ਅੰਮ੍ਰਿਤਸਰ ਸਾਹਿਬ: ਦਲ ਖ਼ਾਲਸਾ ਨੇ ਅੱਜ 14 ਅਕਤੂਬਰ ਨੂੰ ਫਰੀਦਕੋਟ ਜ਼ਿਲੇ ਵਿੱਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਅੰਨੇਵਾਹ ਕੀਤੀ ਫਾਇਰੰਗ ਦੌਰਾਨ ਮਾਰੇ ਗਏ ਦੋ ਸਿੱਖਾਂ ਗੁਰਜੀਤ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ਉਪਰ ਧਾਰਾ 302 ਤਹਿਤ ਕੇਸ ਦਰਜ ਨਾ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ।

ਉਹਨਾਂ ਕਿਹਾ ਕਿ ਇਸ ਦੁਖਦਾਈ ਘਟਨਾ ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਸਿੱਖ ਕੌਮ ਵੱਲੋਂ ਰੋਸ ਪ੍ਰਦਰਸ਼ਨ, ਧਰਨੇ ਅਤੇ ਬੰਦ ਕੀਤੇ ਗਏ ਹਨ ਪਰ ਅੱਜ ਤੱਕ ਬਾਵਜੂਦ ਇਸਦੇ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ।ਉਹਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਨਾਲ ਅਕਾਲੀਆਂ ਦਾ ਦੋਹਰਾ ਚਿਹਰਾ ਕੌਮ ਦੇ ਸਾਹਮਣੇ ਨੰਗਾ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਪਹੁੰਚੀ ਠੇਸ ਨੂੰ ਠੀਕ ਕਰਨ ਲਈ ਮੁਖ ਮੰਤਰੀ ਆਪਣਾ ਸਹੀ ਅਤੇ ਯੋਗ ਰੋਲ ਅਦਾ ਕਰਨ।
ਇਥੇ ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਦੇ ਮੁਖ ਬੁਲਾਰੇ ਕੰਵਰਪਾਲ ਸਿੰਘ ਅਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਅਤੇ ਅੰਮ੍ਰਿਤਸਰ ਜ਼ਿਲਾ ਪ੍ਰਧਾਨ ਗਗਨਦੀਪ ਸਿੰਘ ਨੂੰ 9 ਅਕਤੂਬਰ ਤੋਂ ਜਥੇਦਾਰਾਂ ਦੁਆਰਾ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਦੇ ਵਿਰੋਧ ਵਿੱਚ ਲਗਾਏ ਗਏ ਪੋਸਟਰਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਅੱਜ ਉਹਨਾਂ ਨੂੰ ਪੁਲਿਸ ਕਮਿਸ਼ਨਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 2 ਨਵੰਬਰ ਤੱਕ ਮੁੜ ਉਹਨਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਹਨਾਂ ਨੇ ਆਪਣੀ ਗ੍ਰਿਫਤਾਰੀ ਦੇ ਸਬੰਧ ਵਿੱਚ ਬੋਲਦਿਆਂ ਕਿਹਾ ਕਿ ਇਹ ਸਭ ਬਾਦਲਾਂ ਦੁਆਰਾ ਰਚੇ ਗਏ “ਮੁਆਫੀ ਡਰਾਮੇ” ਨੂੰ ਨੰਗਾ ਕਰਨ ਕਰਕੇ ਕੀਤੀ ਗਈ ਹੈ।ਕੰਵਰਪਾਲ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਥੇਦਾਰਾਂ ਨੇ ਆਪਣੇ ਗਲਤ ਫੈਸਲੇ ਨੂੰ ਵਾਪਸ ਤਾਂ ਲੈ ਲਿਆ ਪਰ ਫਿਰ ਵੀ ਉਹਨਾਂ ਨੂੰ ਬਿਨਾਂ ਕਿਸੇ ਵਾਜਿਬ ਕਾਨੂੰਨੀ ਕਾਰਨ ਦੇ ਜ਼ੇਲ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਸਭ ਤੋਂ ਮਾੜੀ ਗੱਲ ਹੈ ਕਿ ਨਿਆਂਇਕ ਪ੍ਰਣਾਲੀ ਸਰਕਾਰ ਦੀ ਇਸ ਧੱਕੇਸ਼ਾਹੀ ਖਿਲਾਫ ਚੁੱਪ ਹੈ।
ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਅਤੇ ਰਾਗੀਆਂ ਦੁਆਰਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਪੰਜਾਂ ਜਥੇਦਾਰਾਂ ਨੂੰ ਆਪਣੇ ਅਹੁਦਿਆਂ ਦਾ ਹੁਣ ਤੁਰੰਤ ਤਿਆਗ ਕਰ ਦੇਣਾ ਚਾਹੀਦਾ ਹੈ, ਕਿਉਂਕਿ ਗਲਤ ਫੈਸਲਾ ਕਰਕੇ ਜਥੇਦਾਰ ਕੌਮ ਦਾ ਵਿਸਵਾਸ਼ ਗਵਾ ਚੁੱਕੇ ਹਨ।
ਉਹਨਾਂ ਨੇ ਬਰਗਾੜੀ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ਵਿੱਚ ਦੋ ਭਰਾਵਾਂ ਦੀ ਗ੍ਰਿਫਤਾਰੀ ਉਪਰ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਪਾਰਦਰਸ਼ਤਾ ਦਿਖਾਉਂਦੇ ਹੋਏ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਲੁਕਵੇਂ ਚਿਹਰਿਆਂ ਨੂੰ ਨੰਗਾ ਕਰਨਾ ਚਾਹੀਦਾ ਹੈ।
ਉਹਨਾਂ ਰੋਸ ਪ੍ਰਦਰਸ਼ਨ ਕਰ ਰਹੀ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਮ ਪਬਲਿਕ ਲਈ ਕੋਈ ਮੁਸ਼ਕਿਲ ਨਾ ਪੈਦਾ ਕੀਤੀ ਜਾਵੇ ਤਾਂ ਜੋ ਆਮ ਜਨਤਾ ਇਹਨਾਂ ਰੋਸ ਪ੍ਰਦਰਸ਼ਨਾਂ ਦੀ ਇਸੇ ਤਰਾਂ ਹਮਾਇਤੀ ਬਣੀ ਰਹੇ। ਉਹਨਾਂ ਸਿੱਖ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣਾ ਰੋਹ ਅਤੇ ਤਾਕਤ ਨੂੰ ਉਹਨਾਂ ਵਿਅਕਤੀਆਂ ਦੇ ਖਿਲਾਫ ਵਰਤਣਾ ਚਾਹੀਦਾ ਹੈ ਜੋ ਸਿੱਖ ਸੰਸਥਾਵਾਂ ਨੂੰ ਨਿਘਾਰ ਵੱਲ ਲੈ ਕੇ ਜਾ ਰਹੇ ਹਨ।