ਨਵੀਂ ਦਿੱਲੀ (13 ਸਤੰਬਰ, 2014): ਪ੍ਰਸਿੱਧ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ੁੱਕਰਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਨਾਲ ਇਹ ਚਰਚੇ ਛਿੜ ਪਏ ਹਨ ਕਿ ਉਹ ਪਾਰਟੀ ’ਚ ਸ਼ਾਮਲ ਹੋਣ ਜਾ ਰਹੇ ਹਨ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਗਵਾ ਪਾਰਟੀ ਲਈ ਪ੍ਰਚਾਰ ਵੀ ਕਰਨਗੇ।
ਉਂਜ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਯੂਵਰਾਜ ਆਪਣੇ ਪਿਤਾ ਯੋਗਰਾਜ ਸਿੰਘ ਲਈ ਟਿਕਟ ਦੀ ਮੰਗ ਕਰ ਰਹੇ ਹਨ। ਯੋਗਰਾਮ ਸਿੰਘ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨੈਲੋ ਦੀ ਟਿਕਟ ’ਤੇ ਪੰਚਕੂਲਾ ਤੋਂ ਚੋਣ ਹਾਰ ਚੁੱਕੇ ਹਨ।
ਭਾਜਪਾ ਸੂਤਰਾਂ ਨੇ ਕਿਹਾ ਕਿ ਯੁਵਰਾਜ ਸਿੰਘ ਪਿਤਾ ਲਈ ਜਾਟ ਜਾਂ ਪੰਜਾਬੀ ਹਲਕੇ ਤੋਂ ਟਿਕਟ ਚਾਹੁੰਦੇ ਹਨ। ਸੂਤਰ ਨੇ ਕਿਹਾ,‘‘ਅਜੇ ਕੋਈ ਵੀ ਫ਼ੈਸਲਾ ਨਹੀਂ ਹੋਇਆ। ਉਮੀਦਵਾਰਾਂ ਦੀ ਸੂਚੀ 14 ਜਾਂ 15 ਸਤੰਬਰ ਨੂੰ ਆਉਣ ਦੀ ਸੰਭਾਵਨਾ ਹੈ।
ਜੇਕਰ ਯੁਵਰਾਜ ਚੋਣ ਲੜਨਾ ਚਾਹੁੰਦੇ ਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਜੇਕਰ ਉਨ੍ਹਾਂ ਦੇ ਪਿਤਾ ਨੂੰ ਟਿਕਟ ਮਿਲਦੀ ਹੈ ਤਾਂ ਕੁਦਰਤੀ ਤੌਰ ’ਤੇ ਉਹ ਭਾਜਪਾ ਲਈ ਪ੍ਰਚਾਰ ਕਰਨਗੇ।’’ ਹਰਿਆਣਾ ’ਚ ਭਾਜਪਾ ਨੂੰ ਚਹੁੰਕੋਨਾ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਯੁਵਰਾਜ ਸਿੰਘ ਜਿਹੀ ਹਸਤੀ ਦੀ ਭਾਜਪਾ ’ਚ ਹਾਜ਼ਰੀ ਨਾਲ ਉਹ ਵੱਧ ਸੀਟਾਂ ਹਾਸਲ ਕਰਨਾ ਚਾਹੁੰਦੇ ਹਨ।
ਉਧਰ ਯੁਵਰਾਜ ਸਿੰਘ ਨੇ ਆਪਣੇ ਖੇਡ ਮੈਨੇਜਰ ਨਿਸ਼ਾਂਤ ਜੀਤ ਅਰੋੜਾ ਦੇ ਟਵੀਟ ਦੇ ਜਵਾਬ ’ਚ ਕੀਤੇ ਟਵੀਟ ਰਾਹੀਂ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਦੇਸ਼ ’ਚ ਕੈਂਸਰ ਦੀ ਬਿਮਾਰੀ ਬਾਰੇ ਵਿਚਾਰ-ਵਟਾਂਦਰਾ ਕਰਨ ਗਿਆ ਸੀ।
ਸਾਲ 2009 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਯੋਗਰਾਜ ਸਿੰਘ ਨੇ ਇਨੈਲੋ ਦੀ ਟਿਕਟ ’ਤੇ ਪੰਚਕੂਲਾ ਹਲਕੇ ਤੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਰਿਪੋਰਟਾਂ ਮੁਤਾਬਕ ਉਸ ਸਮੇਂ ਯੁਵਰਾਜ ਨੇ ਪਿਤਾ ਲਈ ਪ੍ਰਚਾਰ ਨਹੀਂ ਕੀਤਾ ਸੀ ਜਦਕਿ ਯੁਵਰਾਜ ਦੇ ਪੋਸਟਰ ਵੀ ਲਾਏ ਗਏ ਸਨ।