ਅੰਮ੍ਰਿਤਸਰ (23 ਜਨਵਰੀ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਵਿੱਚ ਕਾਗਰਸ ਦੇ ਡਿਪਟੀ ਆਗੂ ਕੈਪਟਨ ਅਮਰਿੰਦਰ ਸਿੰਘ ਵੱਲੋਂ 24 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾ ਰਹੀ ‘ਲਲਕਾਰ’ ਰੈਲੀ ਨੂੰ ਵਿਸ਼ਾਲ ਰੂਪ ਦੇਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਇਸ ਖੇਮੇ ਵੱਲੋਂ ਰੈਲੀ ਵਿਚਲੇ ਵਿਸ਼ਾਲ ਇਕੱਠ ਦੇ ਆਧਾਰ ‘ਤੇ ਜਿੱਥੇ ਪੰਜਾਬ ਦੀ ਸਿਆਸਤ ਵਿੱਚ ਆਪਣੀ ਠੋਸ ਹੋਂਦ ਦਰਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉਥੇ ਰੈਲੀ ਦਾ ਮੁੱਖ ਟੀਚਾ ਪਾਰਟੀ ਹਾਈ ਕਮਾਂਡ ਨੂੰ ਇਹ ਦੱਸਣਾ ਵੀ ਹੈ ਕਿ ਬਾਜਵਾ ਦੇ ਪ੍ਰਧਾਨ ਹੋਣ ਦੇ ਬਾਵਜੂਦ ਰਾਜ ਵਿੱਚ ਕੈਪਟਨ ਦਾ ਵਿਸ਼ਾਲ ਆਧਾਰ ਹੈ। ਇਸ ਰੈਲੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਕਈ ਨਵੇਂ ਸਮੀਕਰਨ ਬਣਨ ਦੇ ਆਸਾਰ ਹਨ।
ਕਾਂਗਰਸੀਆਂ ਵੱਲੋਂ 24 ਜਨਵਰੀ ਨੂੰ ਨਸ਼ਿਆਂ ਖ਼ਿਲਾਫ਼ ਕੀਤੀ ਜਾ ਰਹੀ ਲਲਕਾਰ ਰੈਲੀ ਸਿਰਫ਼ ਕੈਪਟਨ ਧੜੇ ਦਾ ਸ਼ਕਤੀ ਪ੍ਰਦਰਸ਼ਨ ਸ਼ੋਅ ਸਾਬਤ ਹੋਵੇਗੀ ਕਿਉਂਕਿ ਇਸ ਵਿੱਚੋਂ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਧੜੇ ਦੇ ਗ਼ੈਰਹਾਜ਼ਰ ਰਹਿਣ ਦੀ ਸੰਭਾਵਨਾ ਹੈ।
ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਇੱਥੇ ਰਣਜੀਤ ਐਵੇਨਿਊ ਵਿੱਚ ਕੀਤੀ ਜਾ ਰਹੀ ਇਸ ਰੈਲੀ ਵਿੱਚ ਪੰਜਾਬ ਭਰ ਤੋਂ ਕਾਂਗਰਸੀ ਕਾਰਕੁਨਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਰੈਲੀ ਰਾਹੀਂ ਕੈਪਟਨ ਧੜਾ ਜਿੱਥੇ ਸ਼ਕਤੀ ਪ੍ਰਦਰਸ਼ਨ ਕਰ ਰਿਹਾ ਹੈ, ਉਥੇ ਭਵਿੱਖ ਵਿੱਚ ਪੰਜਾਬ ਕਾਂਗਰਸ ਦੀ ਵਾਗਡੋਰ ਸਾਂਭਣ ਦਾ ਦਾਅਵਾ ਵੀ ਪੇਸ਼ ਕਰਨ ਜਾ ਰਿਹਾ ਹੈ।
ਰੈਲੀ ਵਾਸਤੇ ਸਾਬਕਾ ਸੰਸਦ ਮੈਂਬਰ ਰਾਣਾ ਗੁਰਜੀਤ ਸਿੰਘ ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ, ਜਿਹੜੇ ਕਈ ਦਿਨਾਂ ਤੋਂ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਹਨ। ਰੈਲੀ ਦੀ ਸਫ਼ਲਤਾ ਲਈ ਕੈਪਟਨ ਧੜੇ ਵੱਲੋਂ ਦੂਜੇ ਧੜੇ ਦੇ ਜਾਂ ਨਾਰਾਜ਼ ਆਗੂਆਂ ਨੂੰ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ।
ਮਿਲੇ ਵੇਰਵਿਆਂ ਅਨੁਸਾਰ ਰੈਲੀ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਸਮੇਤ ਉਨ੍ਹਾਂ ਦਾ ਸਾਰਾ ਧੜਾ ਦੂਰੀ ਬਣਾ ਕੇ ਰੱਖੇਗਾ। ਇਸ ਬਾਰੇ ਬਾਜਵਾ ਨੇ ਦਾਅਵਾ ਕੀਤਾ ਕਿ ਰੈਲੀ ਵਾਸਤੇ ਕਾਂਗਰਸ ਹਾਈ ਕਮਾਂਡ ਕੋਲੋਂ ਪ੍ਰਵਾਨਗੀ ਨਹੀਂ ਲਈ ਗਈ। ਉਨ੍ਹਾਂ ਅਸਿੱਧੇ ਸ਼ਬਦਾਂ ਵਿੱਚ ਆਖਿਆ ਕਿ ਇਹ ਪੰਜਾਬ ਕਾਂਗਰਸ ਦੀ ਰੈਲੀ ਨਹੀਂ ਹੈ।
ਇਸ ਬਾਰੇ ਕਾਂਗਰਸ ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੇ ਆਖਿਆ ਕਿ ਉਨ੍ਹਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ ਹੈ ਅਤੇ ਉਹ ਰੈਲੀ ਵਿੱਚ ਸ਼ਾਮਲ ਹੋਣਗੇ।
ਦੂਜੇ ਪਾਸੇ ਰੈਲੀ ਦੇ ਕੋਆਰਡੀਨੇਟਰ ਰਾਣਾ ਗੁਰਜੀਤ ਸਿੰਘ ਨੇ ਆਖਿਆ ਕਿ ਰੈਲੀ ਬਾਰੇ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੋਵਾਂ ਨੂੰ ਜਾਣੂੰ ਕਰਾਇਆ ਜਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਵਿੱਚ ਕਾਂਗਰਸ ਦੇ ਪ੍ਰਮੁੱਖ ਆਗੂ ਸੁਨੀਲ ਜਾਖੜ, ਮਨੀਸ਼ ਤਿਵਾੜੀ, ਪ੍ਰਨੀਤ ਕੌਰ, ਮਹਿੰਦਰ ਸਿੰਘ ਕੇ.ਪੀ. ਸਮੇਤ 35 ਵਿਧਾਇਕ ਸ਼ਾਮਲ ਹੋਣਗੇ।
ਲੋਕ ਸਭਾ ਵਿੱਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ 24 ਜਨਵਰੀ ਦੀ ਅੰਮ੍ਰਿਤਸਰ ਰੈਲੀ ਅਕਾਲੀ ਦਲ-ਭਾਜਪਾ ਦੇ ਨਾਲ ਹਾਈ ਕਮਾਂਡ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਲਈ ਵੀ ‘ਲਲਕਾਰ’ ਹੋਵੇਗੀ।