
ਵੈਨਕੂਵਰ (2 ਨਵੰਬਰ, 2014): ਕੈਨੇਡਾ ਦੀ ਰਾਸ਼ਟਰੀ ਪਾਰਟੀ ਅਤੇ ਸੰਸਦ ‘ਚ ਮੁੱਖ ਵਿਰੋਧੀ ਦਲ ਨਿਊ ਡੈਮੋਕਰੇਟਿਕ ਪਾਰਟੀ ਦੇ ਕੌਮੀ ਆਗੂ ਥਾਮਸ ਮਲਕੇਅਰ ਨੇ ਅੱਜ ਟਵੀਟ ਰਾਹੀਂ ਸਿੱਖਾਂ ਵਾਸਤੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ 30 ਸਾਲ ਪਹਿਲਾਂ ਸਿੱਖ ਵਿਰੋਧੀ ਭਿਆਨਕ ਦੁਖਾਂਤ ਵਾਪਰਿਆ ਸੀ।
ਥਾਮਸ ਮਲਕੇਅਰ ਨੇ ਅੱਜ 1984 ‘ਚ ਹੋਈ ਸਿੱਖ ਨਸਲਕੁਸ਼ੀ ਦੇ ਦੁਖਾਂਤ ਦੀ 30ਵੀਂ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਇਹ ਸਮਾਂ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਉਨ੍ਹਾਂ ਦੇ ਗਹਿਰੇ ਜ਼ਖ਼ਮਾਂ ‘ਤੇ ਮੱਲ੍ਹਮ ਲਗਾਉਣ ਦਾ ਹੈ।
ਸੰਸਦ ‘ਚ ਵਿਰੋਧੀ ਧਿਰ ਦੇ ਆਗੂ ਮਲਕੇਅਰ ਨੇ ਭਾਰਤ ‘ਚ ਤਿੰਨ ਦਹਾਕੇ ਪਹਿਲਾਂ ਵਾਪਰੀ ਤ੍ਰਾਸਦੀ ਨੂੰ ‘ਸਿੱਖ ਨਸਲਕੁਸ਼ੀ” ਦਾ ਨਾਂਅ ਦਿੱਤਾ ਅਤੇ ਕੈਨੇਡਾ ਦੀ ਧਰਤੀ ਤੋਂ ਪੀੜਤ ਸਿੱਖ ਕੌਮ ਨੂੰ ਨਸਲਕੁਸ਼ੀ ਲਈ ਨਿਆਂ ਦਿਵਾਉਣ ਦਾ ਅਹਿਦ ਲਿਆ।