ਆਨੰਦਪੁਰ ਸਾਹਿਬ (29 ਜੂਨ 2014): ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਦਿੱਲੀ ਦੀ ਤਿਹਾੜ ਜੇਲ੍ਹ ’ਚ ਨਜ਼ਰਬੰਦ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਲਈ ਆਪਣਾ ਜੀਵਨ ਕੁਰਬਾਨ ਕੀਤਾ ਹੈ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀ ਕਾਰਨ ਉਸ ਦੀ ਜਾਨ ਖ਼ਤਰੇ ’ਚ ਹੈ। ਉਨ੍ਹਾਂ ਕਿਹਾ ਕਿ ਜੇ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰ ਹਵਾਰੇ ਦੇ ਇਲਾਜ ਲਈ ਅਣਗਹਿਲੀ ਕਰ ਰਹੇ ਹਨ ਤਾਂ ਸਿੱਖਾਂ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਕਮੇਟੀ ਨੂੰ ਭਾਈ ਹਵਾਰੇ ਦਾ ਆਪਣੇ ਖਰਚੇ ’ਤੇ ਇਲਾਜ ਕਰਵਾਉਣ ਚਾਹੀਦਾ ਹੈ।ਸ਼੍ਰੋਮਣੀ ਕਮੇਟੀ ਨੂੰ ਅਜੋਕੇ ਸਮੇਂ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਅਤੇ ਜੇਲ੍ਹਾਂ ’ਚ ਨਜ਼ਰਬੰਦ ਸਿੱਖ ਨੌਜਵਾਨਾਂ ਦੇ ਮਨੁੱਖੀ ਹੱਕਾਂ ਦੀ ਰਖ਼ਵਾਲੀ ਲਈ ਵੀ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ’ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰੇ ਦੀ ਰੀੜ੍ਹ ਦੀ ਹੱਡੀ ਦੀ ਗੰਭੀਰ ਬਿਮਾਰੀ ਦੇ ਇਲਾਜ ਲਈ ਸ਼੍ਰੋਮਣੀ ਕਮੇਟੀ ਨੂੰ ਹਰ ਹੀਲਾ ਅਪਨਾਉਣਾ ਚਾਹੀਦਾ ਹੈ।ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦਾ ਇਹ ਫ਼ਰਜ਼ ਵੀ ਬਣਦਾ ਹੈ ਕਿ ਉਹ ਸਿੱਖ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਜੇਲ੍ਹਾਂ ’ਚ ਨਜ਼ਰਬੰਦ ਸਾਰੇ ਸਿੱਖ ਨੌਜਵਾਨਾਂ ਦੀ ਕਾਨੂੰਨੀ ਲੜਾਈ ਦੇ ਨਾਲ-ਨਾਲ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਵੀ ਯਕੀਨੀ ਬਣਾਵੇ।
ਬਾਬਾ ਦਾਦੂਵਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਸਨ। ਬਾਅਦ ਵਿਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਰਿਆਣਾ ’ਚ ਵੱਖਰੀ ਗੁਰਦੁਆਰਾ ਕਮੇਟੀ ਦੇ ਵਿਵਾਦ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਮੁੱਖ ਦੋਸ਼ੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਬਾਦਲ ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਸੀ ਸ਼ਕਤੀ ਵਧਾਉਣ ਲਈ ਇਕ ਹਥਿਆਰ ਵਜੋਂ ਵਰਤ ਰਿਹਾ ਹੈ, ਜਿਸ ਕਰਕੇ ਇਹ ਸੰਸਥਾ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਮੁੱਚੇ ਸਿੱਖਾਂ ਦੀ ਨੁਮਾਇੰਦਗੀ ਕਰਨ ’ਚ ਅਸਫ਼ਲ ਸਾਬਤ ਹੋ ਰਹੀ ਹੈ ਅਤੇ ਪੰਥ ’ਚ ਧੜ੍ਹੇਬੰਦੀਆਂ ਵਧੀਆਂ ਹਨ।