ਅੰਮ੍ਰਿਤਸਰ (2 ਨਵੰਬਰ, 2014 ): ਕੇਦਰ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਪੰਜਾਬ ਆਰ. ਐੱਸ. ਐੱਸ ਦੀਆਂ ਸਰਗਰਮੀਆਂ ਦਾ ਗੜ੍ਹ ਬਣਦਾ ਜਾ ਰਿਹਾਹੈ। ਚੋਣਾਂ ਤੋਂ ਬਾਅਦ ਪੰਜਾਬ ਆਰ.ਐੱਸ. ਐੈੱਸ ਦੀਆਂ ਗਤੀਵਿਧੀਆਂ ਦਾ ਮੁੱਖ ਨਿਸ਼ਾਨਾਂ ਬਣਿਆ ਹੋਇਆ ਹੈ। ਹੁਣ ਆਰ. ਐੱਸ.ਐੱਸ ਅਤੇ ਭਾਜਪਾ ਨੇ ਆਪਣੀਆਂ ਸਰਗਰਮੀਆਂ ਨੂੰ ਅੱਗੇ ਹੋਰ ਵਧਾਉਦੇ ਹੋਏ ਪੰਜਾਬ ਦੇ ਪਿੰਡਾਂ ਵਿੱਚ ਆਰ.ਐੱਸ.ਐੱਸ ਦੀਆਂ ਬਰਾਚਾਂ ਖੋਲਣ ਦੀ ਤਿਆਰੀ ਵੱਟ ਲਈ ਹੈ।

ਲੋਕ ਸਭਾ ‘ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਆਰ.ਐਸ.ਐਸ ਵਲੋਂ ਪੰਜਾਬ ਦੇ ਪੇਂਡੂ ਖੇਤਰਾਂ ‘ਚ ਖੋਲੀਆਂ ਜਾਣ ਵਾਲੀਆਂ ਸ਼ਖਾਵਾਂ ਵਿਰੁਧ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਆਰ.ਐਸ.ਐਸ ਦਾ ਇਹ ਕਦਮ ਫ਼ਿਰਕੂ ਆਧਾਰ ‘ਤੇ ਲੋਕਾਂ ਨੂੰ ਵੰਡਣਾ ਹੈ।
ਅੱਜ ਵਰਕਰਾਂ ਨਾਲ ਮੀਟਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਨੇ ਸੁਝਾਅ ਦਿਤਾ ਕਿ ਆਰ.ਐਸ.ਐਸ ਦੀ ਲੀਡਰਸ਼ਿਪ ਨੂੰ ਪੇਂਡੂ ਖੇਤਰਾਂ ‘ਚ ਸ਼ਾਖ਼ਾਵਾਂ ਖੋਲ੍ਹਣ ਦੇ ਫ਼ੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਇਹ ਕਦਮ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਬਣ ਸਕਦਾ ਹੈ।
ਅਕਾਲੀਆਂ ਤੇ ਭਾਜਪਾ ਵਿਚਾਲੇ ਦੂਰੀਆਂ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਭਾਜਪਾ ਤੋਂ ਵੀ ਤੰਗ ਆ ਚੁੱਕੇ ਹਨ ਜਿਨ੍ਹਾਂ ਨੇ ਸਰਕਾਰ ਤੋਂ ਪੂਰਾ ਫ਼ਾਇਦਾ ਲਿਆ ਹੈ ਅਤੇ ਇਨ੍ਹਾਂ ਦੇ ਆਗੂ ਭ੍ਰਿਸ਼ਟਾਚਾਰ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਇਸ ‘ਚ ਕੋਈ ਫ਼ਰਕ ਨਹੀਂ ਕਿ ਉਹ ਅਕਾਲੀਆਂ ਨਾਲ ਲੜਦੇ ਹਨ ਕਿ ਜਾਂ ਵੱਖ ਲੜਦੇ ਹਨ। ਪੰਜਾਬ ਦੇ ਲੋਕ ਇਨ੍ਹਾਂ ਨੂੰ ਅਗਲੀਆਂ ਚੋਣਾਂ ਦੌਰਾਨ ਕਿਸੇ ਵੀ ਕੀਮਤ ‘ਤੇ ਸਬਕ ਸਿਖਾਉਣਗੇ।
ਕਾਂਗਰਸੀ ਆਗੂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਸਪੱਸ਼ਟ ਹੈ ਅਤੇ ਇਸ ਬਾਰੇ ਕੋਈ ਦੋ ਵਿਚਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਨੇ ਹਰਚੰਦ ਸਿੰਘ ਲੌਂਗੋਵਾਲ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ ਸਨ, ਜਿਹੜਾ ਚੰਡੀਗੜ੍ਹ ਪੰਜਾਬ ਨੂੰ ਸੌਂਪਦਾ ਹੈ।
1984 ਸਿੱਖ ਨਸਲਕੁਸ਼ੀ ਦੇ ਹਰ ਪੀੜਤ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਪੀੜਤਾਂ ਨੂੰ ਨਿਆਂ ਦਿਵਾਉਣ ‘ਚ ਦੇਰੀ ਹੋਈ ਹੈ ਅਤੇ ਨਿਆਂਇਕ ਪ੍ਰੀਕ੍ਰਿਆ ਨੂੰ ਤੇਜ਼ ਕੀਤੇ ਜਾਣ ਦੀ ਲੋੜ ਹੈ। ਜਾਂਚਾਂ ਖ਼ਤਮ ਹੋ ਚੁੱਕੀਆਂ ਹਨ ਅਤੇ ਕੇਸ ਅਦਾਲਤਾਂ ‘ਚ ਲਟਕ ਰਹੇ ਹਨ।