ਸਰਕਾਰ ਵਿਰੁੱਧ ਲਹਿਰ ਤੋਂ ਚਿੰਤਤ ਸੱਤਾਧਾਰੀਆਂ ਨੂੰ ‘ਆਪ’ ਦੀ ਕਾਰਗੁਜ਼ਾਰੀ ‘ਤੇ ਟੇਕ
ਅੰਮ੍ਰਿਤਸਰ.(7 ਮਈ 2014):- ਭਾਰਤ ‘ਚ 16ਵੀਂ ਲੋਕ ਸਭਾ ਦੇ ਨਿਰਮਾਣ ਲਈ ਜਾਰੀ ਆਮ ਚੋਣਾਂ ਜਿਥੇ ਨਵੀਂ ਕੇਂਦਰ ਸਰਕਾਰ ਦੀ ਸਥਾਪਤੀ ਦੇ 16 ਮਈ ਨੂੰ ਬੂਹੇ ਖੋਹਲਣਗੀਆਂ ਉਥੇ ਹਮੇਸ਼ਾ ਨਾਲੋਂ ਕੁੱਝ ਵੱਖਰੇ ਜਜ਼ਬੇ ਅਤੇ ਅੰਦਾਜ਼ ਨਾਲ ਹੋਈਆਂ ਉਕਤ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਨੀਤੀ ‘ਚ ਵਿਸ਼ੇਸ਼ ਪ੍ਰਭਾਵ ਦਿੰਦਿਆਂ ਨਵੇਂ ਸਮੀਕਰਨ ਪੈਦਾ ਕਰ ਸਕਦੇ ਹਨ। ਜਿਨ੍ਹਾਂ ਤਹਿਤ ਸੂਬੇ ‘ਚ ਗਠਜੋੜ ਭਾਈਵਾਲ ਅਕਾਲੀ-ਭਾਜਪਾ ਦੇ ਆਪਸੀ ਸਬੰਧ, ਨਵੀਂ ਨਵੇਲੀ ਆਮ ਆਦਮੀ ਪਾਰਟੀ ਦਾ ਭਵਿੱਖ ਅਤੇ ਕਾਂਗਰਸ ਦੀ ਸੂਬਾ ਇਕਾਈ ਦਾ ਆਧਾਰ ਦਾਅ ‘ਤੇ ਹੋਵੇਗਾ।
ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਕਮੀਆਂ ਨੂੰ ਉਜ਼ਾਗਰ ਕਰਦਿਆਂ ਆਪਣੇ ਵਿਕਾਸ ਸੋਹਲੇ ਗਾਉਣ ਲਈ ਮਸ਼ਹੂਰ ਪੰਜਾਬ ਦੇ ਸੱਤਾਧਾਰੀ ਗੱਠਜੋੜ ਨੂੰ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਸੂਬਾ ਸਰਕਾਰ ਵਿਰੁੱਧ ਲੋਕ ਲਹਿਰ ਦਾ ਪ੍ਰਤੱਖ ਸਾਹਮਣਾ ਕਰਨਾ ਪਿਆ, ਜਿਸ ਦੀ ਪ੍ਰੋੜਤਾ ਮੁੱਖ ਮੰਤਰੀ ਦੇ ‘ਸਾਡੀਆਂ ਗਲਤੀਆਂ ਦੀ ਸਜ਼ਾ ਮੋਦੀ ਨੂੰ ਨਾ ਦਿਓ’ ਵਾਲੇ ਬਿਆਨ ਤੋਂ ਵੀ ਹੋਈ। ਲੋਕ ਵਿਰੋਧ ਤੋਂ ਚਿੰਤਤ ਹੁਕਮਰਾਨਾਂ ਨੂੰ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਚਰਚਿਤ ਪ੍ਰਭਾਵ ਤੋਂ ਅਨੋਖੀ ਤਸੱਲੀ ਹੈ ਕਿ ਸਰਕਾਰ ਵਿਰੁੱਧ ਭੁਗਤਨ ਵਾਲੀ ਵੋਟ ਮੁੱਖ ਵਿਰੋਧੀ ਕਾਂਗਰਸ ਨੂੰ ਜਾਣ ਦੀ ਥਾਂ ‘ਆਪ’ ਨੂੰ ਚਲੀ ਗਈ, ਜਿਸ ਦਾ ਅਕਾਲੀ-ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
ਵਿਧਾਨ ਸਭਾ ਚੋਣਾਂ ਦੌਰਾਨ ਪੀਪਲਜ਼ ਪਾਰਟੀ ਦੇ ਰੂਪ ‘ਚ ਇਹੀ ਨੁਕਤੇ ਵਾਂਗ ‘ਆਪ’ ‘ਤੇ ਟੇਕ ਦੀ ਬਦੌਲਤ ਗਠਜੋੜ ਨੂੰ ਕੁੱਝ ਸੀਟਾਂ ਦੀ ਝਾਕ ਹੈ ਜੋ ਸੰਭਵ ਹੋ ਸਕਦੀ ਹੈ।
ਬੇਸ਼ੱਕ ਸੱਤਾਧਾਰੀ ਗਠਜੋੜ ਅਤੇ ਵਿਰੋਧੀ ਕਾਂਗਰਸ, ‘ਆਪ’ ਨੂੰ ਮੌਜੂਦਾ ਨਫੇ ਨੁਕਸਾਨ ਵਜੋਂ ਹੀ ਵੇਖ ਰਹੇ ਹਨ, ਪਰ ਸਿਆਸੀ ਜਾਣਕਾਰਾਂ ਦੀ ਨਜ਼ਰ ‘ਚ ‘ਆਪ’ ਦਾ ਵੱਧਦਾ ਆਧਾਰ ਰਵਾਇਤੀ ਪਾਰਟੀਆਂ ਲਈ ਗੰਭੀਰ ਵਿਸ਼ਾ ਹੈ। ਬਿਨ੍ਹਾਂ ਕੋਈ ਸਪੱਸ਼ਟ ਸਿਆਸੀ ਰਣਨੀਤੀਆਂ ਤੋਂ ਪੰਜਾਬ ‘ਚ ਪਹਿਲੀ ਵਾਰ ਹੀ ‘ਆਪ’ ਵੱਲੋਂ ਜੇਕਰ ਜ਼ਿਕਰਯੋਗ ਵੋਟ ਹਥਿਆ ਲਏ ਗਏ ਤਾਂ ਇਹ ਮੌਜੂਦਾ ਰਾਜਨੀਤਕ ਪਾਰਟੀਆਂ ਦੇ ਕੰਮਾਂ ਤੋਂ ਲੋਕਾਂ ਦੇ ਉਕਤਾ ਜਾਣ ਦੀ ਪ੍ਰਮਾਣਤਾ ਹੋਵੇਗੀ। ਸੂਤਰਾਂ ਅਨੁਸਾਰ ‘ਆਪ’ ਵੱਲੋਂ ਪੰਜਾਬ ‘ਚ ਭਵਿੱਖ ਦੀਆਂ ਸੂਬਾਈ ਅਤੇ ਸਥਾਨਕ ਚੋਣਾਂ ਦੇ ਨਾਲ ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜੀਆਂ ਜਾ ਸਕਦੀਆਂ ਹਨ, ਜਿਸ ਦਾ ਭਵਿੱਖਤ ਨੁਕਸਾਨ ਆਪਣਾ ਗਲਬਾ ਬਣਾਈ ਬੈਠੇ ਅਕਾਲੀ ਦਲ ਨੂੰ ਹੋ ਸਕਦਾ ਹੈ। ਅਜਿਹੇ ‘ਚ ਮੌਜੂਦਾ ਕੌਮੀ ਚੋਣਾਂ ਦੇ ਨਤੀਜਿਆਂ ‘ਚੋਂ ਜੇਕਰ ਕੋਈ ‘ਆਪ’ ਦੇ ਖਾਤੇ ‘ਚ ਚਲਾ ਗਿਆ ਤਾਂ ਕਾਂਗਰਸ ਤੋਂ ਵੱਧ ਸੱਤਾਧਾਰੀਆਂ ਲਈ ਮੁਸੀਬਤ ਬਣ ਜਾਵੇਗੀ। ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਇਲਾਵਾ ਫ਼ਰੀਦਕੋਟ, ਲੁਧਿਆਣਾ, ਗੁਰਦਾਸਪੁਰ ‘ਚ ਵੀ ‘ਆਪ’ ਦੀ ਜਿੱਤਣ ਸਮਰੱਥਾ ਦੇ ਚਰਚੇ ਹਨ।
ਅਕਾਲੀ-ਭਾਜਪਾ ਸਬੰਧਾਂ ਦੀ ਗੱਲ ਕਰੀਏ ਤਾਂ ਸੂਬੇ ‘ਚ ਹਮੇਸ਼ਾ ਭਾਈਵਾਲ ਭਾਜਪਾ ‘ਤੇ ਭਾਰੂ ਨਜ਼ਰ ਆਏ ਅਕਾਲੀ ਦਲ ਵੱਲੋਂ ‘ਕੌਮੀ ਸੱਤਾ ਸਮੁੰਦਰ’ ‘ਚ ਆਪਣੀ ਬੇੜੀ ਪਹਿਲੀ ਵਾਰ ‘ਮੋਦੀ’ ਨਾਂਅ ਦੇ ਹੁਲਾਰੇ ਨਾਲ ਪਾਰ ਕਰਾਉਣ ਦੀ ਲਾਲਸਾ ਦਿਖਾਈ ਗਈ, ਜਿਸ ਨਾਲ ਖਿੱਤੇ ‘ਚ ਭਾਜਪਾ ਮੂਹਰੇ ਉਸਦਾ ਕੱਦ ਬੌਣਾ ਨਜ਼ਰ ਆਇਆ। ਭਾਜਪਾ ਨਾਲ ਆਪਣੀ ਵਫਾਦਾਰੀ ਹੋਰ ਪੱਕੀ ਕਰਨ ਲਈ ਦਲ ਵੱਲੋਂ ਭਾਜਪਾ ਦੇ ਕੌਮੀ ਆਗੂ ਸ੍ਰੀ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋਂ ‘ਸੁੱਕੀ ਰੁਮਾਲੀ’ ਦਾ ਭਰੋਸਾ ਦੇ ਕੇ ਉਮੀਦਵਾਰ ਬਣਵਾਇਆ ਗਿਆ, ਜੋ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਦਾ ਐਲਾਨ ਹੋਣ ਕਾਰਨ ਚੋਣ ਮੁਕਾਬਲੇ ‘ਚ ਫਸ ਗਏ। ਬੇਸ਼ੱਕ ਉਨ੍ਹਾਂ ਵੱਲੋਂ ਅਕਾਲੀਆਂ ਦੀਆਂ ਬਾਹਾਂ ਆਸਰੇ ਆਪਣਾ ਚੋਣ ਘੋਲ ਨਿੱਠ ਕੇ ਲੜਿਆ ਪਰ ਫਸਵੀਂ ਟੱਕਰ ਹੋ ਜਾਣ ਕਾਰਨ ਉਹ ਅੰਦਰੋਂ ਚਿੰਤਤ ਨਜ਼ਰੀਂ ਪਏ। ਭਾਵੇਂ ਅਕਾਲੀਆਂ ਵੱਲੋਂ ਹਰ ਹੀਲੇ ਕੀਤੀ ਮਦਦ ਹੀ ਸ੍ਰੀ ਜੇਤਲੀ ਦੀ ਜਿੱਤ ਨੂੰ ਸੰਭਵ ਕਰ ਸਕਦੀ ਹੈ, ਪਰ ਜੇਕਰ ਆਪਣੇ 40 ਸਾਲ ਦੇ ਸਿਆਸੀ ਜੀਵਨ ‘ਚ ਪਹਿਲੀ ਵਾਰ ਚੋਣ ਲੜ ਰਹੇ ਜੇਤਲੀ ਹਾਰ ਗਏ ਤਾਂ ਇਸਦਾ ਖਮਿਆਜ਼ਾ ਅਕਾਲੀ-ਭਾਜਪਾ ਸਬੰਧਾਂ ਨੂੰ ਭੁਗਤਣਾ ਪਵੇਗਾ। ਦੂਸਰਾ ਸ੍ਰੀ ਜੇਤਲੀ ਦੀ ਜਿੱਤ ਨਾਲ ਅਕਾਲੀਆਂ ਦਾ ਦਬਦਬਾ ਕੌਮੀ ਸਫਾ ਤੱਕ ਵੱਧ ਸਕਦਾ ਹੈ, ਜਿਸ ਦਾ ਲਾਭ ਭਵਿੱਖ ‘ਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਯੂਥ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੂੰ ਹੋਵੇਗਾ। ਭਾਜਪਾ ਦੇ ਤਿੰਨਾਂ ਚੋਣ ਹਲਕਿਆਂ ਦੇ ਨਤੀਜੇ, ਉਮੀਦਵਾਰਾਂ ਦੇ ਨਾਲ ਭਾਜਪਾ ਦੀ ਸੂਬਾਈ ਕਮਾਂਡ ਦਾ ਭਵਿੱਖ ਵੀ ਤਹਿ ਕਰ ਸਕਦੇ ਹਨ।
ਕਾਂਗਰਸ ਦੀ ਸਥਿਤੀ ਵਾਚੀਏ ਤਾਂ ਦੋ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਲਈ ਕਥਿਤ ‘ਮੂਰਛਤ’ ਨਜ਼ਰ ਆ ਰਹੀ ਸੂਬਾ ਕਾਂਗਰਸ ‘ਚ ਕੇਂਦਰ ਵੱਲੋਂ ਕੀਤੀ ਅਨੋਖੀ ਉਮੀਦਵਾਰ ਵਿਉਂਤਬੰਦੀ ਨੇ ਇਕਦਮ ਜਾਨ ਪਾ ਦਿੱਤੀ। ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਪ੍ਰਨੀਤ ਕੌਰ, ਮਹਿੰਦਰ ਸਿੰਘ ਕੇ. ਪੀ., ਚੌਧਰੀ ਸੰਤੋਖ ਸਿੰਘ ਦੇ ਰੂਪ ‘ਚ ਮਹਾਂਰਥੀਆਂ ਨੂੰ ਚੋਣ ਮੈਦਾਨ ‘ਚ ਉਤਾਰਦਿਆਂ ਕਾਂਗਰਸ ਨੇ ਮੁਕਾਬਲਾ ਰੌਚਕ ਬਣਾ ਕੇ ਇਨ੍ਹਾਂ ਦੀ ਤਾਕਤ ਅਜ਼ਮਾ ਲੈਣ ‘ਚ ਹੀ ਬਿਹਤਰੀ ਸਮਝੀ। ਉਕਤ ਆਗੂਆਂ ਵੱਲੋਂ ਜਿੱਤ ਦੀ ਸੂਰਤ ‘ਚ ਪਾਰਟੀ ਜਿਥੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਵਾਪਸੀ ਦੀ ਸੰਭਾਵਨਾ ਵੇਖ ਰਹੀ ਹੈ, ਉਥੇ ਬਾਜਵਾ ਜਾਂ ਕੈਪਟਨ ਦਾ ਭਵਿੱਖਤ ਮੁੱਖ ਮੰਤਰੀ ਦਾ ਸੁਪਨਾ ਵੀ ਇਸੇ ਚੋਣ ‘ਤੇ ਟਿਕਿਆ ਸਮਝਿਆ ਜਾ ਰਿਹਾ ਹੈ। ਪਰ ਇਨ੍ਹਾਂ ਦਿੱਗਜ਼ਾਂ ਦੀ ਹਾਰ ਪਾਰਟੀ ਨੂੰ ਨਵੇਂ ਸਿਰਿਓਂ ਸੰਗਠਿਤ ਕਰਨ ਦਾ ਕਾਰਨ ਵੀ ਬਣ ਸਕਦੀ ਹੈ, ਜਿਸ ਨਾਲ ਕੈਪਟਨ, ਬਾਜਵਾ, ਕੇ. ਪੀ., ਚੌਧਰੀ ਵਰਗੀਆਂ ਹਸਤੀਆਂ ਦਾ ਸਿਆਸੀ ਗ੍ਰਾਫ ਹਨੇਰੇ ‘ਚ ਜਾ ਸਕਦਾ ਹੈ। ਹਾਰ ਦੀ ਸੂਰਤ ‘ਚ ਜਿਥੇ ਪੰਜਾਬ ਕਾਂਗਰਸ ਦੀ ਰੂਪਰੇਖਾ ਮੁਕੰਮਲ ਤਬਦੀਲ ਹੋ ਸਕਦੀ ਹੈ, ਉਥੇ ਪਾਰਟੀ ਦੀ ਸੂਬੇ ‘ਚ ਸਥਿਤੀ ਬਿਹਾਰ ਦੀ ਤਰਜ਼ ‘ਤੇ ਸੁਕੜਵੇਂ ਹਾਲਾਤਾਂ ‘ਚ ਪਹੁੰਚ ਸਕਦੀ ਹੈ।
ਜੇਕਰ ਪੰਜਾਬ ਦੇ ਨਤੀਜੇ ਪਹਿਲਾਂ ਵਾਂਗ ਰਲੇ ਮਿਲੇ ਰਹੇ ਤਾਂ ਵੀ ਨਵੀਆਂ ਸਮੀਕਰਨਾਂ ਜ਼ਰੂਰ ਉਘੜਣਗੀਆਂ ਕਿਉਂਕਿ ਇਸ ਵਾਰ ਦੀਆਂ ਕੌਮੀ ਚੋਣਾਂ ਸਥਾਨਕ ਜਾਂ ਨਿੱਜੀ ਮੁੱਦਿਆਂ ‘ਤੇ ਲੜੀਆਂ ਗਈਆਂ ਹਨ, ਜਿਨ੍ਹਾਂ ਦਾ ਅਸਰ ਹਰੇਕ ਸੀਟ ਤੋਂ ਜਿੱਤਣ ਵਾਲੇ ਉਮੀਦਵਾਰ ਦੇ ਨਿੱਜੀ ਪ੍ਰਭਾਵ ਦੇ ਰੂਪ ‘ਚ ਸਾਹਮਣੇ ਆਵੇਗਾ। ਕੁੱਲ ਮਿਲਾ ਕੇ ਆਉਣ ਵਾਲੇ ਨਤੀਜਿਆਂ ਬਾਰੇ ਭਾਵੇਂ ਇਸ ਵਾਰ ਅਗਾਊਂ ਪੁਖਤਾ ਕਿਆਫੇ ਸੰਭਵ ਨਹੀਂ ਹਨ ਪਰ ਇਹ ਸਪੱਸ਼ਟ ਹੈ ਕਿ ਨਤੀਜੇ ਸੂਬੇ ‘ਚ ਨਵਾਂ ਰਾਜਨੀਤਕ ਸਰੂਪ ਸਿਰਜਣਗੇ।
