Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਨਵੰਬਰ 84 ਦੇ ਸਿੱਖ ਕਤਲੇਆਮ ਦਾ ਇਤਿਹਾਸ ਮੁਕੰਮਲ ਕਰਨ ਦੀ ਕੋਸ਼ਿਸ਼ ਹੋਵੇ

ਨਵੰਬਰ 84 ਦੇ ਸਿੱਖ ਕਤਲੇਆਮ ਦਾ ਇਤਿਹਾਸ ਮੁਕੰਮਲ ਕਰਨ ਦੀ ਕੋਸ਼ਿਸ਼ ਹੋਵੇ

– ਗੁਰਪ੍ਰੀਤ ਸਿੰਘ ਮੰਡਿਆਣੀ

31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ ’ਤੇ ਜ਼ੁਲਮ ਦਾ ਜੋ ਝੱਖੜ ਝੁੱਲਿਆ ਉਹਨੂੰ ਵੱਖ-ਵੱਖ ਨਾਮ ਦਿੱਤੇ ਗਏ ਨੇ। ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਸ਼ਿੱਦਤ ਸਭ ਤੋਂ ਵੱਧ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸੀ। ਜਾਣਕਾਰੀ ਦਾ ਇੱਕੋ-ਇੱਕ ਜ਼ਰੀਆ ਸਰਕਾਰੀ ਰੇਡੀਓ ਅਤੇ ਦੂਰਦਰਸ਼ਨ ਸੀ। ਪ੍ਰਾਈਵੇਟ ਸਾਧਨ ਸਿਰਫ਼ ਅਖ਼ਬਾਰ ਸਨ। ਇਸ ਝੱੱਖੜ ਦੀ ਆਹਟ ਤਾਂ ਉਦੋਂ ਹੀ ਮਹਿਸੂਸ ਹੋ ਗਈ ਸੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਅਜੇ ਹਸਪਤਾਲ ਵਿਚ ਹੀ ਪਈ ਸੀ। ਉਸੇ ਸ਼ਾਮ ਤੋਂ ਸ਼ੁਰੂ ਹੋਇਆ ਇਹ ਝੱਖੜ ਸਿੱਖਾਂ ਦੀਆਂ ਜਾਨਾਂ ’ਤੇ ਨੇਰ੍ਹੀ ਬਣ ਕੇ ਦਿਨ-ਰਾਤ ਲੱਗਭੱਗ ਚਾਰ ਦਿਨ ਝੁੱਲਦਾ ਰਿਹਾ। 31 ਅਕਤੂਬਰ ਸ਼ਾਮ ਨੂੰ ਹੀ ਅਖ਼ਬਾਰਾਂ ’ਤੇ ਸਰਕਾਰ ਨੇ ਸੈਸਰਸ਼ਿੱਪ ਮੜ੍ਹ ਦਿੱਤੀ। ਸਾਰੇ ਮੁਲਕ ਵਿਚ ਚੱਲ ਰਹੇ ਸਿੱਖ ਕਤਲੇਆਮ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਾਪਣ ’ਤੇ ਸੈਸਰਸ਼ਿੱਪ ਦੀ ਆੜ ਹੇਠ ਪਾਬੰਦੀ ਸੀ। ਕਈ ਅਖ਼ਬਾਰਾਂ ਨੇ ਸੈਂਸਰ ਕੀਤੀਆਂ ਖ਼ਬਰਾਂ ਦੀ ਥਾਂ ਖਾਲ੍ਹੀ ਛੱਡ ਕੇ ਇੱਥੇ ਲਿਖ ਦਿੱਤਾ ਕਿ ਇਹ ਖ਼ਬਰ ਸੈਂਸਰ ਦੀ ਭੇਂਟ ਚੜ੍ਹ ਗਈ ਹੈ। ਅਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਦੇ ਲੱਗਭੱਗ ਕਈ ਪੇਜ਼ ਖ਼ਾਲੀ ਆਉਣ ਲੱਗੇ। ਉਥੇ ਅੰਗਰੇਜ਼ੀ ਵਿਚ ਇੱਕ ਲਫ਼ਜ ਲਿਖਿਆ ਆਉਂਦਾ ਸੀ ‘ਸੈਂਸਰਡ’। ਰੇਡੀਓ ਤੇ ਟੈਲੀਵੀਜ਼ਨ ਨੇ ਤਾਂ ਖ਼ਬਰ ਦੇਣੀ ਹੀ ਕੀ ਸੀ। ਇੰਟਰਨੈੱਟ ਵਗੈਰਾ ਦਾ ਤਾਂ ਉਦੋਂ ਤੱਕ ਨਾਮ ਵੀ ਨਹੀਂ ਸੀ ਸੁਣਿਆ ਗਿਆ। ਏਸ ਕਰਕੇ ਇਸ ਕਤਲੇਆਮ ਦੀਆਂ ਖ਼ਬਰਾਂ ਪੰਜਾਬ ਜਾਂ ਦੇਸ਼ ਦੇ ਹੋਰ ਸ਼ਹਿਰਾਂ ਵਿਚ ਕਈ ਹਫ਼ਤਿਆਂ ਮਗਰੋਂ ਹੌਲੀ-ਹੌਲੀ ਮਿਲਣੀਆਂ ਸ਼ੁਰੂ ਹੋਈਆਂ। ਦਿੱਲੀ ਤੋਂ ਬਾਅਦ ਕਤਲੇਆਮ ਦੀ ਸ਼ਿੱਦਤ ਕਾਨਪੁਰ ਅਤੇ ਸਟੀਲ ਸਿਟੀ ਬੋਕਾਰੋ ਵਿਚ ਸੀ। ਏਸ ਕਤਲੇਆਮ ਨੂੰ ਸਰਕਾਰ ਨੇ ਐਂਟੀ ਸਿੱਖ ਰਾਇਟਸ ਭਾਵ ਸਿੱਖ ਵਿਰੋਧੀ ਦੰਗਿਆਂ ਦਾ ਨਾਮ ਦਿੱਤਾ। ਅਖ਼ਬਾਰ ਵੀ ਸਰਕਾਰ ਦੇ ਕਹਿਣ ਮੁਕਾਬਿਕ ਏਹਨੂੰ ਸਿੱਖ ਵਿਰੋਧੀ ਦੰਗੇ ਲਿਖਦੇ ਰਹੇ। ਅਖ਼ਬਾਰਾਂ ਦੀ ਰੀਸੋ-ਰੀਸ ਸਿੱਖ ਲੀਡਰ ਅਤੇ ਜਥੇਬੰਦੀਆਂ ਵੀ ਏਹਨੂੰ ਸਿੱਖ ਵਿਰੋਧੀ ਦੰਗੇ ਹੀ ਕਹਿਣ ਲੱਗੇ। ਸਿੱਖਾਂ ਦੇ ਕਤਲੇਆਮ ਦਾ ਦਾਇਰਾ ਭਾਵੇਂ ਸਾਰੇ ਮੁਲਕ ਵਿਚ ਸੀ ਪਰ ਸਭ ਤੋਂ ਵੱਡੀ ਗਿਣਤੀ ਵਿੱਚ ਸਿੱਖ ਦਿੱਲੀ, ਕਾਨਪੁਰ ਅਤੇ ਬੋਕਾਰੋ ਸ਼ਹਿਰਾਂ ਵਿਚ ਕਤਲ ਕੀਤੇ ਗਏ। ਜੀਹਦੇ ਕਰਕੇ ਬਹੁਤ ਸਾਲ ਏਹਨੂੰ ਦਿੱਲੀ-ਕਾਨਪੁਰ-ਬੋਕਾਰੋ ਦੇ ਦੰਗੇ ਆਖਿਆ ਜਾਂਦਾ ਰਿਹਾ। ਕੁਝ ਵਰ੍ਹਿਆਂ ਮਗਰੋਂ ਏਹਨੂੰ ਸਿਰਫ਼ ਦਿੱਲੀ ਦੇ ਦੰਗੇ ਹੀ ਆਖਿਆ ਜਾਂਦਾ ਰਿਹਾ। ਏਹਦੀ ਪੜਤਾਲ ਲਈ ਜਿੰਨੇ ਵੀ ਕਮਿਸ਼ਨ ਅਤੇ ਕਮੇਟੀਆਂ ਬਣੀਆਂ ਉਨ੍ਹਾਂ ਦੀ ਪੜਤਾਲ ਸਿਰਫ਼ ਦਿੱਲੀ ਤੱਕ ਹੀ ਮਹਿਦੂਦ ਰਹੀ।

ਅਖਬਾਰਾਂ 'ਤੇ ਸੈਂਸਰਸ਼ਿਪ ਲਾ ਕੇ ਭਾਰਤ ਸਰਕਾਰ ਨੇ ਸਿੱਖ ਨਸਲਕੁਸ਼ੀ 1984 ਦਾ ਸੱਚ ਦਬਾਉਣ ਦੀ ਕੋਸ਼ਿਸ਼ ਕੀਤੀ ਸੀ
ਅਖਬਾਰਾਂ ‘ਤੇ ਸੈਂਸਰਸ਼ਿਪ ਲਾ ਕੇ ਭਾਰਤ ਸਰਕਾਰ ਨੇ ਸਿੱਖ ਨਸਲਕੁਸ਼ੀ 1984 ਦਾ ਸੱਚ ਦਬਾਉਣ ਦੀ ਕੋਸ਼ਿਸ਼ ਕੀਤੀ ਸੀ

ਸਿੱਖਾਂ ਨੇ ਸਿੱਖ ਵਿਰੋਧੀ ਦੰਗਿਆਂ ਵਾਲਾ ਨਾਮ ਸੋਧ ਕੇ ਭਾਵੇਂ ਸਿੱਖ ਕਤਲੇਆਮ ਕਰ ਦਿੱਤਾ ਹੈ ਪਰ ਬੋਲਚਾਲ ਵਿਚ ਉਹ ਏਹਦਾ ਦਾਇਰਾ ਦਿੱਲੀ ਤੱਕ ਹੀ ਰੱਖਦੇ ਨੇ। ਇਤਿਹਾਸਕਾਰੀ ਦਾ ਸੋਰਸ ਕਿਤਾਬਾਂ ਜਾਂ ਅਖ਼ਬਾਰ ਹੀ ਹੁੰਦੇ ਨੇ। ਨਵੰਬਰ 1984 ਵਿਚ ਸਿੱਖ ਕਤਲੇਆਮ ਦੀਆਂ ਖ਼ਬਰਾਂ ਬਲੈਕਆੳੂਟ ਹੋਣ ਕਾਰਣ ਇਹਦੀਆਂ ਖ਼ਬਰਾਂ ਅਖ਼ਬਰਾਂ ’ਚੋਂ ਨਹੀਂ ਮਿਲ ਸਕਦੀਆਂ। ਜੀਹਦੇ ਕਰਕੇ ਏਹਦਾ ਜ਼ਿਕਰ ਕਿਤਾਬਾਂ ਵਿਚ ਨਹੀਂ ਆ ਸਕਦਾ। ਹੁਣ ਤੱਕ ਇਸ ਬਾਬਤ ਜਿਨੀਆਂ ਕਿਤਾਬਾਂ ਜਾਂ ਲੇਖ ਲਿਖੇ ਗਏ ਨੇ ਉਨ੍ਹਾਂ ਵਿਚ ਲੱਗਭੱਗ ਇਕੱਲੀ ਦਿੱਲੀ ਦਾ ਹੀ ਜਿਕਰ ਆਉਂਦਾ ਹੈ। ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਚ 60 ਸਿੱਖਾਂ ਦੇ ਕਤਲ ਦੀਆਂ ਖ਼ਬਰਾਂ ਵੀ ਲੱਗਭੱਗ 30 ਵਰ੍ਹਿਆਂ ਮਗਰੋਂ ਸਾਹਮਣੇ ਆਈਆਂ। ਹਾਲਾਂਕਿ ਸਿੱਖਾਂ ਦੇ ਕਤਲ ਮੁਲਕ ਦੇ ਧੁਰ ਦੱਖਣੀ ਸੂਬੇ ਕੇਰਲ ਵਿਚ ਵੀ ਹੋਏ। ਸੜਕਾਂ ਅਤੇ ਰੇਲਾਂ ਵਿਚ ਸਫ਼ਰ ਕਰ ਰਹੇ ਸਿੱਖ ਵੀ ਕੋਹੇ ਗਏ। ਸਾਰੇ ਮੁਲਕ ਵਿਚ ਹੋਏ ਕਤਲੇਆਮ ਨੂੰ ਸਿਰਫ਼ ਦਿੱਲੀ ਤੱਕ ਹੀ ਲਿਮਟਿਡ ਕਰ ਦੇਣਾ ਸਿੱਖ ਲੀਡਰਸ਼ਿੱਪ ਦੀ ਬੱਜਰ ਅਣਗਹਿਲੀ ਦੱਸਦਾ ਹੈ। ਹਾਲੇ ਵੀ ਵਕਤ ਹੈ ਕਿ ਸਾਰੇ ਮੁਲਕ ਵਿਚ ਹੋਈਆਂ ਸਾਰੀਆਂ ਘਟਨਾਵਾਂ ਲਿਖ਼ਤਬੱਧ ਕੀਤੀਆਂ ਜਾਣ। ਇਸ ਲਈ ਵੱਡੇ ਸਿੱਖ ਅਦਾਰਿਆਂ ਨੂੰ ਮੂਹਰੇ ਆਉਣਾ ਚਾਹੀਦਾ ਹੈ। ਏਹਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਕਰੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਹਜ਼ੂਰ ਸਾਹਿਬ ਕਮੇਟੀ ਨੂੰ ਨਾਲ ਲਿਆ ਜਾਵੇ। ਪਾਰਲੀਮੈਂਟ ਅਤੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਸਵਾਲ ਪੁੱਛ ਕੇ ਜਾਣਕਾਰੀ ਲਈ ਜਾਵੇ। ਆਰ.ਟੀ.ਆਈ. ਵਰਗੇ ਜ਼ਰੀਏ ਵੀ ਅਜਮਾਉਣੇ ਚਾਹੀਦੇ ਨੇ। ਸਾਰੇ ਸਿੱਖਾਂ ਨੂੰ ਸੱਦਾ ਦਿੱਤਾ ਜਾਵੇ ਕਿ ਉਨ੍ਹਾਂ ਨੂੰ ਜਿਹੜੀ-ਜਿਹੜੀ ਘਟਨਾ ਦਾ ਪਤਾ ਹੋਵੇ ਉਹਦੀ ਜਾਣਕਾਰੀ ਦੇਣ। ਇਹ ਕੰਮ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਕਤਲੇਆਮ ਦੇ ਖਿਲਾਫ਼ ਜਾਂ ਇਨਸਾਫ਼ ਦੇ ਹੱਕ ਵਿਚ ਅਵਾਜ਼ ਉਠਾਉਂਦੀਆਂ ਜਥੇਬੰਦੀਆਂ ਨੂੰ ਵੀ ਏਸ ਕੰਮ ਲਈ ਸ਼੍ਰੋਮਣੀ ਕਮੇਟੀ ’ਤੇ ਜ਼ਰੋ ਪਾਉਣਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਵਿਰਾਸਤੀ ਮਹੀਨੇ ਨੂੰ ਸਮਰਪਿਤ ਅਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਰਸਮੀ ਮਾਨਤਾ ਦਿਵਾਉਣ ਦੀ ਜ਼ੋਰਦਾਰ ਪੈਰਵੀ ਲਈ, ਕੈਨੇਡਾ ਦੀ ਸੈਨੇਟ ਵਿੱਚ ਰੱਖੇ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਿੱਖ ਆਗੂ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਇੰਡੀਆ ਵੱਲੋਂ ਪੱਛਮੀ ਮੁਲਕਾਂ ਵਿੱਚ ਸਿੱਖ ਆਜ਼ਾਦੀ ਲਹਿਰ ਨਾਲ ਸੰਬੰਧਿਤ ਵਿਅਕਤੀਆਂ ਦੇ ਕਤਲਾਂ ਦੀ ਵਿਉਂਤ ਸਾਹਮਣੇ ਆਉਣ ਤੋਂ ਬਾਅਦ ਇੰਡੀਆ ਦੀ ਖੁਫੀਆ ਏਜੰਸੀ ਰਾਅ ਦੇ ਅਧਿਕਾਰੀਆਂ ਨੂੰ ਅਮਰੀਕਾ ਇੰਗਲੈਂਡ ਅਤੇ
ਦਲ ਖਾਲਸਾ ਨੇ ਜੀ-20 ਦੇਸ਼ਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਧਾਰਮਿਕ ਕੌਮਾਂ ਅਤੇ ਘੱਟ-ਗਿਣਤੀ ਲੋਕਾਂ ਦੀਆਂ ਆਵਾਜ਼ਾਂ ਅਤੇ ਵਿਚਾਰਾਂ ਨੂੰ ਸੁਣਨ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਜੀ-20 ਸੰਮੇਲਨ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: