
ਸ੍ਰੀਨਗਰ (2 ਨਵੰਬਰ, 2014): ਵਾਦੀ ਦੇ ਸਿੱਖ ਸੰਗਠਨਾਂ ਨੇ ਦਿੱਲੀ ਤੇ ਭਾਰਤ ਦੇ ਵੱਖ-ਵੱਖ ਸ਼ਹਿਰਾਂ ‘ਚ ਨਵੰਬਰ 1984 ਵੇਲੇ ਦੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਭੜਕੇ ਸਿੱਖ ਵਿਰੋਧੀ ਕਤਲੇਆਮ ਦੀ 30ਵੀਂ ਬਰਸੀ ਮੌਕੇ ਅਜੇ ਤੱਕ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਖਿਲਾਫ ਮੁਜ਼ਾਹਰਾ ਕੀਤਾ।
ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਕਤਲੇਆਮ ਦੇ ਤੀਹ ਸਾਲ ਬਾਅਦ ਵੀ ਸਜ਼ਾ ਨਾ ਮਿਲਣ ਤੋਂ ਨਾਰਾਜ਼ ਸਿੱਖਾਂ ਨੇ ਮੁਜ਼ਾਹਰਾ ਕਰਦਿਆਂ ਹੱਥਾਂ ਵਿੱਚ ਤਖਤੀਆਂ ਲੈਕੇ ਲਾਲਾ ਚੌਕ ਤੋ ਰੋਸ ਮਾਰਚ ਸ਼ੁਰੂ ਕੀਤਾ ਜੋ ਸ਼ਹਿਰ ਦੇ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚਿਆ।
ਇਸ ਮਾਰਚ ਵਿੱਚ ਸ਼ਾਮਿਲ ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਮੌਕੇ ਕਾਂਗਰਸ ਪਾਰਟੀ ਤੇ ਉਸ ਦੇ ਸਹਿਯੋਗੀਆਂ ਦੇ ਵਿਰੋਧ ‘ਚ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਲੀਡਰਾਂ ਨੂੰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਸਜ਼ਾਵਾਂ ਨਾ ਦੇਣ ‘ਤੇ ਅਫ਼ਸੋਸ ਪ੍ਰਗਟ ਕੀਤਾ ।
ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਗੁਰਦੁਆਰਾ ਚਿੱਠੀਸਿੰਘਪੁਰਾ ਦੇ ਪ੍ਰਧਾਨ ਭਾਈ ਰਜਿੰਦਰ ਸਿਮਘ ਨੇ ਕਿਹਾ ਕਿ ਕਤਲੇਆਮ ਦੇ ਤੀਹ ਸਾਲ ਬਾਅਦ ਵੀ ਸਿੱਖਾਂ ਦੇ ਕਾਤਲ ਸ਼ਰੇਆਮ ਖੁੱਲੇਆਮ ਫਿਰ ਰਹੇ ਹਨ, ਜਦਕਿ ਸਿੱਖਾਂ ਨੂੰ ਇਨਸਾਫ ਲਈ ਧੱਕੇ ਖਾਣੇ ਪੈ ਰਹੇ ਹਨ।ਉਨ੍ਹਾਂ ਕਿਹਾ ਕਿ ਇਸ ਕਤਲੇਆਮ ਵਿੱਚ ਸਿਰਫ ਸਿੱਖਾਂ ਨੂੰ ਕਤਲ ਹੀ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਦੇ ਪਵਿੱਤਰ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਸਾੜ ਦਿੱਤਾ ਗਿਆ।
ਮੁਜ਼ਾਹਰੇ ‘ਚ ਸ਼ਾਮਿਲ ਕਈ ਵਿਅਕਤੀਆਂ ਨੇ ਇਕਮਤ ਹੋ ਕੇ ਇਹ ਕਿਹਾ ਕਿ ਭਾਰਤ ਸਰਕਾਰ ਨੇ ਇਹ ਮਾਮਲਾ ਠੰਢੇ ਬਸਤੇ ‘ਚ ਪਾ ਦਿੱਤਾ ਹੈ ਤੇ ਉਹ ਇਨ੍ਹਾਂ ਕਾਤਲਾਂ ਜਿਹੜੇ ਕਾਂਗਰਸ ਨਾਲ ਸੰਬੰਧਿਤ ਹਨ, ਨੂੰ ਬਚਾਅ ਰਹੀ ਹੈ, ਜਿਹੜਾ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ ਙ ਇਹ ਰੋਸ ਮੁਜ਼ਾਹਰਾ ਬਾਅਦ ‘ਚ ਕਾਤਲਾਂ ਨੂੰ ਸਜ਼ਾ ਦੇਣ ਦੀ ਮੰਗ ਕਰਨ ਸਬੰਧੀ ਨਾਅਰੇਬਾਜ਼ੀ ਕਰਦਾ ਹੋਇਆ ਡੀ.ਸੀ. ਦਫ਼ਤਰ ਪਹੁੰਚ ਕੇ ਸਮਾਪਤ ਹੋ ਗਿਆ।