ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਅਤੇ ਬੁਲਾਰੇ ਦੇ ਮੁਖੀ ਸੁਖਪਾਲ ਖਹਿਰਾ ਵਲੋਂ ਅੱਜ (5 ਸਤੰਬਰ) ਪੰਜਾਬ ਦੇ ਡੀ.ਜੀ.ਪੀ. ਨੂੰ ਇਕ ਚਿੱਠੀ ਲਿਖੀ ਗਈ ਜਿਸ ਵਿਚ 3 ਸੰਤਬਰ 2016 ਨੂੰ ਆਮ ਆਦਮੀ ਪਾਰਟੀ ਦੀ ਮਲੋਟ ਵਿਚਲੀ ਰੈਲੀ ਦੌਰਾਨ ਅਕਾਲੀਆਂ ਦੇ ਹੋਏ ਹਮਲੇ ਦੀ ਸ਼ਿਕਾਇਤ ਕੀਤੀ ਗਈ ਹੈ। ਚਿੱਠੀ ਵਿਚ ਲਿਖਿਆ ਗਿਆ ਹੈ ਕਿ “ਮੁੱਖ ਬੁਲਾਰੇ ਐਮ.ਪੀ. ਭਗਵੰਤ ਮਾਨ ਦੇ ਸੰਬੋਧਨ ਤੋਂ ਕਰੀਬ 1.30 ਘੰਟੇ ਪਹਿਲਾਂ ‘ਆਪ’ ਕਾਰਜਕਰਤਾਵਾਂ ਨੇ ਅਕਾਲੀ ਦਲ ਅਤੇ ‘ਸੋਈ’ ਨਾਲ ਸੰਬੰਧਿਤ ਕੁਝ ਸ਼ਰਾਰਤੀ ਅਨਸਰਾਂ ਦੇ ਭੀੜ ਵਿਚ ਹੋਣ ਦੀ ਸੂਹ ਹੋਣ ਤੋਂ ਬਾਅਦ ਇਸ ਦੀ ਇਤਲਾਹ ਪੁਲਿਸ ਨੂੰ ਕਰ ਦਿੱਤੀ ਸੀ ਅਤੇ ਇਨ੍ਹਾਂ ਅਨਸਰਾਂ ਉਤੇ ਕਾਰਵਾਈ ਕਰਨ ਲਈ ਅਪੀਲ ਕੀਤੀ ਗਈ। ਇਸ ਉਪਰੰਤ ਵਾਰ-ਵਾਰ ਕਹਿਣ ‘ਤੇ ਵੀ ਪੁਲਿਸ ਨੇ ਇਸ ਸੰਬੰਧੀ ਕੋਈ ਕਾਰਵਾਈ ਨਾ ਕੀਤੀ। ‘ਆਪ’ ਵਲੰਟੀਅਰਾਂ ਨੇ ਪੁਲਿਸ ਨੂੰ ਇਹ ਵੀ ਸੂਚਨਾ ਦਿੱਤੀ ਕਿ ਅਕਾਲੀ ਦਲ ਨਾਲ ਸੰਬੰਧਤ ਅਨਸਰਾਂ ਨੇ ਰੈਲੀ ਤੋਂ 2 ਘੰਟੇ ਪਹਿਲਾਂ ਮਲੋਟ ਦੇ ਇਕ ਪੈਲੇਸ ਵਿਚ ਕਰੀਬ 150 ਲੋਕਾਂ ਦੀ ਇਕ ਮੀਟਿੰਗ ਕਰਕੇ ਇਸ ਰੈਲੀ ਵਿਚ ਵਿਘਨ ਪਾਉਣ ਸੰਬੰਧੀ ਕਿਹਾ ਸੀ।”

ਚਿੱਠੀ ਵਿਚ ਅੱਗੇ ਲਿਖਿਆ ਹੈ ਕਿ “ਜਦੋਂ ਮੁੱਖ ਬੁਲਾਰੇ ਐਮ.ਪੀ. ਭਗਵੰਤ ਮਾਨ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਕਾਲੀ ਦਲ ਦੇ ਇਨ੍ਹਾਂ ਅਨਸਰਾਂ ਨੇ ਮਾਨ ਉਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਮਾਂ ਰਹਿੰਦਿਆਂ ‘ਆਪ’ ਵਰਕਰਾਂ ਨੇ ਮਾਨ ਨੂੰ ਬਚਾ ਲਿਆ। ਇਸ ਘਟਨਾਕ੍ਰਮ ਵਿਚ ਆਮ ਆਦਮੀ ਪਾਰਟੀ ਦੇ ਇਕ ਦਰਜਨ ਵਲੰਟੀਅਰ ਜ਼ਖਮੀ ਹੋ ਗਏ। ਇਨ੍ਹਾਂ ਵਿਚੋਂ 2 ਕਾਰਜਕਰਤਾ ਗੰਭੀਰ ਰੂਪ ਵਿਚ ਜ਼ਖਮੀ ਸਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ, ਡਾਕਟਰੀ ਜਾਂਚ ਵਿਚ ਉਨ੍ਹਾਂ ਦੇ ਸਿਰ ‘ਤੇ ਅਤੇ ਸਰੀਰ ਦੇ ਹੋਰ ਹਿੱਸਿਆਂ ਵਿਚ ਸੱਟਾਂ ਲੱਗੀਆਂ ਹਨ। ਅਕਾਲੀ ਦਲ ਦੇ ਇਹ ਗੁੰਡੇ ਦਾਤਰਾਂ, ਰਾੜਾਂ ਅਤੇ ਡੰਡਿਆਂ ਨਾਲ ਲੈਸ ਸਨ। ਇਸ ਹਮਲੇ ਪਿਛੋਂ ਲੋਕਾਂ ਵਿਚ ਭਗਦੜ ਮਚ ਗਈ ਅਤੇ ‘ਆਪ’ ਦੇ ਕਾਰਜਕਰਤਾਵਾਂ ਨੇ ਬੜੀ ਮੁਸ਼ਕਿਲ ਨਾਲ ਐਮ.ਪੀ. ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੂੰ ਸੁਰਖਿਅਤ ਬਹਾਰ ਕੱਢਿਆ।”
ਚਿੱਠੀ ਮੁਤਾਬਕ ‘ਆਪ’ ਵਰਕਰਾਂ ਕੋਲ ਹਮਲਾਵਰਾਂ ਦੀ ਵੀਡਿਓ ਅਤੇ ਫੋਟੋਆਂ ਵੀ ਹਨ। ਡੀ.ਜੀ.ਪੀ. ਨੂੰ ਲਿਖੀ ਚਿੱਠੀ ਵਿਚ ‘ਆਪ’ ਆਗੂਆਂ ਨੇ ਕਿਹਾ ਕਿ “ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਤ ਅਕਾਲੀ ਆਗੂ ਨਿੱਪੀ ਔਲਖ ਦੀ ਰੈਲੀ ਸਥਾਨ ਅਤੇ ਹਮਲਾ ਕਰਨ ਦੌਰਾਨ ਮੌਜੂਦਗੀ ਸਪੱਸ਼ਟ ਹੁੰਦੀ ਹੈ। ਦੋਵਾਂ ਸੰਸਦ ਮੈਂਬਰਾਂ ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਨੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਗਿੱਲ ਨੂੰ ਹਮਲਾਵਰਾਂ ਉੇੱਤੇ ਸਖਤ ਕਾਰਵਾਈ ਕਰਨ ਸੰਬੰਧੀ ਫੋਨ ਉਤੇ ਮੰਗ ਵੀ ਕੀਤੀ ਪਰ ਅੱਜ ਤੱਕ ਕਿਸੇ ਵੀ ਹਮਲਾਵਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।”
“ਕੱਲ੍ਹ ਮਿਤੀ 4 ਸਤੰਬਰ 2016 ਨੂੰ ਐਮ.ਪੀ. ਭਗਵੰਤ ਮਾਨ ਜ਼ਖਮੀਆਂ ਦਾ ਹਾਲ ਪੁਛਣ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਵਿਖੇ ਗਏ ਅਤੇ ਇਸਦੀ ਵੀ ਅਗੇਤੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਸੀ। ਦੋਵਾਂ ਧਿਰਾਂ ਦੇ ਹਸਪਤਾਲ ਵਿਚ ਹੋਣ ਕਾਰਨ ਉਥੇ ਮੁੜ ਝੜਪ ਹੋਣ ਦੇ ਖਦਸੇ ਤੋਂ ਬਾਅਦ ਵੀ ਹਸਪਤਾਲ ਵਿਚ ਕੋਈ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ। ਐਸ.ਐਸ.ਪੀ. ਮੁਕਤਸਰ ਨੂੰ ਇਸ ਸੰਬੰਧੀ ਪੁੱਛਣ ‘ਤੇ ਉਨ੍ਹਾਂ ਨੇ ਕਿਹਾ ਕਿ ਸਾਰਾ ਪੁਲਿਸ ਬਲ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਪ੍ਰੋਗਰਾਮ ਵਿਚ ਮਸ਼ਰੂਫ ਹੈ ਇਸ ਲਈ ਮਾਨ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾ ਸਕਦੀ।”
ਚਿੱਠੀ ਵਿਚ ਆਮ ਆਦਮੀ ਪਾਰਟੀ ਵਲੋਂ ਹੇਠ ਲਿਖੀਆਂ ਮੰਗਾਂ ਦੀ ਗੱਲ ਕੀਤੀ ਗਈ ਹੈ:
1. ਦੋਸ਼ੀਆਂ ਖਿਲਾਫ ਆਈ.ਪੀ.ਸੀ. ਦੀ ਧਾਰਾ 307, 352, 441, 147, 148, 150, 452 ਅਤੇ 120-ਬੀ ਦੇ ਅਧੀਨ ਮੁਕਦਮੇ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
2. ਇਸ ਘਟਨਾ ਵਿਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਨੂੰ ਸਪੱਸ਼ਟ ਕਰਨ ਲਈ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਦੀ ਅਗਵਾਈ ਹੇਠ ਐਸ.ਆਈ.ਟੀ. ਦਾ ਗਠਨ ਕੀਤਾ ਜਾਵੇ। ਇਸ ਐਸ.ਆਈ.ਟੀ. ਨੂੰ 2 ਹਫਤਿਆਂ ਵਿਚ ਪੜਤਾਲ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਜਾਵੇ।
3. ਐਸ.ਆਈ.ਟੀ. ਦੀ ਜਾਂਚ ਪੂਰੀ ਹੋਣ ਤੱਕ ਸੰਬੰਧਤ ਐਸ.ਐਸ.ਪੀ. ਅਤੇ ਹੋਰ ਸਾਰੇ ਅਧਿਕਾਰੀਆਂ ਨੂੰ ਲਾਇਨ ਹਾਜ਼ਰ ਕੀਤਾ ਜਾਵੇ।
‘ਆਪ’ ਵਲੋਂ ਡੀ.ਜੀ.ਪੀ. ਨੂੰ ਲਿਖੀ ਚਿੱਠੀ ਦੇ ਅਖੀਰ ‘ਚ ਕਿਹਾ ਗਿਆ ਕਿ ਜੇ ਦੋ ਹਫਤਿਆਂ ਵਿਚ ਕਾਰਵਾਈ ਨਹੀਂ ਹੁੰਦੀ ਤਾਂ ਉਹ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਜੇ ਅੱਗੇ ਤੋਂ ਅਜਿਹੀ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸਲ ਲਈ ਪੁਲਿਸ ਪ੍ਰਸ਼ਾਸਨ, ਡੀ.ਜੀ.ਪੀ. ਪੰਜਾਬ ਅਤੇ ਗ੍ਰਹਿ ਵਿਭਾਗ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।