ਚੰਡੀਗੜ੍ਹ (ਪ੍ਰਿੰ. ਸਰਵਣ ਸਿੰਘ): 8 ਤੋਂ 18 ਦਸੰਬਰ ਤਕ ਲਖਨਊ ਵਿੱਚ ਹੋ ਰਹੇ ਹਾਕੀ ਦੇ ਜੂਨੀਅਰ ਵਿਸ਼ਵ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ 18 ਖਿਡਾਰੀਆਂ ਵਿੱਚੋਂ 10 ਖਿਡਾਰੀ, ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ.ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ ਗਿੱਲ ਸਰੀ, ਕਬੀਰ ਔਜਲਾ ਸਰੀ, ਪਰਮੀਤ ਗਿੱਲ ਬਰੈਂਪਟਨ, ਰਾਜਨ ਕਾਹਲੋਂ ਵੈਨਕੂਵਰ ਤੇ ਰੋਹਨ ਚੋਪੜਾ ਓਟਵਾ ਪੰਜਾਬੀ ਪਿਛੋਕੜ ਦੇ ਹਨ। ਚਾਰ ਵਾਧੂ ਖਿਡਾਰੀਆਂ ਵਿੱਚੋਂ ਵੀ ਤਿੰਨ ਖਿਡਾਰੀ ਸਤਬੀਰ ਬਰਾੜ, ਸਾਹਿਬ ਸੂਰੀ ਤੇ ਟਾਰਜਨ ਸੰਧੂ ਪੰਜਾਬੀ ਮੂਲ ਦੇ ਰੱਖੇ ਗਏ ਹਨ। ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਪਿਛੋਕੜ ਦੇ ਮੈਂਬਰਾਂ ਦਾ ਵਾਧਾ ਹੋਇਆ, ਉਵੇਂ ਕੈਨੇਡਾ ਦੀ ਫੀਲਡ ਹਾਕੀ ਟੀਮ ’ਚ ਵੀ ਪੰਜਾਬੀ ਪਿਛੋਕੜ ਦੇ ਖਿਡਾਰੀਆਂ ਦੀ ਚੜ੍ਹਤ ਹੋ ਰਹੀ ਹੈ। 21 ਸਾਲ ਤੋਂ ਘੱਟ ਉਮਰੇ ਹਾਕੀ ਦੇ 22 ਜੂਨੀਅਰ ਖਿਡਾਰੀਆਂ ਵਿੱਚ 13 ਪੰਜਾਬੀ ਖਿਡਾਰੀਆਂ ਦਾ ਚੁਣੇ ਜਾਣਾ ਕਿਸੇ ਮਾਅਰਕੇ ਤੋਂ ਘੱਟ ਨਹੀਂ। ਉਂਜ ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਅਜੇ ਡੇਢ ਫੀਸਦੀ ਦੇ ਆਸ ਪਾਸ ਹੀ ਹੈ।
ਆਈਸ ਹਾਕੀ ਵਿੱਚ ਕੈਨੇਡਾ ਵਿਸ਼ਵ ਜੇਤੂ ਹੈ ਜਦ ਕਿ ਫੀਲਡ ਹਾਕੀ ਵਿੱਚ ਵੀ ਵਿਸ਼ਵ ਵਿਜੇਤਾ ਬਣਨ ਦੀਆਂ ਸੰਭਾਵਨਾਵਾਂ ਰੱਖਦਾ ਹੈ। ਦੁਨੀਆਂ ਵਿੱਚ ਸਵਾ ਸੌ ਤੋਂ ਵੱਧ ਮੁਲਕ ਮੈਦਾਨੀ ਹਾਕੀ ਖੇਡਦੇ ਹਨ। ਉਨ੍ਹਾਂ ਵਿਚੋਂ 12 ਮੁਲਕਾਂ ਦੀਆਂ ਟੀਮਾਂ ਹੀ ਓਲੰਪਿਕ ਦਾ ਹਿੱਸਾ ਬਣਦੀਆਂ ਹਨ। ਕੈਨੇਡਾ ਦੀਆਂ ਹਾਕੀ ਟੀਮਾਂ ਓਲੰਪਿਕ ਤੋਂ ਇਲਾਵਾ ਵਿਸ਼ਵ ਹਾਕੀ ਕੱਪ ਵੀ ਖੇਡ ਚੁੱਕੀਆਂ ਹਨ। ਕੈਨੇਡਾ ਦੀ ਲਗਪਗ ਹਰੇਕ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀ ਹੁੰਦਾ ਹੈ। ਬੀਜਿੰਗ-2008 ਓਲੰਪਿਕ ਖੇਡਾਂ ਲਈ ਜਿੱਥੇ ਭਾਰਤੀ ਹਾਕੀ ਟੀਮ ਕੁਆਲੀਫਾਈ ਨਾ ਕਰ ਸਕੀ, ਉਥੇ ਕੈਨੇਡਾ ਦੀ ਟੀਮ ਨੇ ਨਾ ਸਿਰਫ਼ ਕੁਆਲੀਫਾਈ ਕੀਤਾ ਬਲਕਿ ਉਸ ਟੀਮ ਵਿੱਚ 4 ਖਿਡਾਰੀ ਪੰਜਾਬੀ ਮੂਲ ਦੇ ਵੀ ਸਨ।

ਯਾਦ ਰਹੇ ਕਿ 2001 ਤੇ 2002 ਵਿੱਚ ਕੈਨੇਡਾ ਦੀ ਜਿਹੜੀ ਹਾਕੀ ਟੀਮ ਨੈਸ਼ਨਲ ਚੈਂਪੀਅਨ ਬਣੀ ਸੀ, ਉਹ ਬਰੈਂਪਟਨ ਸਪੋਰਟਸ ਕਲੱਬ ਦੀ ਸੀ ਤੇ ਉਸ ਦੇ ਸਾਰੇ ਖਿਡਾਰੀ ਪੰਜਾਬੀ ਸਰਦਾਰ ਸਨ। ਉਸੇ ਟੀਮ ਨੇ ਬਾਰਬੈਡੋਜ਼ ਵਿੱਚ ਹੋਏ ਪੈਨ ਅਮੈਰੀਕਨ ਹਾਕੀ ਕੱਪ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ। ਇਹ ਵੱਖਰੀ ਗੱਲ ਹੈ ਕਿ ਖਿਡਾਰੀਆਂ ਨੂੰ ਆਪਣੇ ਕੰਮਾਂ ਦੀਆਂ ਦਿਹਾੜੀਆਂ ਹੀ ਨਹੀਂ ਭੰਨਣੀਆਂ ਪਈਆਂ ਸਗੋਂ ਪੱਲਿਓਂ ਖਰਚਾ ਵੀ ਕਰਨਾ ਪਿਆ। ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਕੈਨੇਡਾ ਵਿੱਚ ਫੀਲਡ ਹਾਕੀ ਦੇ ਖਿਡਾਰੀ ਮਹਿੰਗਾ ਸ਼ੌਕ ਪਾਲ ਰਹੇ ਹਨ। ਉਨ੍ਹਾਂ ਨੂੰ ਕਬੱਡੀ ਖਿਡਾਰੀਆਂ ਵਾਂਗ ਡਾਲਰ ਨਹੀਂ ਮਿਲਦੇ।
ਕੈਨੇਡਾ ਵਿੱਚ ਵਸਦਾ ਪੰਜਾਬੀ ਭਾਈਚਾਰਾ ਜੇਕਰ ਆਪਣੇ ਖਿਡਾਰੀ ਵਿਸ਼ਵ ਚੈਂਪੀਅਨ ਜਾਂ ਕਾਮਨਵੈਲਥ ਦੇਸ਼ਾਂ ਦੇ ਚੈਂਪੀਅਨ ਬਣਾਉਣੇ ਚਾਹੁੰਦਾ ਹੈ ਤਾਂ ਹਾਕੀ ਸਭ ਤੋਂ ਸੌਖਾ ਜ਼ਰੀਆ ਹੈ। ਕੈਨੇਡਾ ਲਈ ਪੰਜਾਬ ’ਚੋਂ ਸਿੱਖੇ ਸਿਖਾਏ ਹੋਣਹਾਰ ਹਾਕੀ ਖਿਡਾਰੀ ਲਿਆਉਣੇ ਵੀ ਔਖੇ ਨਹੀਂ। ਪੰਜਾਬ ਅਤੇ ਕੀਨੀਆ/ਯੂਗਾਂਡਾ ਤੋਂ ਆ ਕੇ ਜਿਹੜੇ ਹਾਕੀ ਖਿਡਾਰੀ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਵਸੇ ਹਨ ਉਨ੍ਹਾਂ ’ਚੋਂ ਕੁਝ ਨੇ ਟੋਰਾਂਟੋ, ਵੈਨਕੂਵਰ, ਸਰੀ, ਬਰੈਂਪਟਨ, ਓਟਵਾ, ਕੈਲਗਰੀ, ਮੌਂਟਰੀਅਲ ਤੇ ਕੁਝ ਹੋਰਨਾਂ ਸ਼ਹਿਰਾਂ ਵਿੱਚ ਹਾਕੀ ਖੇਡਣੀ ਤੇ ਖਿਡਾਉਣੀ ਜਾਰੀ ਰੱਖੀ ਹੋਈ ਹੈ। ਇਸ ਨਾਲ ਦਰਜਨ ਤੋਂ ਵੱਧ ਪੰਜਾਬੀ ਮੂਲ ਦੇ ਖਿਡਾਰੀ ਓਲੰਪਿਕ ਖੇਡਾਂ ਤੇ ਵਿਸ਼ਵ ਹਾਕੀ ਕੱਪਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਹੁਣ ਤਕ ਜਿਨ੍ਹਾਂ ਪੰਜਾਬੀ ਖਿਡਾਰੀਆਂ ਨੇ ਓਲੰਪਿਕ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਹੈ ਉਨ੍ਹਾਂ ਵਿੱਚ ਸਰਬਜੀਤ ਸਿੰਘ ਦੁਸਾਂਝ, ਸਤਿੰਦਰ ਸਿੰਘ ‘ਬਬਲੀ’ ਚੌਹਾਨ, ਕੁਲਦੀਪ ਸਿੰਘ ਗੋਸਲ, ਹਰਗੁਰਨੇਕ ਸਿੰਘ ‘ਨਿੱਕੀ’ ਸੰਧੂ, ਹਰਭਜਨ ਸਿੰਘ ਰਾਏ, ‘ਬੰਟੀ’ ਸ਼ਿਵਚਰਨ ਸਿੰਘ ਜਗਦੇਅ, ਰਣਜੀਤ ਸਿੰਘ ਰਾਏ, ਬਿੰਦੀ ਸਿੰਘ ਕੁਲਾਰ, ਗੁਰਇਕਬਾਲ ਸਿੰਘ ਜਗਦੇਅ, ਰਵਿੰਦਰ ਸਿੰਘ ਕਾਹਲੋਂ, ਰੰਜੀਵ ਸਿੰਘ ਦਿਓਲ, ਸੁਖਵਿੰਦਰ ਸਿੰਘ ਗੱਬਰ ਤੇ ਜਗਜੀਤ ਸਿੰਘ ਗਿੱਲ ਆਦਿ ਸ਼ਾਮਲ ਹਨ।
(ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ)