ਕੈਲੀਫੋਰਨੀਆ (6 ਨਵੰਬਰ, 2014): ਅਮਰੀਕਾ ਵਿੱਚ ਸਿੱਖ ਹਿੱਤਾਂ ਲਈ ਸਰਗਰਮ ਮਨੁੱਖੀ ਅਧਿਕਾਰ ਜਥੇਬੰਦੀ ਸਿੱਖਸ ਫਾਰ ਜਸਟਿਸ ਵੱਲੋਂ 1984 ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਪਿਛਲੇ 30 ਸਾਲਾਂ ਤੋਂ ਇਨਸਾਫ਼ ਤੋਂ ਲਗਾਤਾਰ ਕੀਤੇ ਜਾ ਰਹੇ ਇਨਕਾਰ ਅਤੇ ਦੋਸ਼ੀਆਂ ਦੀ ਪੁਸ਼ਤਪਨਾਹੀ ਨੂੰ ਜਗ ਜ਼ਾਹਿਰ ਕਰਨ ਲਈ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਅੱਗੇ 7 ਨਵੰਬਰ ਨੂੰ ਇੱਕ ਇਕੱਠ ਹੋਵੇਗਾ।

ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਅਵਤਾਰ ਸਿੰਘ ਪੰਨੂ, ਅਮਰਜੀਤ ਸਿੰਘ ਪੁਰੇਵਾਲ, ਡਾ: ਬਖਸ਼ੀਸ਼ ਸਿੰਘ ਸੰਧੂ, ਬਰਜਿੰਦਰ ਸਿੰਘ ਬਰਾੜ ਅਤੇ ਸੁਖਵਿੰਦਰ ਸਿੰਘ ਠਾਣਾ ਨੇ ਦੱਸਿਆ ਕਿ ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਨੂੰ ਇਕ ਰਿਪੋਰਟ ਪੇਸ਼ ਕੀਤੀ ਜਾਵੇਗੀ ਜਿਸ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਵਿਚ ਕੌਮਾਂਤਰੀ ਸੰਸਥਾ ਦੇ ਨਾਕਾਮ ਰਹਿਣ ਅਤੇ ਭਾਰਤ ਵਿਚ ਘੱਟ ਗਿਣਤੀ ਸਿੱਖਾਂ ਦੇ ਯੋਜਨਾਬੱਧ ਕਤਲੇਆਮ ਦੀ ਜਾਂਚ ਕਰਵਾਉਣ ਵਿਚ ਯੂ. ਐਨ. ਦੀ ਨਾਕਾਮੀ ਨੂੰ ਉਜਾਗਰ ਕੀਤਾ ਜਾਵੇਗਾ।
ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਕੇਸ ਦੇ ਪ੍ਰਮੁੱਖ ਗਵਾਹ ਕੈਲੀਫੋਰਨੀਆ ਵਾਸੀ ਜਸਬੀਰ ਸਿੰਘ ਨੇ ਵੇਰਵੇ ਦਿੰਦਿਆਂ ਕਿਹਾ ਕਿ ਜਦੋਂ 2007 ਵਿਚ ਸੀ. ਬੀ. ਆਈ. ਟਾਈਟਲਰ ਖਿਲਾਫ਼ ਕੇਸ ਬੰਦ ਕਰਨ ਜਾ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਸ ਕੇਸ ਦਾ ਮੁੱਖ ਗਵਾਹ ਮਰ ਚੁੱਕਾ ਹੈ ਤੇ ਕੋਈ ਗਵਾਹ ਨਾ ਹੋਣ ਕਾਰਨ ਇਸ ਕੇਸ ਨੂੰ ਬੰਦ ਕੀਤਾ ਜਾ ਰਿਹਾ ਹੈ। ਉਸ ਵਕਤ ਮੈਂ ਸਿੱਖ ਜਥੇਬੰਦੀ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਅਟਾਰਨੀ ਗੁਰਪਤਵੰਤ ਸਿੰਘ ਪੰਨੂ ਨਾਲ ਮੁਲਾਕਾਤ ਕੀਤੀ ਤੇ 2007 ਵਿਚ ਹੀ ਇਕ ਕੇਸ ਪਾਇਆ ਕਿ ਮੈਂ ਜਿਊਂਦਾ ਹਾਂ।
ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਵੇਖਿਆ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਜੋ ਕਿ ਆਪਣੇ ਗੁੰਡਿਆਂ ਨੂੰ ਭੜਕਾ ਰਿਹਾ ਸੀ। ਇਹ ਸਾਰਾ ਵਰਤਾਰਾ ਇਕ ਸੋਚੀ ਸਮਝੀ ਸਾਜ਼ਿਸ਼ ਸੀ।
ਉਨ੍ਹਾਂ ਭਾਰਤੀ ਫਿਲਮ ਸਟਾਰ ਅਮਿਤਾਭ ਬਚਨ ਦੀ ਸਿੱਖ ਨਸਲਕੁਸ਼ੀ ਵਿੱਚ ਸ਼ਮੂਲੀਅਤ ਬਾਰੇ ਦਸਦਿਆਂ ਕਿਹਾ ਕਿ ਇਹ ਸਭ ਅਮਿਤਾਬ ਬਚਨ ਵੱਲੋਂ ਲੋਕਾਂ ਨੂੰ ਭੜਕਾਉਣ ਲਈ ਲਾਏ ਨਾਅਰਿਆਂ ਤੋਂ ਬਾਅਦ ਸ਼ੁਰੂ ਹੋਇਆ ਸੀ ਜੋ ਕਿ ਉਨ੍ਹਾਂ ਨੇ ਇੰਦਰਾ ਗਾਂਧੀ ਨੂੰ ਮ੍ਰਿਤਕ ਕਰਾਰ ਦਿੱਤੇ ਜਾਣ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਹਸਪਤਾਲ ਦੇ ਬਾਹਰ ਦਿੱਤੇ ਸਨ ਕਿ ‘ਖ਼ੂਨ ਦਾ ਬਦਲਾ ਖ਼ੂਨ, ਖ਼ੂਨ ਦੇ ਛਿੱਟੇ ਸਿੱਖਾਂ ਦੇ ਘਰਾਂ ਤੱਕ ਪਹੁੰਚਣੇ ਚਾਹੀਦੇ ਹਨ, ਇਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ।’ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ 24 ਜੀਅ ਇਸ ਕਤਲੇਆਮ ਵਿਚ ਮਾਰੇ ਗਏ ਸਨ।