ਚੰਡੀਗੜ੍ਹ (22 ਅਗਸਤ, 2015): ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਆਗੂਆਂ ਵਿੱਚ ਦਿਨੋ ਦਿਨ ਦੂਰੀ ਵਧਦੀ ਜਾ ਰਹੀ ਹੈ।ਆਗੂਆਂ ਵਿਚਕਾਰ ਦੂਸ਼ਣਬਾਜ਼ੀ ਦਾ ਦੌਰ ਜਾਰੀ ਹੈ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਦੇ ਲੋਕ ਸਭਾ ਮੈਂਬਰਾਂ ‘ਤੇ ਦੋਸ਼ ਲਾਉਦਿਆਂ ਕਿਹਾ ਕਿ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤਣ ਦੇ ਬਾਵਜੂਦ ਇਹ ਸੰਸਦ ਮੈਂਬਰ ਪਾਰਟੀ ਤੋਂ ਛੇਕੇ ਗਏ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਦੀ ਸਿਆਸੀ ਲਾਈਨ ‘ਤੇ ਚੱਲ ਰਹੇ ਹਨ, ਜੋ ਉਨ੍ਹਾਂ ਲਈ ਠੀਕ ਨਹੀਂ । ਛੋਟੇਪੁਰ ਨੇ ਇਸ਼ਾਰਿਆਂ ਇਸ਼ਾਰਿਆਂ ‘ਚ ਕਿਹਾ ਕਿ ‘ਉਹ ਇਹੋ ਜਿਹੀਆਂ ਪਾਰਟੀ ਵਿਰੋਧੀ ਸਰਗਰਮੀਆਂ ਤੋਂ ਬਾਜ਼ ਆ ਜਾਣ ।’
ਛੋਟੇਪੁਰ ਨੇ ਕਿਹਾ ਕਿਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਲੋਕ ਸਭਾ ਦੇ ਦੋ ਮੈਂਬਰ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਤੇ ਫ਼ਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖ਼ਾਲਸਾ ‘ਆਪ’ ਤੋਂ ਦੂਰ ਹੁੰਦੇ ਜਾ ਰਹੇ ਹਨ, ਜੋ ਪਿਛਲੇ ਕਈ ਹਫ਼ਤਿਆਂ ਤੋਂ ਪਾਰਟੀ ਦੀਆਂ ਹਾਂ ਪਖੀ ਸਰਗਰਮੀਆਂ ‘ਚ ਹਿੱਸਾ ਨਹੀਂ ਲੈ ਰਹੇ ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਛੋਟੇਪੁਰ ਨੇ ਕਿਹਾ ਕਿ ਸਾਡੀ ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਇਹ ਦੋਵੇਂ ਸੱਜਣ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਦੀ ਯਾਦ ‘ਚ ਈਸੜੋ ਵਿਚ ਹੋਈ ਪਾਰਟੀ ਦੀ ਕਾਨਫ਼ਰੰਸ ਵਿਚ ਵੀ ਸ਼ਾਮਿਲ ਨਹੀਂ ਹੋਏ ।