ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅੱਜ ਆਪਣੇ ਪਿੰਡ ਬਾਦਲ ਵਿਖੇ ਹੀ ਇਕ ਬੇਰੋਜ਼ਗਾਰ ਨੌਜਵਾਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦਿਨੇਸ਼ ਕੁਮਾਰ, ਜੋ ਕਿ ਕਾਮਰਸ ਤੋਂ ਗ੍ਰੈਜੂਏਟ ਹੈ, ਨੇ ਬਾਦਲ ਨੂੰ ਇਕ ਵਾਰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਜੋ ਉਹ ਬਾਦਲ ਨੂੰ ਆਪਣੀ ਨੌਕਰੀ ਲਈ ਅਰਜ਼ੀ ਦੇ ਸਕੇ।
ਮੀਡੀਆ ਦੀ ਰਿਪੋਰਟ ਮੁਤਾਬਕ, ਜਦੋਂ ਬਾਦਲ ਦੀ ਸੁਰੱਖਿਆ ‘ਚ ਲੱਗੇ ਬੰਦਿਆਂ ਨੇ ਦਿਨੇਸ਼ ਨੂੰ ਮਿਲਣ ਨਾ ਦਿੱਤਾ ਤਾਂ ਉਸਨੇ ਆਪਣੀ ਨੌਕਰੀ ਵਾਲੀ ਅਰਜ਼ੀ ਅਤੇ ਹੋਰ ਕਾਗਜ਼ਾਤ ਮੁੱਖ ਮੰਤਰੀ ਦੀ ਕਾਰ ‘ਤੇ ਵਗਾਹ ਮਾਰੇ। ਦਿਨੇਸ਼ ਕੁਮਾਰ ਕਿੱਲਿਆਂਵਾਲੀ ਪਿੰਡ ਦਾ ਰਹਿਣ ਵਾਲਾ ਹੈ। ਇਹ ਘਟਨਾ ਸਵੇਰੇ 9 ਵਜੇ ਦੀ ਹੈ ਜਦੋਂ ਬਾਦਲ ‘ਸੰਗਤ ਦਰਸ਼ਨ’ ਲਈ ਘਰ ਤੋਂ ਨਿਕਲਣ ਵਾਲਾ ਸੀ।