਪ੍ਰਸਤਾਵ ਦਿੱਤਾ ਜਿਸ ਦੇ ਤਹਿਤ ਸ਼ਿਵ ਸੈਨਾ ਨੂੰ 151 ਸੀਟਾਂ, ਭਾਜਪਾ ਨੂੰ 119 ਸੀਟਾਂ ਜਾਂਦੀਆਂ ਹਨ ਅਤੇ ਹੋਰ ਸਹਿਯੋਗੀ ਦਲਾਂ ਨੂੰ 18 ਸੀਟਾਂ।
ਉਧਵ ਠਾਕਰੇ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਯਾਦ ਦਿਵਾਇਆ ਕਿ ਮਰਹੂਮ ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਗੁਜਰਾਤ ਦੰਗਿਆਂ ਤੋਂ ਬਾਅਦ ਉਨ੍ਹਾਂ ਦਾ ਸਮਰਥਨ ਕੀਤਾ ਸੀ। ਸ਼ਿਵ ਸੈਨਾ ਦੀ ਇਸ ਤਜਵੀਜ਼ ‘ਤੇ ਭਾਜਪਾ ਨੇ ਕਿਹਾ ਹੈ ਕਿ ਇਸ ‘ਚ ਕੁਝ ਨਵਾਂ ਨਹੀਂ ਹੈ ਅਤੇ ਇਸ ਨੂੰ ਮੀਡੀਆ ਰਾਹੀਂ ਨਹੀਂ ਬਲਕਿ ਵਿਚਾਰ ਵਟਾਂਦਰੇ ਨਾਲ ਸੁਲਝਾਉਣ ਨੂੰ ਕਿਹਾ।