
ਸੈਕਰਮੈਂਟੋ (6 ਸਤੰਬਰ, 2014): ਸਿੱਖ ਨਸਲਕੁਸ਼ੀ ਦੇ ਮਾਮਲੇ ਵਿੱਚ ਭਾਰਤੀ ਹਕੂਮਤ ਦੀਆਂ ਕਾਲੀਆਂ ਕਰਤੂਤਾਂ ਤੇ ਚੁੱਪ ਵੱਟਣ ਵਾਲੇ ਅਤੇ ਸਿੱਖ ਨਸਕੁਸ਼ੀ ਦੇ ਮਤੇ ‘ਤੇ ਆਪਣੀ ਸਹਿਮਤੀ ਨਾ ਦੇਣ ਵਾਲੇ ਭਾਰਤੀ ਐਮੀ ਬੇਰਾ ਨੂੰ ਹਰਾਉਣ ਵਿਚ ਸਿੱਖ ਵੋਟਰਾਂ ਨੇ ਫੈਸਲਾਕੂਨ ਹਿੱਸਾ ਪਾਂਦਿਆਂ ਅਖੀਰ ਉਸਨੂੰ ਅਮਰੀਕਨ ਪਾਰਲੀਮੈਂਟ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ। ਐਮੀ ਬੈਰੇ ਨਾਲ ਸਿੱਖਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ, ਬਲਿਕ ਭਾਰਤ ਵਿਚ , ਭਾਰਤ ਸਰਕਾਰ ਦੁਆਰਾ ਕੀਤੇ ਸਿੱਖ ਨਸਲਘਾਤ ਦਾ ਮੁੱਦਾ ਐਮੀ ਬੇਰਾ ਨੂੰ ਲੈ ਡੁਬਿਆ ।
ਐਮੀ ਬੇਰਾ ਨੇ ਸਿੱਖ ਨਸਲਘਾਤ ਨੂੰ ਨਸਲਘਾਤ ਕਹਿਣ ਤੋਂ ਟਾਲਾ ਵੱਟਿਆ ਤੇ ਇਸ ਕਤਲੇਆਮ ਦੇ ਗੰਭੀਰ ਮਸਲੇ ਉਤੇ ਸਹੀ ਪਾਉਣ ਤੋਂ ਨਾਹ ਕਰ ਦਿਤੀ ਜਿਸਨੇ ਸਿੱਖਾਂ ਵਿਚ ਉਦਾਸੀ ਤੇ ਗੁੱਸੇ ਦਾ ਵਾਧਾ ਕੀਤਾ ਤੇ ਸਿੱਖ ਵੋਟਰ ਐਮੀ ਬੇਰਾ ਤੋਂ ਪਿੱਛੇ ਹਟ ਗਏ ਤੇ ਉਨਾਂ ਰਿਪਬਲੀਕਨ ਉਮੀਦਵਾਰ ਡਗ ਓਸੇ ਦੀ ਹਿਮਾਇਤ ਕਰ ਦਿਤੀ। ਸਿੱਖਾਂ ਦੀ ਇਸ ਇਲਾਕੇ ਵਿਚ ਕਈ ਹਜ਼ਾਰ ਦੀ ਗਿਣਤੀ ਹੈ।
ਐਮੀ ਬੈਰਾ ਇਕ ਗੁਜਰਾਤੀ ਹਿੰਦੂ ਮੂਲ ਦਾ ਹੈ ਜੋ ਅਮਰੀਕਾ ਵਿਚ ਪੈਦਾ ਹੋਇਆ। ਉਸਨੂੰ ਹਰਾਉਣ ਵਿਚ ਭਜਨ ਸਿੰਘ ਭਿੰਡਰ,ਦਰਸ਼ਨ ਸਿੰਘ ਮੁੰਡੀ, ਬਲਬੀਰ ਸਿੰਘ ਢਿੱਲੋਂ,ਗੁਰੀ ਕੰਗ, ਰਵਿੰਦਰ ਸਿੰਘ ਕਾਹਲੋਂ, ਇੰਦਰਜੀਤ ਸਿੰਘ ਕਾਲੀਰਾਏ, ਅਮਰ ਸਿੰਘ ਸ਼ੇਰਗਿੱਲ, ਪੀਟਰ ਸਿੰਘ, ਮੋਹਨ ਰਾਮ ਪਾਲ, ਨਾਨਕ ਸਿੰਘ ਤੇ ਉਨਾਂ ਦੇ ਅਨੇਕਾਂ ਸਾਥੀਆ ਨੇ ਸਿਰ ਤੋੜ ਮੇਹਨਤ ਕੀਤੀ। ਘਰ ਘਰ ਜਾ ਕੇ ਵੋਟਰਾਂ ਨੂੰ ਸਚਾਈ ਤੋਂ ਜਾਣੂੰ ਕਰਵਾਇਆ ਤੇ ਦੱਸਿਆ ਕਿ ਐਮੀ ਬੈਰਾ ਸੱਚ ਤੋਂ ਮੁੰਹ ਮੋੜ ਚੁੱਕਾ ਹੈ ਤੇ ਸਿੱਖ ਹੱਕਾ ਦੀ ਸਚਾਈ ਤੋਂ ਭੱਜ ਚੁੱਕਾ ਹੈ, ਇਸ ਕਰਕੇ ਉਹ ਸਿੱਖ ਵੋਟਰਾਂ ਦੀ ਵੋਟ ਦਾ ਹੱਕਦਾਰ ਨਹੀਂ।