ਚੰਡੀਗੜ੍ਹ: ਕੈਪਟਨ ਅਮਰਿੰਦਰ ਨੇ ‘ਆਪ’ ਨੂੰ ਸਾਬਤ ਕਰਨ ਦੀ ਚੁਣੌਤੀ ਦਿੱਤੀ ਹੈ ਕਿ ਉਨ੍ਹਾਂ ਦਾ ਮੈਨਿਫੈਸਟੋ ਕਾਂਗਰਸ ਵੱਲੋਂ ਹਾਲ ਹੀ ‘ਚ ਕੀਤੇ ਗਏ ਐਲਾਨਾਂ ਦੀ ਕਾਰਬਨ ਕਾਪੀ ਨਹੀਂ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪ ਮੈਨਿਫੈਸਟੋ ਦੀਆਂ ਮੁੱਖ ਵਿਸ਼ੇਸ਼ਤਾਵਾਂ ਪਹਿਲਾਂ ਹੀ ਕਾਂਗਰਸ ਵੱਲੋਂ ਸਾਹਮਣੇ ਲਿਆਉਂਦੀਆਂ ਜਾ ਚੁੱਕੀਆਂ ਹਨ। ਨਸਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਝੂਠੇ ਕੇਸ ਦਰਜ ਕਰਨਾ, ਸਾਡੇ ਪ੍ਰਚਾਰ ਦੀਆਂ ਅਹਿਮ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਨੇ ਸਵਾਲ ਕੀਤਾ ਹੈ ਕਿ ਆਪ ਕੋਲ ਪੇਸ਼ ਕਰਨ ਵਾਸਤੇ ਨਵਾਂ ਕੀ ਹੈ।
ਇਸੇ ਤਰ੍ਹਾਂ, ਆਪ ਦੇ ਦਾਅਵਿਆਂ ਕਿ ਉਹ ਛੇ ਮਹੀਨਿਆਂ ਦੌਰਾਨ ਪੂਰੇ ਸੂਬੇ ‘ਚ ਗਏ ਤੇ ਇਹ ਮੈਨਿਫੈਸਟੋ ਲੈ ਕੇ ਆਏ ਹਨ, ‘ਤੇ ਪ੍ਰਤੀਕ੍ਰਿਆ ਜਾਹਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਉਸ ਪਾਰਟੀ ਦਾ ਚਰਿੱਤਰ ਹੈ, ਜਿਸਦਾ ਸੂਬੇ ਨਾਲ ਕੋਈ ਇਤਿਹਾਸ, ਕੋਈ ਸੰਸਕ੍ਰਿਤੀ, ਕੋਈ ਜਾਣਕਾਰੀ ਤੇ ਕੋਈ ਅਪਣਾਪਣ ਜੁੜਿਆ ਨਹੀਂ ਹੈ ਅਤੇ ਉਸਨੂੰ ਮੂਲ ਮੁੱਦੇ ਲੱਭਣ ਵਾਸਤੇ ਵੀ ਪਸੀਨਾ ਵਹਾਉਣਾ ਪਿਆ ਹੈ।
![Capt. Amarinder Singh [File Photo]](http://sikhsiyasat.net/wp-content/uploads/2016/07/Capt.-Amarinder-copy.png)
ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕਿਸਾਨਾਂ ਵੱਲੋਂ ਖੁਦਕੁਸ਼ੀਆਂ ਤੇ ਝੂਠੇ ਕੇਸਾਂ ਬਾਰੇ ਜਾਣਨ ਲਈ ਛੇ ਮਹੀਨਿਆਂ ਦੀ ਲੋੜ ਨਹੀਂ ਹੈ। ਇਕ ਛੋਟਾ ਜਿਹਾ ਬੱਚਾ ਵੀ ਇਸ ਬਾਰੇ ਤੁਹਾਨੂੰ ਦੱਸ ਸਕਦਾ ਹੈ।
ਇਸ ਲੜੀ ਹੇਠ ਮੈਨਿਫੈਸਟੋ ਦੇ ਐਲਾਨਾਂ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿਥੇ ਆਪ ਨੇ 25 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ, ਉਸਨੂੰ ਉਹ ਪਹਿਲਾਂ ਹੀ ਹਰੇਕ ਪਰਿਵਾਰ ਦੇ ਇਕ ਵਿਅਕਤੀ ਨੂੰ ਨੌਕਰੀ ਦੇਣ ਦਾ ਐਲਾਨ ਕਰਦਿਆਂ ਕਰ ਚੁੱਕੇ ਹਨ, ਤਾਂ ਜੋ ਹਰੇਕ ਪਰਿਵਾਰ ਨੂੰ ਜਿਉਣ ਲਈ ਉਚਿਤ ਤੇ ਸਨਮਾਨਜਨਕ ਆਮਦਨ ਮਿਲ ਸਕੇ।
ਆਪ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਸਬੰਧੀ ਐਲਾਨ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕਹਿੰਦੇ ਹਨ ਕਿ ਇਹ ਇਸਨੂੰ ਛੇ ਮਹੀਨਿਆਂ ‘ਚ ਖਤਮ ਕਰਨਗੇ, ਉਨ੍ਹਾਂ ਨੇ ਇਸਨੂੰ ਚਾਰ ਹਫਤਿਆਂ ਅੰਦਰ ਕਰਨ ਦਾ ਵਾਅਦਾ ਕੀਤਾ ਹੈ ਅਤੇ ਉਹ ਇਹ ਕੰਮ ਇਸ ਤੋਂ ਵੀ ਪਹਿਲਾਂ ਕਰ ਦੇਣਗੇ।
ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਮੁੱਦੇ ‘ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਕਰ ਚੁਕੇ ਹਨ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਪਹਿਲੇ ਦਿਨ ਹੀ ਸਾਰੇ ਝੂਠੇ ਕੇਸ ਰੱਦ ਕਰ ਦਿੱਤੇ ਜਾਣਗੇ, ਜੋ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਫੈਸਲਾ ਹੋਵੇਗਾ।
ਜਦਕਿ ਆਪ ਦੇ ਸਰਕਾਰੀ ਨੌਕਰੀਆਂ ‘ਚ ਭਰਤੀ ਲਈ ਅਰਜ਼ੀ ਫੀਸ ਬੰਦ ਕਰਨ ਦੇ ਐਲਾਨ ਸਬੰਧੀ ਉਨ੍ਹਾਂ ਨੇ ਕਿਹਾ ਕਿ ਉਹ ਵਾਰ ਵਾਰ ਨੌਜਵਾਨਾਂ ਨਾਲ ਆਪਣੀਆਂ ਸਾਰੀਆਂ ਮੀਟਿੰਗਾਂ ਤੇ ਚਰਚਾਵਾਂ ‘ਚ ਇਸ ਬਾਰੇ ਐਲਾਨ ਕਰ ਰਹੇ ਹਨ।
ਕਾਲਜ਼ਾਂ ‘ਚ ਫ੍ਰੀ ਵਾਈਫਾਈ ਤੇ ਹੌਟਸਪੌਟ ਜ਼ੋਨ ਮੁਹੱਈਆ ਕਰਵਾਉਣ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਸਦਾ ਵੀ ਭਵਿੱਖ ਦਿੱਲੀ ਵਾਂਗ ਹੋਵੇਗਾ, ਜਿਥੇ ਆਪ ਨੇ ਚੋਣਾਂ ਤੋਂ ਪਹਿਲਾਂ ਫ੍ਰੀ ਵਾਈਫਾਈ ਦਾ ਵਾਅਦਾ ਕੀਤਾ ਸੀ। ਹਾਲਾਂਕਿ, ਉਹ ਇਸਨੂੰ ਕਾਲਜ਼ਾਂ ਤੇ ਯੂਨੀਵਰਸਿਟੀਆਂ ‘ਚ ਮੁਹੱਈਆ ਕਰਵਾਉਣ ਦਾ ਵਾਅਦਾ ਕਰ ਚੁੱਕੇ ਹਨ ਅਤੇ ਉਹ ਅਜਿਹਾ ਕਰਨਗੇ।
ਇਸੇ ਤਰ੍ਹਾਂ, ਵਿਦੇਸ਼ ਰੋਜ਼ਗਾਰ ਯੂਥ ਬੋਰਡ ਤੇ ਪੰਜਾਬ ਓਵਰਸੀਜ਼ ਇੰਪਲਾਇਮੇਂਟ ਕਾਰਪੋਰੇਸ਼ਨ ਬਣਾਉਣ ਸਬੰਧੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਸਾਡੇ ਇਮੀਗ੍ਰੇਸ਼ਨ ਪ੍ਰਮੋਸ਼ਨ ਬੋਰਡ ਦੀ ਪੂਰੀ ਨਕਲ ਹੈ, ਜਿਸਦਾ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ।
ਇਸੇ ਤਰ੍ਹਾਂ, ਆਪ ਨੇ ਬਿਜਨੇਸ ‘ਤੇ ਸੱਤਾਧਾਰੀਆਂ ਦਾ ਏਕਾਧਿਕਾਰ ਖਤਮ ਕਰਨ ਦਾ ਵਾਅਦਾ ਕੀਤਾ ਹੈ ਤੇ ਕਿਹਾ ਹੈ ਕਿ ਉਹ ਸਰਕਾਰੀ ਠੇਕੇ ਨੌਜਵਾਨਾਂ ਨੂੰ ਦੇਣਗੇ।
ਉਨ੍ਹਾਂ ਨੇ ਸਵਾਲ ਕੀਤਾ ਕਿ ਇਸਦਾ ਸਾਡੇ ਬਾਦਲਾਂ ਦਾ ਏਕਾਧਿਕਾਰ ਖਤਮ ਕਰਨ ਸਬੰਧੀ ਐਲਾਨਾਂ ਨਾਲ ਕੀ ਅੰਤਰ ਹੈ? ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜਿਥੇ ਰੇਤ ਦੇ ਖਨਨ ਦਾ ਉਦਾਰੀਕਰਨ ਕੀਤਾ ਜਾਵੇਗਾ, ਟ੍ਰਾਂਸਪੋਰਟ ਤੇ ਕੇਬਲ ਦੇ ਬਿਜਨੇਸ ‘ਚ ਨੌਜ਼ਵਾਨਾਂ ਦੀ ਹਿੱਸੇਦਾਰੀ ਕਾਇਮ ਕੀਤੀ ਜਾਵੇਗੀ।
ਇਸ ਤੋਂ ਇਲਾਵਾ, ਅਸੀਂ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਲੋਨ ਸਮੇਤ ਬੱਸਾਂ ਦੀ ਪਰਮਿਟ ਵੀ ਦੇਵਾਂਗੇ। ਅਸੀਂ ਇਹ ਵੀ ਐਲਾਨ ਕੀਤਾ ਹੈ ਕਿ ਨਾ ਸਿਰਫ ਕੇਬਲ ਦੀ ਵੰਡ, ਬਲਕਿ ਜਿਹੜਾ ਵੀ ਪੰਜਾਬ ‘ਚ ਨਿਊਜ਼ ਚੈਨਲ ਸਥਾਪਤ ਕਰਨਾ ਚਾਹੁੰਦਾ ਹੈ, ਉਸਨੂੰ ਪੂਰੀ ਅਜ਼ਾਦੀ ਦਿੱਤੀ ਜਾਵੇਗੀ।