8 ਤੋਂ 18 ਦਸੰਬਰ ਤਕ ਲਖਨਊ ਵਿੱਚ ਹੋ ਰਹੇ ਹਾਕੀ ਦੇ ਜੂਨੀਅਰ ਵਿਸ਼ਵ ਕੱਪ ਲਈ ਕੈਨੇਡਾ ਦੀ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੇ 18 ਖਿਡਾਰੀਆਂ ਵਿੱਚੋਂ 10 ਖਿਡਾਰੀ, ਅੰਮ੍ਰਿਤ ਸਿੱਧੂ ਬੀ.ਸੀ., ਬਲਰਾਜ ਪਨੇਸਰ ਸਰੀ, ਗੰਗਾ ਸਿੰਘ ਟੋਰਾਂਟੋ, ਗੈਵਿਨ ਬੈਂਸ ਬੀ.ਸੀ., ਹਰਵੀਰ ਸਿੱਧੂ ਵਿਕਟੋਰੀਆ, ਇਕਵਿੰਦਰ ਗਿੱਲ ਸਰੀ, ਕਬੀਰ ਔਜਲਾ ਸਰੀ, ਪਰਮੀਤ ਗਿੱਲ ਬਰੈਂਪਟਨ, ਰਾਜਨ ਕਾਹਲੋਂ ਵੈਨਕੂਵਰ ਤੇ ਰੋਹਨ ਚੋਪੜਾ ਓਟਵਾ ਪੰਜਾਬੀ ਪਿਛੋਕੜ ਦੇ ਹਨ। ਚਾਰ ਵਾਧੂ ਖਿਡਾਰੀਆਂ ਵਿੱਚੋਂ ਵੀ ਤਿੰਨ ਖਿਡਾਰੀ ਸਤਬੀਰ ਬਰਾੜ, ਸਾਹਿਬ ਸੂਰੀ ਤੇ ਟਾਰਜਨ ਸੰਧੂ ਪੰਜਾਬੀ ਮੂਲ ਦੇ ਰੱਖੇ ਗਏ ਹਨ। ਜਿਵੇਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੰਜਾਬੀ ਪਿਛੋਕੜ ਦੇ ਮੈਂਬਰਾਂ ਦਾ ਵਾਧਾ ਹੋਇਆ, ਉਵੇਂ ਕੈਨੇਡਾ ਦੀ ਫੀਲਡ ਹਾਕੀ ਟੀਮ ’ਚ ਵੀ ਪੰਜਾਬੀ ਪਿਛੋਕੜ ਦੇ ਖਿਡਾਰੀਆਂ ਦੀ ਚੜ੍ਹਤ ਹੋ ਰਹੀ ਹੈ। 21 ਸਾਲ ਤੋਂ ਘੱਟ ਉਮਰੇ ਹਾਕੀ ਦੇ 22 ਜੂਨੀਅਰ ਖਿਡਾਰੀਆਂ ਵਿੱਚ 13 ਪੰਜਾਬੀ ਖਿਡਾਰੀਆਂ ਦਾ ਚੁਣੇ ਜਾਣਾ ਕਿਸੇ ਮਾਅਰਕੇ ਤੋਂ ਘੱਟ ਨਹੀਂ। ਉਂਜ ਕੈਨੇਡਾ ਵਿੱਚ ਪੰਜਾਬੀਆਂ ਦੀ ਵਸੋਂ ਅਜੇ ਡੇਢ ਫੀਸਦੀ ਦੇ ਆਸ ਪਾਸ ਹੀ ਹੈ।