ਵਾਸ਼ਿੰਗਟਨ (10 ਦਸੰਬਰ, 2014): ਅਮਰੀਕਾ ਦੇ ਸਿੱਖਾਂ ਨੇ ਅਮਰੀਕੀ ਸਰਕਾਰ ਵੱਲੋਂ ਅਮਰੀਕਾਂ ਵਿੱਚ ਸਰਕਾਰ ਵੱਲੋਂ ਜਾਰੀ ਨਸਲ ਆਧਾਰਤ ਵੇਰਵੇ ਇਕੱਠੇ ਕਰਨ ਬਾਰੇ ਨਵੇਂ ਦਿਸ਼ਾ-ਨਿਰਦੇਸ਼ ਇਹ ਦੋਸ਼ ਲਾਉਂਦਿਆਂ ਰੱਦ ਕਰ ਦਿੱਤੇ ਹਨ ਕਿ ਨਵੇਂ ਨੇਮ ਨੁਕਸਦਾਰ ਤੇ ਗੁੰਮਰਾਹਕੁਨ ਹਨ।
ਸਿੱਖਾਂ ਦੇ ਹੱਕਾਂ ਬਾਰੇ ਜਥੇਬੰਦੀ ਸਿੱਖ ਕੁਲੀਸ਼ਨ ਦਾ ਕਹਿਣਾ ਹੈ ਕਿ ਭਾਵੇਂ ਨਵੀਂ ਨੇਮਾਂਵਲੀ ਸਪਸ਼ਟ ਤੌਰ ’ਤੇ ਇਸ ਕਿਸਮ ਨਾਲ ਪੱਖਪਾਤੀ ਵੇਰਵੇ ਇਕੱਠੇ ਕਰਨ ਨੂੰ ‘ਨਾਜਾਇਜ਼’ ਤੇ ‘ਅਸਰਹੀਣ’ ਕਰਾਰ ਦਿੰਦੀ ਹੈ ਤੇ ਇਸ ਦਾ ਇਹ ਵੀ ਮੰਨਣਾ ਹੈ ਕਿ ਪੱਖਪਾਤੀ ਢੰਗ-ਤਰੀਕੇ, ਕਾਨੂੰਨ ਲਾਗੂ ਕਰਨ ਵਿੱਚ ਬੇਵਿਸਾਹੀ ਵਧਾਉਂਦੇ ਹਨ ਤੇ ਨਾਂਹਪੱਖੀ ਤੇ ਨੁਕਸਾਨਦੇਹ ਰੁਚੀਆਂ ਨੂੰ ਪ੍ਰਚਲਿਤ ਕਰਦੇ ਹਨ, ਪਰ ਫਿਰ ਵੀ ਇਸ ਤਹਿਤ ਅਮਰੀਕੀ ਕਸਟਮਜ਼ ਤੇ ਬਾਰਡਰ ਪੈਟਰੋਲ (ਸੀਬੀਪੀ) ਅਤੇ ਟਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟਰੇਸ਼ਨ (ਟੀਐਸਏ) ਨੂੰ ਪੱਖਪਾਤੀ ਢੰਗ ਨਾਲ ਅਜਿਹੇ ਵੇਰਵੇ ਇਕੱਠੇ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।
ਸੀਬੀਪੀ ਤੇ ਟੀਐਸਏ ਅਮਰੀਕਾ ਦੀ ਸੰਘ ਸਰਕਾਰ ਵਿੱਚ ਕਾਨੂੰਨ ਲਾਗੂ ਕਰਨ ਵਾਲੀ ਸਭ ਤੋਂ ਵੱਡੀ ਏਜੰਸੀ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੇ ਅਹਿਮ ਅੰਗ ਹਨ।ਸਿੱਖ ਕੁਲੀਸ਼ਨ ਦੇ ਰਾਜਦੀਪ ਸਿੰਘ ਅਨੁਸਾਰ ਨਵੀਂ ਨੇਮਾਂਵਲੀ ਵਰਤੀ ਹੋਰ ਪਰ ਨਵੀਂ ਪੇਂਟ ਕੀਤੀ ਕਾਰ ਵਾਂਗ ਹੈ। ਇਹ ਕਾਰ ਦੇਖਣ ਨੂੰ ਤਾਂ ਚੰਗੀ ਲੱਗਦੀ ਹੈ, ਪਰ ਜਦੋਂ ਤੁਸੀਂ ਇਸ ਦਾ ਇੰਜਣ ਵੇਖੋਗੇ ਤਾਂ ਤੁਸੀਂ ਜਾਣੋਗੇ ਕਿ ਇਸ ਨੂੰ ਚਲਾਉਣਾ ਤਾਂ ਖ਼ਤਰੇ ਤੋਂ ਖਾਲੀ ਨਹੀਂ।’’
ਸਿੱਖ ਕੁਲੀਸ਼ਨ ਮੁਤਾਬਕ ਨਵੀਂ ਨੇਮਾਂਵਲੀ ਸਟੇਟ ਤੇ ਅਮਨ-ਕਾਨੂੰਨ ਲਾਗੂ ਕਰਨ ਵਾਲੀਆਂ ਸਥਾਨਕ ਸਰਗਰਮੀਆਂ ’ਤੇ ਲਾਗੂ ਨਹੀਂ ਹੋਏਗੀ ਤੇ ਇਸ ਤਰ੍ਹਾਂ ਪੁਲੀਸ ਅਤੇ ਉਨ੍ਹਾਂ ਭਾਈਚਾਰਿਆਂ ਜਿਨ੍ਹਾਂ ਦੀ ਇਸ ਨੇ ਸੇਵਾ ਕਰਨੀ ਹੈ, ਵਿਚਾਲੇ ਹੇਠਲੇ ਪੱਧਰ ’ਤੇ ਭਰੋਸੇ ਦੀ ਕਮੀ ਦਾ ਪਾੜਾ ਨਹੀਂ ਘਟੇਗਾ।
ਰਾਜਦੀਪ ਸਿੰਘ ਅਨੁਸਾਰ ਨਵੇਂ ਦਿਸ਼ਾ-ਨਿਰਦੇਸ਼ ਇਕ ਕਦਮ ਅੱਗੇ ਤੇ 10 ਕਦਮ ਪਿੱਛੇ ਜਾਣ ਵਾਲੀ ਗੱਲ ਹਨ। ਨਵੀਂ ਨੇਮਾਂਵਲੀ ਵਿਸ਼ੇਸ਼ ਵੇਰਵੇ ਇਕੱਠੇ ਕਰਨ ਨੂੰ ਗਲਤ ਕਹਿੰਦੀ ਹੈ, ਪਰ ਨਾਲ ਹੀ ਸੀਬੀਪੀ ਨੂੰ ਸਰਹੱਦਾਂ ’ਤੇ ਧਾਰਮਿਕ ਘੱਟਗਿਣਤੀਆਂ ਦੇ ਸਹੀ ਵੇਰਵੇ ਇਕੱਠੇ ਕਰਨ ਅਤੇ ਟੀਐਸਏ ਨੂੰ ਰੂੜੀਆਂ ਦੇ ਆਧਾਰ ’ਤੇ ਯਾਤਰੀਆਂ ਦੇ ਵੇਰਵੇ ਇਕੱਠੇ ਕਰਨ ਦਾ ਕਾਰਜ ਜਾਰੀ ਰੱਖਣ ਦਾ ਹੱਕ ਜਾਰੀ ਰੱਖਦੀ ਹੈ।