ਚੰਡੀਗੜ੍ਹ (31 ਦਸੰਬਰ, 2015): ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2017 ਲਈ ਕਵਾਇਦ ਪੁਰੀ ਤਰਾਂ ਸ਼ੁਰੂ ਹੋ ਚੁੱਕੀ ਹੈ। ਬਾਦਲ ਦਲ ਅਤੇ ਕਾਂਗਰਸ ਵੱਲੋਂ ਰੈਲੀਆਂ ਕਰਕੇ ਆਪੋ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾ ਚੁੱਕਿਆ ਹੈ।ਆਮ ਆਦਮੀ ਪਾਰਟੀ ਦੇ ਸਿਆਸੀ ਮੈਦਾਨ ਵਿੱਚ ਆਉਣ ਨਾਲ ਇਸ ਵਾਰ ਪੰਜਾਬ ਦਾ ਸਿਆਸੀ ਮਾਹੌਲ ਕੁੱਝ ਵੱਖਰੇ ਤਰਾਂ ਦਾ ਹੈ।

ਆਮ ਆਦਮੀ ਪਾਰਟੀ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਲੋਕ ਸਭਾ ਸੀਟਾਂ ਜਿੱਤ ਕੇ ਅਤੇ ਦਿੱਲੀ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਪ੍ਰਭਾਵਸ਼ਾਲੀ ਰਾਜੀ ਪਾਰਟੀ ਵਜੋਂ ਉੱਭਰੀ ਹੈ।ਆਮ ਆਦਮੀ ਪਾਰਟੀ ਨੇ ਪੰਜਾਬ ਦੇ ਆਮ ਲੋਕਾਂ ਵਿੱਚ ਜਿੱਥੇ ਚੰਗਾ ਅਧਾਰ ਕਾੲਮਿ ਕਰ ਲਿਆ ਹੈ, ਉੱਥੇ ਪਾਰਟੀ ਹੋਰ ਪਾਰਟੀਆਂ ਵਿੱਚ ਚੰਗੇ ਅਕਸ਼ ਵਾਲੇ ਮੰਨੇ ਜਾਂਦੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ ਲ਼ਿਆ ਕੇ ਆਪਣਾ ਪੱਲੜਾ ਭਾਰੀ ਕਰ ਰਹੀ ਹੈ।
ਪਿਛਲੇ ਦਿਨੀ ਕਾਂਗਰਸ ਦੇ ਬੇਬਾਕ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਤੇ ਸਮਾਣਾ ਦੇ ਸਾਬਕਾ ਵਿਧਾਇਕ ਰਾਜਲਾ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਚੁੱਕੀ ਹੈ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਪੰਜਾਬ ਪੀਪਲਜ਼ ਪਾਰਟੀ ਦੇ ਪ੍ਰਧਾਨ ਤੇ ਰਾਜ ਦੇ ਸਾਬਕਾ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਦੀ ਰਾਜਨੀਤੀ ਬਾਰੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਵਿਚ ਹਨ ਅਤੇ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਐਾਲਨ ਕਿਸੇ ਸਮੇਂ ਵੀ ਕਰ ਸਕਦੇ ਹਨ।
ਜਾਣਕਾਰ ਹਲਕਿਆਂ ਅਨੁਸਾਰ ਸ. ਮਨਪ੍ਰੀਤ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਤੱਕ ਕੋਸ਼ਿਸ਼ਾਂ ਕਰਦੇ ਰਹੇ ਕਿ ਪੀ.ਪੀ.ਪੀ. ਤੇ ਕਾਂਗਰਸ ਵਿਚਾਲੇ ਰਾਜ ਵਿਧਾਨ ਸਭਾ ਦੀਆਂ 2017 ਵਿਚ ਹੋਣ ਵਾਲੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਕੋਈ ਨਾ ਕੋਈ ਸਮਝੌਤਾ ਜਾਂ ਸੀਟਾਂ ਦਾ ਲੈਣ ਦੇਣ ਹੋ ਜਾਏ, ਪਰ ਗੱਲ ਬਣ ਨਹੀਂ ਸਕੀ।
ਮਨਪ੍ਰੀਤ ਸਿੰਘ ਬਾਦਲ ਦੀ ਇੱਛਿਆ ਹੈ ਕਿ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਵੀ ਕਾਂਗਰਸ ਟਿਕਟ ਦਿੱਤੀ ਜਾਏ ਪਰ ਵਿਧਾਨ ਸਭਾ ਵਿਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਬਹੁਜਨ ਸਮਾਜ ਪਾਰਟੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਗਠਜੋੜ ਕਰਨ ਦਾ ਇਰਾਦਾ ਰੱਖਦੇ ਹਨ। ਬਸਪਾ ਦੁਆਬਾ ਦਾ ਕਿਸੇ ਜ਼ਮਾਨੇ ਵਿਚ ਸਿਆਸੀ ਗੜ੍ਹ ਮੰਨਿਆ ਜਾਂਦਾ ਸੀ।
ਦੱਸਿਆ ਜਾਂਦਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਚਾਹੁਦੇ ਹਨ ਕਿ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਤੇ ਫਿਰੋਜ਼ਪੋਰ ਜ਼ਿਲ੍ਹਿਆਂ ਵਿਚ ਉਨ੍ਹਾਂ ਦੇ ਪੁਰਾਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਪੀ.ਪੀ.ਪੀ. ਦੇ ਸਿਆਸੀ ਭਵਿੱਖ ਦਾ ਕੋਈ ਸਰਵ ਪ੍ਰਵਾਨਤ ਫੈਸਲਾ ਲਿਆ ਲਿਆ ਜਾਏ।