ਫ਼ਤਹਿਗੜ੍ਹ ਸਾਹਿਬ: ਪੰਜਾਬ ਦੀ ਅਕਾਲੀ-ਭਾਜਪਾ ਹਕੂਮਤ ਜੋ ਆਪਣੇ ਆਪ ਨੂੰ ਪੰਥਕ ਅਤੇ ਧਰਮੀ ਕਹਾਉਂਦੀ ਹੈ, ਉਸ ਵਲੋਂ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ (ਦਾਸ) ਨੂੰ ਘਰ ‘ਚ ਨਜ਼ਰਬੰਦ ਕਰਨ, ਜ਼ਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਬੀਤੀ ਰਾਤ ਗ੍ਰਿਫ਼ਤਾਰੀਆਂ ਕਰਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਹੁਕਮਰਾਨ ਬੇਸ਼ੱਕ ਉਪਰੋਂ ਧਰਮੀ ਬਣੇ ਫਿਰਦੇ ਹੋਣ ਪਰ ਇਹਨਾਂ ਦੇ ਅਮਲ ਗੈਰ-ਧਰਮੀ ਅਤੇ ਗੈਰ-ਇਨਸਾਨੀ ਹਨ। ਪੰਥਕ ਆਗੂਆਂ ਅਤੇ ਕਾਰਜਕਰਤਾਵਾਂ ਦੀਆਂ ਗ੍ਰਿਫ਼ਤਾਰੀਆਂ ਕਰਕੇ ਸਿੱਖ ਆਗੂਆਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਰੋਕਣਾ ਅਤਿ ਨਿੰਦਣਯੋਗ ਕਦਮ ਹੈ।

ਸਿਮਰਨਜੀਤ ਸਿੰਘ ਮਾਨ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪ੍ਰਧਾਨ ਅਵਤਾਰ ਸਿੰਘ ਖੱਖ ਦੇ ਘਰ ਪੁਲਿਸ ਨੇ ਜ਼ਬਰੀ ਦਾਖਲ ਹੋ ਕੇ ਰਾਤ ਨੂੰ 1 ਵਜੇ ਬਿਨਾਂ ਸਰਚ ਵਾਰੰਟਾਂ ਤੋਂ ਬੀਬੀਆਂ ਦੇ ਘਰ ਹੁੰਦੇ ਹੋਏ ਤਲਾਸ਼ੀ ਲਈ ਅਤੇ ਉਹਨਾਂ ਦੇ ਡੰਗਰਾਂ ਅਤੇ ਪਾਲਤੂ ਕੁੱਤਿਆਂ ਨੂੰ ਬੁਰੀ ਤਰ੍ਹਾਂ ਕੁਟਮਾਰ ਕਰਦੇ ਹੋਏ ਬਾਹਰੋਂ ਕੁੰਡੇ ਲਗਾਕੇ ਪੁਲਿਸ ਨੇ ਬਹੁਤ ਹੀ ਘਟੀਆ ਤਰੀਕੇ ਨਾਲ ਸਮੁੱਚੇ ਖੱਖ ਪਰਿਵਾਰ ਨੂੰ ਜ਼ਲੀਲ ਕੀਤਾ। ਜਿਸ ਸਬੰਧੀ ਪਾਰਟੀ ਸਬੰਧਤ ਪੁਲਿਸ ਕਪਤਾਨ ਨੂੰ ਇਸ ਸਬੰਧੀ ਨਿਰਪੱਖਤਾ ਨਾਲ ਜਾਂਚ ਕਰਵਾਉਣ ਅਤੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੀ ਹੈ।
ਜੇਕਰ ਪੁਲਿਸ ਅਧਿਕਾਰੀਆਂ ਨੇ ਜਾਂਚ ਨਾ ਕਰਵਾਈ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹਮਖਿਆਲ ਜਥੇਬੰਦੀਆਂ ਪੰਜਾਬ ਦੀ ਬਾਦਲ ਹਕੂਮਤ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵਿਰੁੱਧ ਅਗਲੇਰੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਜਿਸ ਦੇ ਨਤੀਜਿਆਂ ਲਈ ਬਾਦਲ ਹਕੂਮਤ ਤੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਹੋਣਗੇ। ਇਸੇ ਤਰ੍ਹਾਂ ਪ¤ਟੀ ਦੇ ਸਿਕੰਦਰ ਸਿੰਘ ਵਰਾਣਾ, ਅੰਮ੍ਰਿਤਸਰ ਦੇ ਪ੍ਰਧਾਨ ਅਮਰੀਕ ਸਿੰਘ ਨੰਗਲ, ਗੁਰਵਤਨ ਸਿੰਘ ਮੁਕੇਰੀਆਂ, ਗੁਰਬਿੰਦਰ ਸਿੰਘ ਜੌਲੀ ਗੁਰਦਾਸਪੁਰ, ਸਤਨਾਮ ਸਿੰਘ ਪਠਾਨਕੋਟ, ਹਰਬੰਸ ਸਿੰਘ ਪੈਲੀ ਨਵਾਂਸ਼ਹਿਰ, ਮਨਜੀਤ ਸਿੰਘ ਮੱਲ੍ਹਾ ਮੋਗਾ, ਹਰਪਾਲ ਸਿੰਘ ਕੁੱਸਾ ਮੋਗਾ, ਹਰਭਜਨ ਸਿੰਘ ਕਸ਼ਮੀਰੀ ਪਟਿਆਲਾ, ਮਨਜੀਤ ਸਿੰਘ ਰੇਰੂ ਜਲੰਧਰ, ਰਜਿੰਦਰ ਸਿੰਘ ਫ਼ੌਜੀ ਕਪੂਰਥਲਾ, ਸੂਬੇਦਾਰ ਮੇਜਰ ਸਿੰਘ ਜਲੰਧਰ, ਜਗਜੀਤ ਸਿੰਘ ਰਾਜਪੁਰਾ, ਰਜਿੰਦਰ ਸਿੰਘ ਜਵਾਹਰਕੇ ਮਾਨਸਾ, ਬਲਵਿੰਦਰ ਸਿੰਘ ਮੰਡੇਰ ਮਾਨਸਾ, ਪਰਮਿੰਦਰ ਸਿੰਘ ਬਾਲਿਆਂਵਾਲੀ ਬਠਿੰਡਾ ਆਦਿ ਆਗੂਆਂ ਨੂੰ ਜਿਥੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਥੇ ਸੈਕੜਿਆਂ ਦੀ ਗਿਣਤੀ ਵਿਚ ਆਗੂਆਂ ਤੇ ਕਾਰਜਕਰਤਾਵਾਂ ਦੇ ਘਰਾਂ ‘ਤੇ ਪੁਲਿਸ ਵਲੋਂ ਅੱਧੀ ਰਾਤ ਨੂੰ ਛਾਪੇ ਵੀ ਮਾਰੇ ਗਏ ਹਨ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Acting Jathedars and Simranjit Singh Mann House Arrested in Fatehgarh Sahib …
ਮਾਨ ਨੇ ਪੰਜਾਬੀਆਂ ਅਤੇ ਸਿਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਹਨਾਂ ਦੇ ਤਾਨਾਸ਼ਾਹੀ ਰਾਜ ਵਿਚ ਹਰ ਪੱਧਰ ‘ਤੇ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਲਈ ਆਉਂਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਇਟਿਡ ਅਕਾਲੀ ਦਲ ਅਤੇ ਹਮਖਿਆਲ ਜਥੇਬੰਦੀਆਂ ਨੂੰ ਜਿਤਾ ਕੇ ਹੱਕ ਸੱਚ ਦਾ ਰਾਜ ਸਥਾਪਤ ਕੀਤਾ ਜਾਵੇ।