ਜਲੰਧਰ ( 22 ਨਵੰਬਰ, 2014): ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਹੋਣ ਅਤੇ ਬਾਅਦ ਵਿੱਚ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਮਿਲੀ ਬੇਮਿਸਾਲ ਸਫਲਤਾ ਤੋਂ ਉਤਸ਼ਾਹਤ ਭਾਜਪਾ ਹੁਣ ਹਰ ਸੂਬੇ ਵਿੱਚ ਆਪਣੇ ਦਮ ‘ਤੇ ਸਰਕਾਰ ਬਣਾਉਣ ਦੀ ਗ਼ੋਜਨਾ ‘ਤੇ ਬੜੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।ਭਾਂਵੇ ਕਸ਼ਮੀਰ ਹੋਵੇ ਜਾਂ ਪੰਜਾਬ ਜਿੰਨਾਂ ਮੁੱਦਿਆਂ ‘ਤੇ ਭਾਜਪਾਨ ਅੱਜ ਤੱਕ ਕਰੜਾ ਵਿਰੋਧ ਕਰਦੀ ਆਈ ਹੈ, ਅੱਜ ਉਨ੍ਹਾਂ ‘ਤੇ ਹੀ ਉਸਨੇ ਨਰਮ ਰੁੱਖ ਹੀ ਅਖਤਿਆਰ ਹੀ ਨਹੀਂ ਕੀਤਾ ਸਗੋਂ ਕਈ ਮੁੱਦਿਆਂ ਨੂੰ ਉਸਨੇ ਆਪਣੇ ਹੱਥਾਂ ਵਿੱਚ ਵੀ ਲਿਆ ਹੈ।

ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਬਾਜਪਾ ਨੇ ਜਿੱਥੇ ਧਾਰਾ 370 ਨੂੰ ਇੱਕ ਵਾਰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ, ਉੱਥੇ ਪਾਰਟੀ ਦੀਆਂ 40 ਫੀਸਦੀ ਟਿਕਟਾਂ ਮੁਸਲਿਮ ਉਮੀਦਵਾਰ ਨੂੰ ਦਿੱਤੀਆਂ ਹਨ ਤਾਂ ਕਿ ਸੂਬੇ ਵਿੱਚ ਭਾਜਪਾ ਦੀ ਸਰਕਾਰ ਯਕੀਨੀ ਬਣਾਈ ਜਾ ਸਕੇ।
ਪੰਜਾਬ ਵਿੱਚ ਬਾਜਪਾ ਅਤੇ ਇਸਦੇ ਸਭ ਤੋਂ ਪੁਰਾਣੇ ਸਹਿਯੋਗੀ ਬਾਦਲ ਦਲ ਵਿੱਚ ਇਸ ਸਮੇਂ ਕਾਫੀ ਖਿਚੋਤਾਣ ਚੱਲ ਰਹੀ ਹੈ ਅਤੇ ਬਾਜਪਾ ਬਾਦਲ ਦਲ ਨਾਲੋਂ ਤੋੜ ਵਿਛੋੜਾ ਕਰਕੇ ਆਪਣੇ ਦਮ ‘ਤੇ ਪੰਜਾਤ ਵਿੱਚ ਇੱਕਲਿਆਂ ਚੋਣਾਂ ਲੜਨਾਂ ਚਾਹੁੰਦੀ ਹੈ। ਇਸ ਲਈ ਇਸਨੇ ਇੱਕ-ਇੱਕ ਕਰਕੇ ਬਾਦਲ ਦਲ ਕੋਲੋ ਸਿੱਖ ਮੁੱਦਿਆਂ ਨੂੰ ਖੋਹਣਾਂ ਸ਼ੁਰੂ ਕਰਦਿੱਤਾ ਹੈ।
ਪਹਿਲਾਂ ਵਿਦੇਸ਼ੀ ਬੈਠੇ ਸਿੱਖਾਂ ਦੀ ਕਾਲੀ ਸੂਚੀ ਦਾ ਮੁੱਦਾ ਪੰਜਾਬ ਭਾਜਪਾ ਨੇ ਕੇਂਦਰੀ ਕਮਾਂਡ ਕੋਲ ਉਠਾਇਆ ਸੀ ਤੇ ਹੁਣ ਸਜ਼ਾ ਪੁਰੀ ਕਰ ਚੁੱਕੇ, ਪਰ ਅਜੇ ਵੀ ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਬੰਦ ਸਿੱਖ ਸਿਆਸੀ ਨਜ਼ਰਬੰਦਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੇ ਮੋਰਚੇ ਦੀ ਹਮਾਇਤ ਕੀਤੀ ਹੈ।
ਅੰਬਾਲਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਨਾਲ ਪੰਜਾਬ ਬਾਜਪਾ ਦੇ ਬੁਲਾਰੇ ਆਰ. ਪੀ .ਐੱਸ ਮੈਨੀ ਵੱਲੋਂ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਬਾਜਪਾ ਭੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਭਾਜਪਾ ਦੀ ਕੇਂਦਰੀ ਕਮਾਂਡ ਕੋਲ ਉਠਾਉਣ ਦੀ ਵਿਚਾਰ ਕੀਤੀ ਜਾ ਰਹੀ ਹੈ।
ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਵੀ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨਾਲ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ‘ਤੇ ਟੈਲੀਫੋਨ ਰਾਂਹੀ ਗੱਲਬਾਤ ਕੀਤੀ ਹੈ।