ਚੰਡੀਗੜ੍ਹ: ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿੱਚ ਨਾਕਾ ਲਾ ਕੇ ਪੰਜਾਬ ਪੁਲੀਸ ਦੇ ਸਾਬਕਾ ਡੀਐੱਸਪੀ, ਡੇਰੇ ਦੇ ਮੁਖੀ ਅਤੇ ਇੱਕ ਹੋਰ ਵਿਅਕਤੀ ਨੂੰ 15 ਕਿੱਲੋ ਅਫ਼ੀਮ (ਤਰਲ) ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਕਤ ਮੁਲਜ਼ਮਾਂ ਕੋਲੋਂ ਰਿਵਾਲਵਰ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੁਲਜ਼ਮਾਂ ਦੀ ਕਾਰ ਵੀ ਕਬਜ਼ੇ ਵਿੱਚ ਲਈ ਗਈ ਹੈ।

ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਐੱਸਟੀਐੱਫ ਦੇ ਐੱਸਪੀ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲਣ ’ਤੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਤਾਣਾ ਵਿੱਚ ਨਾਕਾ ਲਗਾ ਕੇ ਹਰਿਆਣਾ ਦੇ ਨੰਬਰ ਦੀ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਕਾਰ ’ਚੋਂ 15 ਕਿੱਲੋ ਅਫ਼ੀਮ (ਤਰਲ) ਬਰਾਮਦ ਹੋਈ। ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਰਿਵਾਲਵਰ ਅਤੇ 18 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਸਾਬਕਾ ਡੀਐੱਸਪੀ ਹਕੀਕਤ ਰਾਏ, ਡੇਰਾ ਮੁਖੀ ਬਿਕਰਮ ਨਾਥ ਅਤੇ ਸਵਰਨ ਸਿੰਘ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਐੱਸਟੀਐੱਫ਼ ਥਾਣਾ ਫੇਜ਼-4 ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਕਤ ਵਿਅਕਤੀਆਂ ਨੂੰ ਅੱਜ ਐੱਸਟੀਐੱਫ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਰਾਮ ਦਰਸ਼ਨ ਵੱਲੋਂ ਮੁਹਾਲੀ ਦੀ ਚੀਫ ਜੁਡੀਸ਼ਲ ਮੈਜਿਸਟਰੇਟ ਵਿਪਨਦੀਪ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਐੱਸਪੀ ਸ੍ਰੀ ਸੋਹਲ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਬਿਕਰਮ ਨਾਥ ਨੇ ਪੁਲੀਸ ਨੂੰ ਦੱਸਿਆ ਕਿ ਮਾਪਿਆਂ ਨੇ ਉਸ ਨੂੰ 14 ਸਾਲ ਦੀ ਉਮਰ ਵਿੱਚ ਹੀ ਡੇਰਾ ਬਾਬਾ ਜਸਵੰਤ ਨਾਥ ਪਿੰਡ ਬਦੋਸੀ ਕਲਾਂ ਵਿੱਚ ਚੜ੍ਹਾ ਦਿੱਤਾ ਸੀ, ਜਿੱਥੇ ਉਹ ਸੇਵਾ ਕਰਦਾ ਸੀ। ਇੱਥੇ ਬਾਬਾ ਜਸਵੰਤ ਨਾਥ ਨਸ਼ਾ ਕਰਨ ਦਾ ਆਦੀ ਸੀ, ਜਿਸ ਕਾਰਨ ਉਹ (ਬਿਕਰਮ ਨਾਥ) ਵੀ ਛੋਟੀ ਉਮਰ ਵਿੱਚ ਨਸ਼ਾ ਕਰਨ ਲੱਗ ਪਿਆ। ਦੋ ਸਾਲ ਪਹਿਲਾਂ ਬਾਬਾ ਜਸਵੰਤ ਨਾਥ ਦੀ ਮੌਤ ਹੋਣ ਤੋਂ ਬਾਅਦ ਬਿਕਰਮ ਨਾਥ ਨੂੰ ਡੇਰਾ ਮੁਖੀ ਬਣਾ ਦਿੱਤਾ ਗਿਆ। ਡੇਰੇ ਦੀ 28 ਏਕੜ ਜ਼ਮੀਨ ਹੈ।
ਡੇਰੇ ’ਤੇ ਅਕਸਰ ਸਾਬਕਾ ਡੀਐੱਸਪੀ ਹਕੀਕਤ ਰਾਏ ਅਤੇ ਸਵਰਨ ਸਿੰਘ ਵੀ ਆਉਂਦੇ ਸਨ। ਇਹ ਦੋਵੇਂ ਵੀ ਨਸ਼ਾ ਕਰਨ ਦੇ ਆਦੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਨੇ ਆਪਸ ਵਿੱਚ ਗੰਢ-ਤੁਪ ਕਰਕੇ ਝਾਰਖੰਡ ’ਚੋਂ ਸਸਤੇ ਭਾਅ ਅਫ਼ੀਮ ਲਿਆ ਕੇ ਪੰਜਾਬ ਵਿੱਚ ਮਹਿੰਗੇ ਭਾਅ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਉਹ ਆਪਣੀ ਕਾਰ ਵਿੱਚ 15 ਕਿੱਲੋ ਅਫੀਮ ਲੈ ਕੇ ਆ ਰਹੇ ਸਨ ਕਿ ਐੱਸਟੀਐੱਫ ਦੀ ਟੀਮ ਨੇ ਕਾਬੂ ਕਰ ਲਏ। ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।