ਬਨੂੜ(22 ਮਾਰਚ, 2016): ਪੰਜਾਬ ਦੇ ਦਰਿਆਈ ਪਾਣੀਆਂ ਨੂੰ ਹਰਿਆਣਾ ਜਾਣ ਤੋਂ ਰੋਕਣ ਲਈ ਪੰਜਾਬ ਵਿਧਾਨ ਸਭ ਵੱਲੋਂ ਪਿਛਲ਼ੇ ਦਿਨੀ ਸਤਲੁਜ ਜਮੁਨਾ ਲਿੰਕ ਨਹਿਰ ਦੀ ਜ਼ਮੀਂ ਕਿਸਾਨਾਂ ਨੂੰ ਵਾਪਸ ਕੀਤੇ ਜਾਣ ਬਾਅਦ ਕਿਸਾਨਾਂ ਵੱਲੋਂ ਪੂਰੀ ਗਈ ਨਹਿਰ ਕੇਂਦਰ ਸਰਕਾਰ ਦੇ ਇੱਕ ਵਫਦ ਨੇ ਵੱਖ- ਵੱਖ ਥਾਵਾਂ ‘ਤੇ ਜਾਇਜ਼ਾ ਲਿਆ।
ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਤੋਂ ਬਾਅਦ ਕਿਸਾਨਾਂ ਵੱਲੋਂ ਨਹਿਰ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਸੀ, ਜਿਸਦੀ ਸ਼ਿਕਾਇਤ ਹਰਿਆਣਾ ਭਾਰਤੀ ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਸੀ। ਭਾਰਤੀ ਸੁਪਰੀਮ ਕੋਰਟ ਨੇ ਸ਼ਿਕਾਇਤ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਸਥਿਤੀ ਜਿਊਂ ਦੀ ਤਿਉਂ ਰੱਖਣ ਦੇ ਹੁਕਮ ਦਿੱਤੇ ਸਨ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਸੀ, ਕਿਸਾਨਾਂ ਵੱਲੋਂ ਪੂਰੀ ਗਈ ਨਹਿਰ ਦੀ ਜਾਂਚ ਕਰਕੇ ਅਦਾਲਤ ਨੂੰ ਦੱਸਿਆ ਜਾਵੇ।

ਕੇਂਦਰੀ ਟੀਮ ਨੇ ਅੱਜ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਜ਼ਮੀਨ ’ਤੇ ਹੋਏ ਕਬਜ਼ੇ ਨਾਲ ਪਟੜੀਆਂ ਆਦਿ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਟੀਮ ਨੇ ਬਨੂੜ-ਰਾਜਪੁਰਾ ਮਾਰਗ ’ਤੇ ਚਿਤਕਾਰਾ ਯੂਨੀਵਰਸਿਟੀ ਤੇ ਪਿੰਡ ਕਾਮੀਂ ਕਲਾ ਨੇੜੇ ਪੂਰੇ ਗਏ ਨਹਿਰ ਦੇ ਹਿੱਸੇ ਦਾ ਨਿਰੀਖਣ ਕੀਤਾ।
ਚਿਤਕਾਰਾ ਯੂਨੀਵਰਸਿਟੀ ਨੇਡ਼ੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਇਕੱਤਰ ਹੋਏ ਸੈਂਕੜੇ ਅਕਾਲੀ ਵਰਕਰਾਂ ਨੇ ਨਾਅਰੇਬਾਜ਼ੀ ਕਰਕੇ ਰੋਸ ਜਤਾਇਆ।
ਕੇਂਦਰੀ ਟੀਮ ਨਿਰਧਾਰਿਤ ਸਮੇਂ ’ਤੇ ਪੁੱਜ ਜਾਣ ਕਾਰਨ ਅਕਾਲੀ ਵਰਕਰਾਂ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਵਿਖਾਈਆਂ ਜਾਣ ਵਾਲੀਆਂ ਕਾਲੀਆਂ ਝੰਡੀਆਂ ਟੀਮ ਜਾਣ ਤੋਂ ਅੱਧਾ ਘੰਟਾ ਬਾਅਦ ਪੁੱਜੀਆਂ ਜਿਸ ਕਾਰਨ ਕੇਂਦਰੀ ਟੀਮ ਨੂੰ ਕਾਲੀਆਂ ਝੰਡੀਆਂ ਵਿਖਾਉਣ ਦਾ ਪ੍ਰੋਗਰਾਮ ਠੱਪ ਹੋ ਗਿਆ। ਪਾਰਟੀ ਵਰਕਰਾਂ ਨੇ ਟੀਮ ਦੇ ਜਾਣ ਮਗਰੋਂ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜ ਕੇ ਨਾਅਰੇਬਾਜ਼ੀ ਕੀਤੀ।
ਡੀਐਸਪੀ ਰਾਜਪੁਰਾ ਰਾਜਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਤਾਇਨਾਤ ਪੁਲੀਸ ਨੇ ਕਿਸੇ ਵੀ ਅਕਾਲੀ ਆਗੂ, ਵਰਕਰ ਜਾਂ ਕਿਸਾਨ ਨੂੰ ਟੀਮ ਦੇ ਨੇੜੇ ਨਹੀਂ ਹੋਣ ਦਿੱਤਾ। ਸੀਨੀਅਰ ਆਈਏਐਸ ਅਧਿਕਾਰੀ ਦਲੀਪ ਕੁਮਾਰ ਦੀ ਅਗਵਾਈ ਹੇਠਲੀ ਇਸ ਟੀਮ ਵਿੱਚ ਅਸ਼ੋਕ ਗੋਇਲ ਤੇ ਅਨਿਲ ਕੁਮਾਰ ਵੀ ਸ਼ਾਮਲ ਸਨ।
ਇਸ ਮੌਕੇ ਪੰਜਾਬ ਸਰਕਾਰ ਦੇ ਸਿੰਜਾਈ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਵੀ ਮੌਜੂਦ ਸਨ।
ਕੇਂਦਰੀ ਟੀਮ ਨੇ ਸਭ ਤੋਂ ਪਹਿਲਾਂ ਨਹਿਰ ਪੂਰਨ ’ਤੇ ਕੱਟੇ ਦਰਖ਼ਤਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨਹਿਰ ਦੇ ਪੁਰਾਣੇ ਨਕਸ਼ੇ ਨੂੰ ਨਵੀਂ ਸਥਿਤੀ ਨਾਲ ਮਿਲਾ ਕੇ ਪਡ਼ਤਾਲ ਕੀਤੀ। ੲਿਸ ਮਗਰੋਂ ਟੀਮ ਅਗਲੀ ਥਾਂ ਜਾਣ ਲੲੀ ਰਵਾਨਾ ਹੋ ਗਈ।
ਇਸੇ ਤਰ੍ਹਾਂ ਪਿੰਡ ਕਾਮੀਂ ਕਲਾ ਨੇੜੇ ਨਹਿਰ ਦੇ ਪੂਰੇ ਗਏ ਹਿੱਸੇ ਦਾ ਕੇਂਦਰੀ ਟੀਮ ਨੇ ਜਾਇਜ਼ਾ ਲਿਆ। ੲਿਸ ਤੋਂ ਪਹਿਲਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਸੇਖੂਪੁਰ ਵੱਲੋਂ ਇਲਾਕੇ ਦੇ ਸਰਪੰਚਾਂ, ਪੰਚਾਂ ਤੇ ਅਕਾਲੀ ਆਗੂਆਂ ਨੂੰ ਸੋਸ਼ਲ ਮੀਡੀਆ ਰਾਹੀਂ ਸੱਦਾ ਦੇ ਕੇ ਇਕੱਤਰ ਕੀਤਾ ਗਿਆ। ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਮੇਰ ਸਿੰਘ, ਸਰਕਲ ਪ੍ਰਧਾਨ ਬਹਾਦਰ ਸਿੰਘ ਖੈਰਪੁਰ, ਚਰਨਜੀਤ ਸਿੰਘ ਝੁੰਗੀਆਂ ਤੇ ਜਥੇਦਾਰ ਸੁਖਜੀਤ ਸਿੰਘ ਬਘੌਰਾ ਦੀ ਅਗਵਾਈ ਵਿੱਚ ਮੌਕੇ ’ਤੇ ਇਕੱਤਰ ਹੋਏ ਸੈਂਕੜੇ ਅਕਾਲੀ ਵਰਕਰ ਸਰਪੰਚ, ਪੰਚ ਤੇ ਕਿਸਾਨ ਕੇਂਦਰੀ ਟੀਮ ਦੇ ਖਿਲਾਫ ਨਾਅਰੇਬਾਜ਼ੀ ਕੀਤੀ।