ਅੰਮ੍ਰਿਤਸਰ ( 9 ਜਨਵਰੀ, 2015): ਸਰਬੱਤ ਖਾਲਸਾ ਸਮਾਗਮ ਦੌਰਾਨ ਅਕਾਲ ਤਖਤ ਸਾਹਿਬ ਦੇ ਥਾਪੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕਾਰਕੂਨ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਿੱਲੀ ਵੱਲ ਕਾਫਲੇ ਦੇ ਰੂਪ ਵਿੱਚ ਰਵਾਨਾ ਹੋਏ।

ਇਸ ਕਾਫਲੇ ਵਿੱਚ ਮਾਨ ਦਲ ਦੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਆਦਿ ਸ਼ਾਮਲ ਹਨ, ਜਿਨ੍ਹਾਂ ਨੇ ਰਵਾਨਗੀ ਤੋਂ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ।
ਸ੍ਰ. ਸਖੀਰਾ ਨੇ ਦੱਸਿਆ ਕਿ ਸਰਬੱਤ ਖ਼ਾਲਸਾ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਅਹੁਦੇ ਤੋਂ ਹਟਾਉਣ ਮਗਰੋਂ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ ਸੀ ਤੇ ਹੁਣ ਹਵਾਰਾ ਦਾ ਬਤੌਰ ਜਥੇਦਾਰ ਸਨਮਾਨ ਕੀਤਾ ਜਾਵੇਗਾ। ਇਸ ਮੰਤਵ ਲਈ ਪਾਰਟੀ ਆਗੂਆਂ ਦਾ ਕਾਫਲਾ ਅਕਾਲ ਤਖ਼ਤ ਤੋਂ ਰਵਾਨਾ ਹੋਇਆ, ਜੋ ਅੱਜ ਰਾਤ ਫਤਹਿਗੜ੍ਹ ਸਾਹਿਬ ਰੁਕਣ ਤੋਂ ਬਾਅਦ 10 ਜਨਵਰੀ ਨੂੰ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਵੱਲ ਰਵਾਨਾ ਹੋਵੇਗਾ।
10 ਜਨਵਰੀ ਨੂੰ ਗੁ: ਸ੍ਰੀ ਰਕਾਬਗੰਜ਼ ਸਾਹਿਬ ਵਿਖੇ ਰੁਕਣ ਉਪਰੰਤ 11 ਜਨਵਰੀ ਨੂੰ ਪਟਿਆਲਾ ਹਾਊਸ ਕਚਿਹਰੀ ਵਿਖੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧੀ ਸਬੰਧਤ ਵਿਭਾਗ ਤੋਂ ਮਨਜ਼ੂਰੀ ਲੲੀ ਗੲੀ ਹੈ ਅਤੇ ਕੁਝ ਆਗੂ 11 ਜਨਵਰੀ ਨੂੰ ਪਟਿਆਲਾ ਹਾਊਸ ਅਦਾਲਤ ਵਿੱਚ ਪੇਸ਼ੀ ਦੌਰਾਨ ਅਕਾਲ ਤਖ਼ਤ ਤੋਂ ਲਿਆਂਦਾ ਸਿਰੋਪਾਓ ਹਵਾਰਾ ਨੂੰ ਭੇਟ ਕਰਨਗੇ।
ਉਨ੍ਹਾਂ ਆਖਿਆ ਕਿ ਜਦੋਂ ਤਕ ਜਗਤਾਰ ਸਿੰਘ ਹਵਾਰਾ ਜੇਲ੍ਹ ਵਿੱਚ ਹਨ, ਉਨ੍ਹਾਂ ਦੀ ਥਾਂ ਕੰਮ ਕਰਨ ਲਈ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ , ਪਰ ਸਰਕਾਰ ਵੱਲੋਂ ਸਮੂਹ ਸਿੱਖ ਆਗੂਆਂ ਨੂੰ ਦੇਸ਼ ਧਰੋਹ ਦੇ ਮਾਮਲੇ ਵਿੱਚ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ। ੳੁਨ੍ਹਾਂ ਕਿਹਾ ਕਿ ਇਹ ਸਿੱਖ ਧਰਮ ਵਿੱਚ ਸਿੱਧੇ ਤੌਰ ’ਤੇ ਸਿਆਸੀ ਦਖ਼ਲਅੰਦਾਜ਼ੀ ਹੈ।