ਫ਼ਤਹਿਗੜ੍ਹ ਸਾਹਿਬ (23 ਅਗਸਤ, 2015): ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਕੁਰਬਾਨੀ ਨਾਲ ਜੁੜੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਗੁਰਦੁਆਰਾ ਠੰਡੇ ਬੁਰਜ਼ ਨੇੜੇ ਬਣਾਈ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਸ਼ੋ੍ਰਮਣੀ ਕਮੇਟੀ ਵੱਲੋਂ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਉਸਾਰਨ ਲਈ ਠੰਡਾ ਬੁਰਜ ਨੇੜੇ ਜ਼ਮੀਨ ਦਿੱਤੀ ਜਾਵੇਗੀ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਪੰਥ ਦੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ।
ਉਨ੍ਹਾਂ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਪਰਿਵਾਰ ਸਮੇਤ ਜੋ ਕੁਰਬਾਨੀ ਦਿੱਤੀ ਉਸ ਦੀ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਦੀ ਯਾਦਗਾਰ ਉਸਾਰਨ ਲਈ ਸ਼ੋ੍ਰਮਣੀ ਕਮੇਟੀ ਵੱਲੋਂ ਪਹਿਲਾਂ 5 ਏਕੜ ਜ਼ਮੀਨ ਦਿੱਤੀ ਗਈ ਸੀ ਤੇ ਹੁਣ ਕਮੇਟੀ ਦੀ ਸਿਫ਼ਾਰਸ਼ ਅਨੁਸਾਰ ਠੰਢੇ ਬੁਰਜ ਨੇੜੇ ਕਮੇਟੀ ਵੱਲੋਂ ਮੰਗ ਕੀਤੀ ਜ਼ਮੀਨ ਵੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਇਸ ਯਾਦਗਾਰੀ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਫ਼ੰਡ ਦਿੱਤੇ ਜਾਣਗੇ।
ਇਸ ਮੌਕੇ ਪੰਜਾਬ ਰਾਜ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਠੰਢਾ ਬੁਰਜ ਨੇੜੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਉਸਾਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਸਥਾਪਤ ਕਰਨ ਦੀ ਰੂਪ ਰੇਖਾ ਤਿਆਰ ਕਰਕੇ ਮੁੱਖ ਮੰਤਰੀ ਕੋਲ ਭੇਜੀ ਜਾਵੇਗੀ, ਜਿਸ ਉਪਰੰਤ 31 ਅਕਤੂਬਰ ਤੱਕ ਇਸ ਦਾ ਨੀਂਹ-ਪੱਥਰ ਰੱਖਿਆ ਜਾਵੇਗਾ।
ਇਸ ਮੌਕੇ ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਉਪ ਚੇਅਰਮੈਨ ਨਿਰਮਲ ਸਿੰਘ (ਐਸ.ਐਸ.), ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ, ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ, ਮੈਨੇਜਰ ਅਮਰਜੀਤ ਸਿੰਘ, ਮਲਕੀਤ ਸਿੰਘ ਮਠਾੜੂ, ਪ੍ਰੇਮ ਸਿੰਘ ਸ਼ਾਂਤ, ਬਲਦੇਵ ਸਿੰਘ, ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਦੇ ਕਨਵੀਨਰ ਪ੍ਰਸ਼ੋਤਮ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ, ਰਵਿੰਦਰ ਸਿੰਘ ਰੂਬੀ, ਸੁਖਦੇਵ ਸਿੰਘ, ਪ੍ਰੇਮ ਸਿੰਘ ਸ਼ਾਂਤ ਤੇ ਸ੍ਰੀ ਜੈ ਕ੍ਰਿਸ਼ਨ ਕਸ਼ਯਪ ਆਦਿ ਮੌਜੂਦ ਸਨ।