ਅੰਮ੍ਰਿਤਸਰ ਸਾਹਿਬ: ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਜੇਲ੍ਹ ਪ੍ਰਸ਼ਾਸ਼ਨ ਪੂਰਾ ਸਮਾਂ ਚੱਕੀ ਵਿੱਚ ਬੰਦ ਰੱਖਕੇ ਮਨਾਸਿਕ ਤੇ ਸਰੀਰਕ ਤੌਰ ਤੇ ਖਤਮ ਕਰਨ ਦੀ ਰਾਹ ਤੁਰ ਰਿਹਾ ਹੈ ।ਬੀਤੇ ਦਿਨ ਗੁਰੂ ਨਾਨਕ ਹਸਪਤਾਲ ਵਿੱਚ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਸਿਹਤ ਬਾਰੇ ਜਾਨਣ ਲਈ ਪੁਜੇ ਦਮਦਮੀ ਟਕਸਾਲ ਅਜਨਾਲਾ ਦੇ ਬਾਈ ਹਰੀ ਸਿੰਘ ਅਤੇ ਸੁਖਦੇਵ ਸਿੰਘ ਨਾਗੋਕੇ ਨੇ ਦੱਸਿਆ ਕਿ ਜਥੇਦਾਰ ਅਮਰੀਕ ਸਿੰਘ ਦੀ ਹਾਲਤ ਅਜੇ ਵੀ ਚਿੰਤਾਜਨਕ ਹੈ ।

ਉਨ੍ਹਾਂ ਦੱਸਿਆ ਕਿ ਜਥੇਦਾਰ ਅਜਨਾਲਾ ਪਹਿਲਾਂ ਵੀ ਛਾਤੀ ਦਰਦ ਰੋਗ ਤੋਂ ਪੀੜਤ ਹਨ ਲੇਕਿਨ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਥਾਪੇ ਜਾਣ ਨੂੰ ਲੈਕੇ ਪੰਜਾਬ ਦੀ ਅਕਾਲੀ ਸਰਕਾਰ ਬਦਲਾ ਲਉ ਭਾਵਨਾ ਤੇ ਉਤਰ ਆਈ ਹੈ ।ਉਨ੍ਹਾਂ ਦੱਸਿਆ ਕਿ ਭਾਈ ਅਮਰੀਕ ਸਿੰਘ ਅਜਨਾਲਾ ਭਾਵੇਂ ਅਦਾਲਤੀ ਹਿਰਾਸਤ ਤਹਿਤ ਕਪੂਰਥਲਾ ਜੇਲ੍ਹ ਵਿੱਚ ਨਜਰਬੰਦ ਹਨ ਲੇਕਿਨ ਉਨ੍ਹਾਂ ਨੂੰ ਦਿਨ ਭਰ ਚੱਕੀ ਵਿੱਚ ਨਿਰੰਤਰ ਬੰਦ ਰੱਖਿਆ ਜਾ ਰਿਹਾ ਹੈ ,ਕੋਈ ਢਿੱਲ ਨਹੀ ਦਿੱਤੀ ਜਾ ਰਹੀ ।
ਭਾਈ ਹਰੀ ਸਿੰਘ ਤੇ ਭਾਈ ਨਾਗੋਕੇ ਨੇ ਦੱਸਿਆ ਕਿ ਜਥੇਦਾਰ ਜੀ ਨੂੰ ਨਿਰੰਤਰ ਚੱਕੀ ਵਿੱਚ ਬੰਦ ਰੱਖੇ ਜਾਣ ਕਾਰਣ ਉਨ੍ਹਾਂ ਦੀ ਛਾਤੀ ਦੀ ਤਕਲੀਫ ਵੱਧ ਚੁਕੀ ਹੈ ਜਿਸ ਲਈ ਉਨ੍ਹਾਂ ਦਾ ਲਗਾਤਾਰ ਇਲਾਜ ਦੀ ਜਰੂਰਤ ਹੈ ।ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸ਼ਨ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਅਕਾਲੀ ਦਲ ਦੇ ਦਬਾਅ ਹੇਠ ਜਥੇਦਾਰ ਜੀ ਨਾਲ ਅਜੇਹਾ ਵਤੀਰਾ ਅਪਣਾ ਰਿਹਾ ਹੈ ।ਉਨ੍ਹਾਂ ਸ਼ੰਕਾ ਪ੍ਰਗਟਾਈ ਕਿ ਅਕਾਲੀ ਸਰਕਾਰ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੂੰ ਖਤਮ ਕਰਨਾ ਚਾਹੁੰਦੀ ਹੈ।