ਚੰਡੀਗੜ੍ਹ(10 ਦਸੰਬਰ, 2014): ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਲੇ ਵਿੱਚ ਅੱਜ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆਂ ਨੂੰ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ । ਅਦਾਲਤ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਖ਼ਬਾਰਾਂ ’ਚ ਨੋਟਿਸ ਛਪਵਾ ਕੇ ਸੰਮਨ ਕਰਨ ਦੇ ਹੁਕਮ ਦਿੱਤੇ ਹਨ।
ਸਿਵਲ ਜੱਜ ਜੂਨੀਅਰ ਡਵੀਜ਼ਨ ਪਰਦੀਪ ਸੰਘਿਆਲ ਨੇ ਮਜੀਠੀਆ ਉੱਤੇ ਗੁਰਬਾਣੀ ਦੀ ਤੁਕ ਨੂੰ ਤਰੋੜ-ਮਰੋੜ ਕੇ ਬੋਲਣ ਦੇ ਕੇਸ ਦੀ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤੇ। ਅਦਾਲਤ ਨੇ ਮਜੀਠੀਆ ਵੱਲੋਂ ਵਾਰ-ਵਾਰ ਭੇਜੇ ਸੰਮਨਾਂ ਨੂੰ ਗੰਭੀਰਤਾ ਨਾਲ ਨਾ ਲੈਣ ਦਾ ਨੋਟਿਸ ਲਿਆ ਹੈ। ਇਸ ਤੋਂ ਪਹਿਲਾਂ ਅਦਾਲਤ ਵੱਲੋਂ ਮੰਤਰੀ ਨੂੰ ਚਾਰ ਵਾਰ ਨੋਟਿਸ ਭੇਜੇ ਜਾ ਚੁੱਕੇ ਹਨ।
ਪਟੀਸ਼ਨਰ ਮਨਦੀਪ ਕੌਰ ਨੇ ਦੋਸ਼ ਲਾਇਆ ਕਿ ਮਜੀਠੀਆ ਨੂੰ ਪਿਛਲੀ ਵਾਰ ਸੰਮਨ ਮਿਲ ਵੀ ਗਏ ਸਨ ਪਰ ਬਾਵਜੂਦ ਉਹ ਪੇਸ਼ ਨਹੀਂ ਹੋਏ। ਅਦਾਲਤ ਵੱਲੋਂ ਪਹਿਲੇ ਸੰਮਨ 20 ਅਪਰੈਲ ਨੂੰ ਜਾਰੀ ਕੀਤੇ ਗਏ ਸਨ ਜਦੋਂਕਿ ਪਟੀਸ਼ਨ 26 ਨੂੰ ਦਾਇਰ ਕੀਤੀ ਗਈ ਸੀ।
ਮਜੀਠੀਆ ਉੱਤੇ ਲੋਕ ਸਭਾ ਦੀਆਂ ਚੋਣਾਂ ’ਚ ਭਾਜਪਾ ਦੇ ਉਮੀਦਵਾਰ ਅਰੁਣ ਕੁਮਾਰ ਜੇਤਲੀ ਦੀ ਰੈਲੀ ’ਚ ਗੁਰਬਾਣੀ ਦੀ ਤੁਕ ਨੂੰ ਤੋੜ-ਮਰੋੜ ਕੇ ਬੋਲਣ ਦੇ ਦੋਸ਼ ਹਨ। ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।