ਚੰਡੀਗੜ੍ਹ (17 ਜਨਵਰੀ, 2016): ਸੌਦਾ ਸਾਧ ਮਾਫੀਨਾਮੇ ਤੋਂ ਬਾਅਦ ਸਿੱਖ ਕੌਮ ਵਿੱਚ ਪ੍ਰਚੰਡ ਹੋਏ ਪੰਥਕ ਰੋਹ ਨੂੰ ਠੰਡਾ ਕਰਨ ਲਈ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਜੱਥੇਦਾਰਾਂ ਨੂੰ ਰੁਖਸਤ ਕਰਨ ਦਾ ਮਨ ਬਣਾ ਲਿਆ ਹੈ, ਪਰ ਜੱਥੇਦਾਰਾਂ ਦੇ ਅਹੁਦਿਆਂ ਲਈ ਪੰਥ ਪ੍ਰਵਾਨਿਤ ਸ਼ਖਸ਼ੀਅਤਾਂ ਜੋ ਸਾਫ ਅਕਸ਼ ਵਾਲੀਆਂ ਹੋਣ ਦੇ ਨਾਲ-ਨਾਲ ਬਾਦਲ ਦਲ ਦਾ ਵੀ ਦਮ ਭਰਨ ਵਾਲਿਆਂ ਦੇ ਨਾ-ਮਿਲਣ ਕਰਕੇ ਇਹ ਕਾਰਵਾਈ ਲਮਕਦੀ ਆ ਰਹੀ ਹੈ।

ਪੰਜਾਬੀ ਅਖਬਾਰ ਅਜ਼ੀਤ ਦੀ ਖ਼ਬਰ ਅਨੁਸਾਰ ਨਾਂਅ ਨਾਂਹ ਛਾਪਣ ਦੀ ਸ਼ਰਤ ‘ਤੇ ਬਾਦਲ ਦਲ ਦੇ ਇੱਕ ਮੁਖੀ ਆਗੂ ਨੇ ਕਿਹਾ ਕਿ ਪਿਛਲੇ ਦਿਨੀਂ ਪਾਰਟੀ ਹਾਈਕਮਾਨ ਨੇ ਅਜੋਕੇ ਸਿੱਖ ਸੰਕਟ ਦੇ ਹੱਲ ਲਈ ਕੋਰ ਕਮੇਟੀ ਮੈਂਬਰਾਂ ਨੂੰ ਅਗਲੀ ਬੈਠਕ ‘ਚ ਸੁਝਾਅ ਪੇਸ਼ ਕਰਨ ਲਈ ਵੀ ਕਿਹਾ ਸੀ । ਉਨ੍ਹਾਂ ਕਿਹਾ ਕਿ ਪਾਰਟੀ ਜਿਸ ਪੰਥਕ ਕੇਡਰ ਨੂੰ ਆਪਣਾ ‘ਕੱਟੜ ਵੋਟ ਬੈਂਕ’ ਮੰਨਦੀ ਸੀ, ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਪਿਛਲੇ ਘਟਨਾਕ੍ਰਮਾਂ ਕਾਰਨ ਉਹ ਵੋਟਰ ਨਾਰਾਜ਼ ਹੋਇਆ ਹੈ ।
ਉਕਤ ਆਗੂ ਨੇ ਕਿਹਾ ਕਿ ਭਾਵੇਂ ਪਿਛਲੇ ਦਿਨੀਂ ਹੋਈਆਂ ਸਦਭਾਵਨਾ ਰੈਲੀਆਂ ਨਾਲ ਜ਼ਮੀਨੀ ਪੱਧਰ ‘ਤੇ ਵਿਚਰਦੇ ਪਾਰਟੀ ਨੇਤਾਵਾਂ ਦੇ ਹੌਾਸਲੇ ਵਧੇ ਹਨ ਤੇ ਨਾਰਾਜ਼ ਪੰਥਕ ਵੋਟਰ ਵਾਪਿਸ ਪਾਰਟੀ ਦੇ ਕਲਾਵੇ ‘ਚ ਆਇਆ ਹੈ, ਪ੍ਰੰਤੂ ਜਦੋਂ ਅਸੀਂ ਜ਼ਮੀਨੀਂ ਪੱਧਰ ‘ਤੇ ਪਿੰਡਾਂ ‘ਚ ਜਾ ਕੇ ਵਿਚਰਦੇ ਹਾਂ ਤਾਂ ਅਜੇ ਵੀ ਪਾਰਟੀ ਦਾ ਆਧਾਰ ਮੰਨੇ ਜਾਂਦੇ ਪੰਥਕ ਕੇਡਰ ਦਾ ਵੱਡਾ ਹਿੱਸਾ ਸਾਡੇ ਤੋਂ ਨਾਰਾਜ਼ ਹੈ । ਉਨ੍ਹਾਂ ਕਿਹਾ ਕਿ ਕਿਹਾ ਕਿ ਜੇ ਢੁਕਵੇਂ ਕਦਮ ਸਮੇਂ ਸਿਰ ਚੁੱਕੇ ਜਾਂਦੇ ਤਾਂ ਸ਼ਾਇਦ ਸਰਬੱਤ ਖਾਲਸਾ ਇਕੱਤਰਤਾ ਨਾ ਹੁੰਦੀ ।
ਚੇਤੇ ਰਹੇ ਕਿ ਪਿਛਲੇ ਦਿਨੀਂ ਹੋਈ ਕੋਰ ਕਮੇਟੀ ਦੀ ਬੈਠਕ ‘ਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਸ਼ਕਤੀ ਹੈ, ਪ੍ਰੰਤੂ ਹਾਲੀਆ ਵਿਵਾਦਾਂ ਕਾਰਨ ਪਾਰਟੀ ਦੇ ਇਸ ਆਧਾਰ ਨੂੰ ਢਾਅ ਲੱਗੀ ਹੈ ।
ਬੈਠਕ ‘ਚ ਕੋਰ ਕਮੇਟੀ ਮੈਂਬਰਾਂ ਨੂੰ ਕਿਹਾ ਗਿਆ ਸੀ ਕਿ ਉਹ ਅਗਲੀ ਬੈਠਕ ‘ਚ ਸੁਝਾਅ ਪੇਸ਼ ਕਰਨ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਲੈ ਕੇ ਉੱਠੇ ਵਿਵਾਦ, ਸਰਬੱਤ ਖਾਲਸਾ, ਬੇਅਦਬੀ ਮਾਮਲਿਆਂ ਕਾਰਨ ਪਾਰਟੀ ਦੇ ਪੰਥਕ ਏਜੰਡੇ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਿਵੇਂ ਹੋ ਸਕਦੀ ਹੈ ਤੇ ਸ਼੍ਰੋਮਣੀ ਕਮੇਟੀ ‘ਚ ਸੁਧਾਰਾਂ ਲਈ ਕੀ ਕੀਤਾ ਜਾ ਸਕਦਾ ਹੈ ।
ਹਾਲਾਂਕਿ ਇਸ ਬਾਰੇ ਜਦੋਂ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਸ਼੍ਰੋਮਣੀ ਕਮੇਟੀ ਕਰਦੀ ਹੈ, ਇਸ ‘ਚ ਪਾਰਟੀ ਦਾ ਕੋਈ ਦਖਲ ਨਹੀਂ । ਡਾ. ਚੀਮਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਅਜੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ।