ਸ੍ਰੀ ਮੁਕਤਸਰ ਸਾਹਿਬ ( 9 ਜਨਵਰੀ, 2016): ਪੰਜਾਬ ਵਿਧਾਨ ਸਭਾ ਦੀਆਂ 2017 ਵਿੱਚ ਆ ਰਹੀਆਂ ਆਮ ਚੋਣਾਂ ਲਈ ਭੱਜ-ਨੱਠ ਸ਼ੁਰੂ ਹੋ ਗਈ ਹੈ। ਵੱਖ-ਵੱਖ ਪਾਰਟੀਆਂ ਨੇ ਸਿਆਸੀ ਗਠਜੋੜ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਅਤੇ ਨਵੀ ਉੱਭਰ ਰਹੀ ਪਾਰਟੀ ਆਮ ਪਾਰਟੀ ਨੇ ਮਾਘੀ ਮੇਲੇ ਮੌਕੇ ਇੱਕ ਦੂਜੇ ਤੋਂ ਵੱਡੀਆਂ ਕਾਨਫਰੰਸਾਂ ਕਰਨ ਲਈ ਜੋਰ ਲਾ ਲਈਆਂ ਹਨ।

ਪੰਜਾਬ ਦੇ ਮੌਜੂਦਾ ਸਿਆਸੀ ਘਮਸਾਨ ਵਿੱਚ ਅਜੇ ਤੱਕ ਚੁੱਪ ਬੈਠੀ ਮਨਪ੍ਰੀਤ ਸਿਘ ਬਾਦਲ ਦੀ ਅਗਵਾਈ ਵਾਲੀ ਪੀ ਪੀ ਪਾਰਟੀ ਵੀ ਮਾਘੀ ਦੇ ਜੋੜ ਮੇਲੇ ਮੌਕੇ ਆਪਣੇ ਭਵਿੱਖਤ ਰਾਜਨੀਤੀ ਦੇ ਪੱਤੇ ਖੋਲੇਗੀ।
ਇਸ ਤੋਂ ਪਹਿਲਾਂ ਪੀਪੀ ਪ੍ਰਧਾਨ ਮਨਪ੍ਰੀਤ ਬਾਦਲ ਦੇ ਆਮ ਆਦਮੀ ਪਾਰਟੀ ਅਤੇ ਕਾਂਗਰਸ ੱਿਵਚ ਜਾਣ ਦੇ ਕਾਫੀ ਚਰਚੇ ਰਹੇ ਹਨ। ਇਨ੍ਹਾਂ ਚਰਚਿਆਂ ਦਾ ਜਵਾਬ ਵੀ
13 ਜਨਵਰੀ ਨੂੰ ਮਨਪ੍ਰੀਤ ਬਾਦਲ ਖ਼ੁਦ ਮੁਕਤਸਰ ਵਿਖੇ ਦੇਣਗੇ। ਉਨ੍ਹਾਂ ਨੇ ਇਸ ਸਬੰਧੀ ਮੁਕਤਸਰ ਵਿਖੇ ਆਪਣੇ ਰਿਸ਼ਤੇਦਾਰ ਅਤੇ ਪੀਪੀਪੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਹੈ।
ਸੂਤਰਾਂ ਅਨੁਸਾਰ ਇਸ ਮੌਕੇ ਉਹ ਆਪਣੀ ਭਵਿੱਖ ਦੀ ਸਿਆਸੀ ਯੋਜਨਾ ਬਾਰੇ ਸਲਾਹ ਕਰ ਕੇ ਫ਼ੈਸਲਾ ਲੈਣਗੇ, ਜਿਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਰਣਨੀਤੀ ਤੈਅ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਮਾਘੀ ਮੇਲੇ ਹੋਣ ਵਾਲੀਆਂ ਕਾਨਫ਼ਰੰਸਾਂ ਸਬੰਧੀ ਹਾਲੇ ਤੱਕ ਪੀਪੀਪੀ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਖ਼ੁਦ ਕਾਨਫ਼ਰੰਸ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਪੀਪੀਪੀ ਦੇ ਬਹੁਤੇ ਵਰਕਰ ਤੇ ਕਈ ਆਗੂ ਮੁਕਤਸਰ ਵਿਖੇ ਹੋਣ ਵਾਲੀਆਂ ਕਾਂਗਰਸ ਪਾਰਟੀ ਦੀਆਂ ਅਹਿਮ ਮੀਟਿੰਗਾਂ ਵਿੱਚ ਸ਼ਾਮਲ ਵੀ ਹੁੰਦੇ ਰਹੇ ਹਨ।
ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਨੀ ਫੱਤਣਵਾਲਾ ਨੇ ਦੱਸਿਆ ਕਿ 13 ਜਨਵਰੀ ਦੀ ਮੀਟਿੰਗ ਵਿੱਚ ਪਾਰਟੀ ਦੀ ਯੋਜਨਾ ਦਾ ਖ਼ੁਲਾਸਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਕਾਨਫ਼ਰੰਸ ਵਰਗਾ ਹੀ ਇਕੱਠ ਹੋਵੇਗਾ।