ਸ਼੍ਰੀਨਗਰ: ਕਸ਼ਮੀਰ ਦੀ ਅਜ਼ਾਦੀ ਤਹਿਰੀਕ ਵਿਚ ਬੀਤੇ ਹਫਤੇ ਸਈਅਦ ਅਲੀ ਗਿਲਾਨੀ ਦੀ ਥਾਂ ਲੈਣ ਵਾਲੇ ਮੁਹੰਮਦ ਅਸ਼ਰਫ ਸਹਿਰਾਈ ਦੇ ਪੁੱਤਰ ਨੇ ਹਥਿਆਰ ਚੁੱਕ ਕੇ ਲੜਨ ਦਾ ਫੈਂਸਲਾ ਕੀਤਾ ਹੈ ਅਤੇ ਹਿਜ਼ਬੁਲ ਮੁਜ਼ਾਹਿਦੀਨ ਵਿਚ ਸ਼ਾਮਿਲ ਹੋ ਗਿਆ ਹੈ। ਤਹਿਰੀਕ-ਏ-ਹੁਰੀਅਤ ਪਾਰਟੀ ਦੇ ਸਾਬਕਾ ਮੁਖੀ ਅਤੇ ਕਸ਼ਮੀਰੀ ਅਜ਼ਾਦੀ ਦੇ ਕੱਦਾਵਰ ਆਗੂ ਸਈਅਦ ਅਲੀ ਗਿਲਾਨੀ ਵਲੋਂ ਬੀਤੇ ਹਫਤੇ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਥਾਂ ਪਾਰਟੀ ਦੀ ਅਗਵਾਈ ਹੁਣ ਮੁਹੰਮਦ ਅਸ਼ਰਫ ਸਹਿਰਾਈ ਕਰਨਗੇ।

ਸਹਿਰਾਈ ਦੇ 30 ਸਾਲਾ ਪੁੱਤਰ ਜੁਨੈਦ ਅਸ਼ਰਫ ਦੀ ਤਸਵੀਰ ਬੀਤੇ ਕੱਲ੍ਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ਵਿਚ ਉਹ ਹੱਥ ਵਿਚ ਏਕੇ 47 ਫੜ੍ਹ ਕੇ ਖੜਾ ਹੈ। ਕਸ਼ਮੀਰ ਯੂਨੀਵਰਸਿਟੀ ਤੋਂ ਐਮ.ਬੀ.ਏ ਪਾਸ ਜੁਨੈਦ ਸ਼ੁਕਰਵਾਰ ਨੂੰ ਨਮਾਜ਼ ਵਿਚ ਸ਼ਾਮਿਲ ਹੋਣ ਲਈ ਘਰ ਤੋਂ ਗਿਆ ਸੀ ਅਤੇ ਵਾਪਿਸ ਨਹੀਂ ਆਇਆ। ਜਿਕਰਯੋਗ ਹੈ ਕਿ ਕਸ਼ਮੀਰ ਦੀ ਅਜ਼ਾਦੀ ਤਹਿਰੀਕ ਦੇ ਮੁਢਲੇ ਆਗੂਆਂ ਉੱਤੇ ਹਮੇਸ਼ਾ ਇਹ ਉਂਗਲ ਉੱਠਦੀ ਰਹੀ ਹੈ ਕਿ ਉਨ੍ਹਾਂ ਵਲੋਂ ਬੰਦੂਕ ਨੂੰ ਕਸ਼ਮੀਰੀ ਸੰਘਰਸ਼ ਦਾ ਅਹਿਮ ਹਿੱਸਾ ਪ੍ਰਚਾਰਣ ਨਾਲ ਕਸ਼ਮੀਰ ਦੀ ਜਵਾਨੀ ਜਿੱਥੇ ਇਸ ਰਾਹ ਤੁਰ ਰਹੀ ਹੈ ਪਰ ਉਨ੍ਹਾਂ ਦੇ ਆਪਣੇ ਬੱਚੇ ਇਸ ਦਾ ਸਿੱਧਾ ਹਿੱਸਾ ਨਹੀਂ ਬਣਦੇ। ਹੁਣ ਸਹਿਰਾਈ ਦੇ ਪੁੱਤਰ ਜੁਨੈਦ ਵਲੋਂ ਹਥਿਆਰ ਚੁੱਕਣ ਨਾਲ ਕਸ਼ਮੀਰ ਦੀ ਅਜ਼ਾਦੀ ਮੁਹਿੰਮ ਵਿਚ ਵੱਡੀਆਂ ਤਬਦੀਲੀਆਂ ਦੇ ਸੰਕੇਤ ਨਜ਼ਰ ਆ ਰਹੇ ਹਨ।
ਸਿਧਾਂਤਿਕ ਤੌਰ ‘ਤੇ ਸਹਿਰਾਈ ਅਤੇ ਜੁਨੈਦ ਵਿਚ ਸਾਂਝ ਪ੍ਰਤੀਤ ਹੋ ਰਹੀ ਹੈ। ਜਿੱਥੇ ਸਹਿਰਾਈ ਨੇ ਅਹੁਦਾ ਸੰਭਾਲਣ ਮਗਰੋਂ ਬਿਆਨ ਦਿੱਤਾ ਸੀ ਕਿ ਜੋ ਲੋਕ ਕਸ਼ਮੀਰ ਵਿਚ ਆਈ.ਐਸ.ਆਈ.ਐਸ ਦੇ ਝੰਡੇ ਲਹਿਰਾਉਂਦੇ ਹਨ ਉਹ ਭਾਰਤ ਦੀ ਹੀ ਮਦਦ ਕਰ ਰਹੇ ਹਨ, ਉੱਥੇ ਜੁਨੈਦ ਵਲੋਂ ਚੁਣੀ ਗਈ ਹਿਜ਼ਬੁਲ ਮੁਜ਼ਾਹਿਦੀਨ ਨੇ ਵੀ ਆਪਣੇ ਹਥਿਆਰਬੰਦ ਸੰਘਰਸ਼ ਦਾ ਘੇਰਾ ਜੰਮੂ ਕਸ਼ਮੀਰ ਦੀਆਂ ਹੱਦਾਂ ਨੂੰ ਹੀ ਨਿਰਧਾਰਿਤ ਕੀਤਾ ਹੋਇਆ ਹੈ।
ਜੰਮੂ ਕਸ਼ਮੀਰ ਵਿਚ ਪੁਲਿਸ ਪ੍ਰਸ਼ਾਸਨ ਜੁਨੈਦ ਦੇ ਹਥਿਆਰਬੰਦ ਸੰਘਰਸ਼ ਵਿਚ ਸ਼ਾਮਿਲ ਹੋਣ ਨੂੰ ਇਕ ਨਵੀਂ ਚੁਣੌਤੀ ਮੰਨ ਰਿਹਾ ਹੈ। ਉਨ੍ਹਾਂ ਨੂੰ ਡਰ ਹੈ ਕਿ ਇਸ ਨਾਲ ਕਸ਼ਮੀਰ ਦੇ ਪੜ੍ਹੇ ਲਿਖੇ ਨੌਜਵਾਨ ਹਥਿਆਰ ਚੁੱਕਣ ਲਈ ਪ੍ਰੇਰਿਤ ਹੋਣਗੇ।