ਬਠਿੰਡਾ/ਚੰਡੀਗੜ੍ਹ: ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨੇੜਲੇ ਸਹਿਯੋਗੀ ਗੁਰਦੀਪ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜੀਤ ਮਹਿੰਦਰ ਸਿੱਧੂ ਵਿਰੁੱਧ ਐਫ਼.ਆਈ.ਆਰ. ਦਰਜ ਕੀਤੇ ਜਾਣ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ‘ਆਮ ਆਦਮੀ ਪਾਰਟੀ’ (ਆਪ) ਨੇ ਅੱਜ ਕਿਹਾ ਹੈ ਕਿ ਇਸ ਨਾਲ ਸੁਖਬੀਰ ਤੇ ਅਮਰਿੰਦਰ ਵਿਚਾਲੇ ਆਪਸੀ ਸਬੰਧ ਬੇਨਕਾਬ ਹੋ ਗਏ ਹਨ ਕਿਉਂਕਿ ਜੀਤ ਮਹਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਤੋਂ ਪਹਿਲਾਂ ਅਮਰਿੰਦਰ ਦਾ ਨੇੜਲਾ ਸਾਥੀ ਹੁੰਦਾ ਸੀ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ,”ਬਹੁ-ਕਰੋੜੀ ਘੁਟਾਲੇ ਵਿਚ ਗੁਰਦੀਪ ਸਿੰਘ ਤੇ ਜੀਤ ਮਹਿੰਦਰ ਸਿੰਘ ਸਿੱਧੂ ਵਿਰੁੱਧ ਸੀ.ਬੀ.ਆਈ. ਵੱਲੋਂ ਐਫ਼.ਆਈ.ਆਰ. ਦਰਜ ਕੀਤੇ ਜਾਣ ਨਾਲ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਬੇਨਕਾਬ ਹੋ ਗਏ ਹਨ।” ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਨੇ ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਵਫ਼ਾਦਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਲਈ ਸੀ ਅਤੇ ਫਿਰ ਉਹ ਦੋਵਾਂ (ਸੁਖਬੀਰ ਤੇ ਅਮਰਿੰਦਰ) ਵਿਚਾਲੇ ਇਕ ‘ਗੁਪਤ ਸਮਝੌਤੇ’ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ‘ਤੇ ਮੁੜ ਚੁਣਿਆ ਗਿਆ ਸੀ।
ਭਗਵੰਤ ਮਾਨ ਨੇ ਦਾਅਵਾ ਕੀਤਾ,”ਕਿਉਂਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਦੋਂ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਅਸਥਿਰ ਕਰਨਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵਿਚ ਆਪਣੇ ਵਫ਼ਾਦਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਸਾਜਿਸ਼ ਰਚੀ ਸੀ।”
ਮਾਨ ਨੇ ਕਿਹਾ,”ਸਿੱਧੂ ਨੇ ਆਪਣੀ ਵਫ਼ਾਦਾਰੀ ਤਦ ਕੁੱਝ ਅਜਿਹੇ ਤਰੀਕੇ ਨਾਲ ਬਦਲੀ ਸੀ ਕ ਿਉਹ ਗੱਲ ਆਮ ਆਦਮੀ ਲਈ ਹੁਣ ਤੱਕ ਵੀ ਇਕ ਭੇਤ ਹੀ ਬਣੀ ਰਹੀ; ਜਦ ਕਿ ਆਮ ਲੋਕਾਂ ਦੇ ਮਨ ਵਿਚ ਇਹ ਜਿਿਗਆਸਾ ਲਗਾਤਾਰ ਬਣੀ ਰਹੀ ਕਿ ਆਖ਼ਰ ਸਿੱਧੂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਕਿਉਂ ਚਲੇ ਗਏ ਹਨ?”
ਮਾਨ ਨੇ ਅੱਗੇ ਕਿਹਾ ਕਿ ਗੁਰਦੀਪ ਸਿੰਘ ਫ਼ਾਸਟਵੇਅ ਕੇਬਲ ਦਾ ਮਾਲਕ ਹੈ, ਜਿਸ ਨੂੰ ‘ਕੇਬਲ ਮਾਫ਼ੀਆ’ ਦੇ ਨਾਂਅ ਨਾਲ ਵੱਧ ਜਾਣਿਆ ਜਾਂਦਾ ਹੈ ਤੇ ਉਸ ਨੂੰ ਸੁਖਬੀਰ ਬਾਦਲ ਦੀ ਸਿਆਸੀ ਸਰਪ੍ਰਸਤੀ ਹਾਸਲ ਹੈ।
ਗੁਰਦੀਪ ਸਿੰਘ ਨੂੰ ਸਿਆਸੀ ਹਲਕਿਆਂ ਵਿਚ ਸੁਖਬੀਰ ਬਾਦਲ ਦੇ ਮੁੱਖ ਫ਼ਾਈਨਾਂਸਰ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਉਹ ਚੋਣਾਂ ਦੌਰਾਨ ਆਪਣੇ ਸਿਆਸੀ ਬੌਸ (ਸੁਖਬੀਰ) ਦੇ ਇਸ਼ਾਰੇ ‘ਤੇ ‘ਸਿਆਸੀ ਧਨ ਦੇ ਹੋਣ ਵਾਲੇ ਸਾਰੇ ਗ਼ਲਤ ਲੈਣ-ਦੇਣ’ ਦਾ ਪ੍ਰਬੰਧ ਵੇਖਦਾ ਹੈ।

ਇਥੇ ਇਹ ਜ਼ਿਕਰਯੋਗ ਹੈ ਕਿ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਤੇ ਫ਼ਾਸਟਵੇਅ ਟ੍ਰਾਂਸਮਿਸ਼ਨ ਪ੍ਰਾਈਵੇਟ ਲਿਮਟਡ ਦਾ ਮੈਨੇਜਿੰਗ ਡਾਇਰੈਕਟਰ ਗੁਰਦੀਪ ਸਿੰਘ ਉਨ੍ਹਾਂ 18 ਵਿਅਕਤੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ‘ਇੰਟਰਨੈਸ਼ਨਲ ਕਸਟਮਰ ਰਿਲੇਟਡ ਮੈਨੇਜਮੈਂਟ ਸਰਵਿਸੇਜ਼’ (ਆਈ.ਸੀ.ਆਰ.ਐਮ.ਐਸ.) ਪ੍ਰਾਈਵੇਟ ਲਿਮਟਿਡ ਦੇ ਕੰਮਕਾਜ ਵਿਚ ਤੌਰ ਉੱਤੇ ਹੋਏ ਬਹੁ-ਕਰੋੜੀ ਘੁਟਾਲੇ ਨਾਲ ਸਬੰਧਤ ਮਾਮਲੇ ਵਿਚ ਕੇਸ ਦਾਇਰ ਕੀਤਾ ਗਿਆ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਉੱਤੇ ਕਾਰਵਾਈ ਕਰਦਿਆਂ ਸੀ.ਬੀ.ਆਈ. ਨੇ ਸਾਰੇ 18 ਵਿਅਕਤੀਆਂ ਵਿਰੁੱਧ ਭਾਰਤੀ ਦੰਡ ਸੰਘਤਾ ਦੀਆਂ ਧਾਰਾਵਾਂ 212, 380, 406, 420, 464, 465, 467, 468, 471, 472 ਤੇ 474 ਨਾਲ ਪੜ੍ਹੇ ਜਾਣ ਵਾਲੇ ਸੈਕਸ਼ਨ 120-ਬੀ ਅਧੀਨ ਛੇ ਐਫ਼.ਆਈ.ਆਰਜ਼ ਦਰਜ ਕੀਤੀਆਂ ਹਨ।
ਇਹ ਘਟਨਾਕ੍ਰਮ ਇਕ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਇਸ ਘੁਟਾਲੇ ਦੀ ਜਾਂਚ ਤੋਂ ਬਾਅਦ ਵਾਪਰਿਆ ਹੈ; ਇਸ ਟੀਮ ਵਿਚ ਕਾਰਪੋਰੇਟ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਅਧੀਨ ਆਉਂਦੇ ਸੀਰੀਅਸ ਫ਼ਰਾੱਡ ਇਨਵੈਸਟੀਗੇਸ਼ਨ ਆੱਫਿਸ, ਇਨਫ਼ੋਰਸਮੈਂਟ ਡਾਇਰੈਕਟੋਰੇਟ, ਸੂਚਨਾ ਤਕਨਾਲੋਜੀ ਵਿਭਾਗ ਤੇ ਸੀ.ਬੀ.ਆਈ. ਦੇ ਅਧਿਕਾਰੀ ਸ਼ਾਮਲ ਸਨ।
ਇਹ ਦੋਸ਼ ਲਾਇਆ ਗਿਆ ਸੀ ਕਿ ਮੋਹਾਲੀ ਅਤੇ ਚੰਡੀਗੜ੍ਹ ਸਥਿਤ ਆਈ.ਸੀ.ਆਰ.ਐਮ.ਐਸ. (2001 ਵਿਚ ਨਿਗਮਿਤ) ਦੇ ਬੋਰਡ ਆੱਫ਼ ਡਾਇਰੈਕਟਰਜ਼ ਦੋਸ਼ੀਆਂ ਵੱਲੋਂ ਕੰਪਨੀ ਦੇ ਫ਼ੰਡਾਂ ਤੇ ਸੰਪਤੀਆਂ ਵਿਚ ਧੋਖਾਧੜੀ ਕਰਨ ਦੀ ਮਨਸ਼ਾ ਨਾਲ ਝੂਠੇ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਤਬਦੀਲ ਕਰ ਦਿੱਤੇ ਗਏ ਸਨ ਅਤੇ ਸ਼ੇਅਰ ਰੱਖਣ ਦੀਆਂ ਵਿਧੀਆਂ ਤੱਕ ਤਬਦੀਲ ਕਰ ਦਿੱਤੀਆਂ ਗਈਆਂ ਸਨ।
ਇਹ ਘੁਟਾਲਾ 231 ਕਰੋੜ ਰੁਪਏ ਦੇ ਫ਼ੰਡ ਕੰਪਨੀ ਦੇ ਖਾਤਿਆਂ ਵਿਚੋਂ ਟ੍ਰਾਂਸਫ਼ਰ ਕਰਨ ਨਾਲ ਸਬੰਧਤ ਹੈ ਤੇ ਇਲਾਕੇ ਦੇ ਉੱਚ ਪੱਧਰੀ ਸਿਆਸੀ ਆਗੂਆਂ, ਅਫ਼ਸਰਸ਼ਾਹਾਂ ਤੇ ਕਾਰੋਬਾਰੀਆਂ ਸਮੇਤ ਅਨੇਕਾਂ ਵੱਡੀਆਂ ਹਸਤੀਆਂ ਇਸ ਫ਼ਰਮ ਦੇ ਪ੍ਰਮੁੱਖ ਅਹੁਦਿਆਂ ‘ਤੇ ਰਹੇ ਹਨ।