Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

“ਰੂਹਾਨੀ ਖੁਦਕਸ਼ੀ” (‘ਚਾਰ ਸਾਹਿਬਜ਼ਾਦੇ ਫਿਲਮ’ ਬਾਰੇ ਇਕ ਪੜਚੋਲਵੀਂ ਟਿੱਪਣੀ): ਵਿਜੈਪਾਲ ਸਿੰਘ ਅਸਟ੍ਰੇਲੀਆ

“ਰੂਹਾਨੀ ਖੁਦਕਸ਼ੀ” (‘ਚਾਰ ਸਾਹਿਬਜ਼ਾਦੇ ਫਿਲਮ’ ਬਾਰੇ ਇਕ ਪੜਚੋਲਵੀਂ ਟਿੱਪਣੀ): ਵਿਜੈਪਾਲ ਸਿੰਘ ਅਸਟ੍ਰੇਲੀਆ

– ਵਿਜੈਪਾਲ ਸਿੰਘ ਅਸਟ੍ਰੇਲੀਆ
(ਟੈਲੀਫੋਨ: 614 3817 5797)

ਗੁਰੂ ਪਿਆਰੇ ਖਾਲਸਾ ਜੀਓ ਜੋ ਨੁਕਤਾ ਮੈਂ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਉਹ ਬਹੁਤ ਹੀ ਸੰਵੇਦਨਵਸ਼ੀਲ ਹੋਣ ਦੇ ਨਾਲ ਨਾਲ ਬਹੁਤ ਉਲਝਿਆ ਹੋਇਆ ਵੀ ਹੈ। ਉਸ ਦੇ ਅਸਰ ਅਤੇ ਨਤੀਜੇ ਏਨੇ ਜ਼ਿਆਦਾ ਮਾਰੂ ਵੀ ਹੋ ਸਕਦੇ ਹਨ। ਆਪਣੇ ਰਹਿਬਰਾਂ ਉਤੇ ਅਥਾਹ ਵਿਸ਼ਵਾਸ਼ ਅਤੇ ਉਨ੍ਹਾਂ ਨੂੰ ਲਾਮਿਸਾਲ ਮੁਹੱਬਤ ਕਰਨ ਵਾਲੀ ਭੋਲੀ ਭਾਲੀ ਸਿੱਖ ਕੌਮ ਕਦੀ ਸੋਚ ਭੀ ਨਹੀਂ ਸਕਦੀ। ਕਿਉਂਕਿ ਕੁੱਝ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸ਼ਕਤੀਆਂ ਬਹੁਤ ਹੀ ਖੁਫ਼ੀਆ ਅੰਦਾਜ਼ ਵਿੱਚ ਬੜੇ ਲੰਬੇ ਸਮੇਂ ਤੋਂ ਸਿੱਖ ਮਾਨਸਿਕਤਾ ਵਿੱਚ ਗੁਰੂਬਿੰਬ ਨੂੰ ਧੁੰਦਲਾ ਕਰਕੇ ਗੁਰੂ ਸਾਹਿਬਾਨ ਨੂੰ ਆਮ ਆਦਮੀ ਦੇ ਪੱਧਰ ਤੇ ਪੇਸ਼ ਕਰਨ ਲਈ ਯਤਨਸ਼ੀਲ਼ ਹਨ। ਪਹਿਲਾਂ ਇਸ ਦਾ ਰੂਪ ਸਿਰਫ ਕਿਤਾਬੀ ਸੀ ਫੇਰ ਤਸਵੀਰਾਂ ਵਿੱਚ ਢਲਿਆ ਫੇਰ ਬੁਤਾਂ ਵਿੱਚ ਪਲਟਿਆ ਤੇ ਹੁਣ ਸਿੱਖ ਨਾਇਕਾਂ, ਗੂਰੂ ਪੁਤਰਾਂ ਦੀਆਂ ਫਿਲਮਾਂ ਬਣਾ ਕੇ ਆਧੁਨਿਕਤਾ ਦੀ ਪੁਸ਼ਾਕ ਵਿੱਚ ਸਾਨੂੰ ਭਚਲ ਰਿਹਾ ਹੈ ਅਤੇ ਅਸੀਂ ਭਚਲੇ ਜਾ ਰਹੇ ਹਾਂ । ਮੈਂ ਕਾਫੀ ਚਿਰ ਤੋਂ ਇਹ ਲੇਖ ਲਿਖਣ ਵਾਰੇ ਸੋਚ ਰਿਹਾ ਸੀ ਪਰ ਸਮਾਂ ਇਜਾਜ਼ਤ ਨਹੀਂ ਸੀ ਦੇ ਰਿਹਾ। ਪਰ ‘ਚਾਰ ਸਾਹਿਬਜ਼ਾਦੇ ਫਿਲਮ’ ਦੇਖਣ ਤੋਂ ਬਾਅਦ ਮੈ ਸੋਚਿਆ ਕਿ ਹੁਣ ਲਿਖਣਾ ਜ਼ਰੂਰੀ ਹੈ। ਕਿਉਂਕਿ ਮਸਲਾ ਬੜਾ ਪੇਚੀਦਾ ਹੈ ਅਤੇ ਉਸ ਦੇ ਅਸਰ ਬਹੁਤ ਪੋਸ਼ੀਦਾ ਹਨ। ਇਸ ਲਿਖਤ ਦਾ ਮੁਖ ਮੰਤਵ ਸਾਦਾ ਮਨ ਸਿਖਾਂ ਨੂੰ ਇਸ ਛਲ ਤੋਂ ਬਚਾਉਣਾ ਅਤੇ ਇਸ ਚੱਕਰਵਿਊ ਤੋਂ ਜਣੂ ਕਰਵਾਉਣਾ ਹੈ ਤਾਂ ਜੋ ਭੋਲੇ ਭਾਲੇ ਸਿੱਖ ਆਪਣੀ ਸੁਰਤ ਅੰਦਰ ਗੁਰੂ ਸਹਿਬਾਨ ਦੀ ਪੈਗ਼ੰਬਰੀ ਅਜ਼ਮਤ ਨੂੰ ਸੰਭਾਲ ਸਕਣ ਅਤੇ ਸਿੱਖ ਕੌਮ ਦੀ ਸਮੂਹਕ ਚੇਤਨਾ ਅੰਦਰ ਗੂਰੂ ਮੁਹੱਬਤ ਦਾ ਦਰਿਆ ਵਗਦਾ ਰਹੇ । ਇੱਕ ਬੇਨਤੀ ਹੈ ਕਿ ਹੋ ਸਕਦਾ ਹੈ ਤਸਵੀਰ ਜਾਂ ਫਿਲਮ ਬਣਾਉਣ ਵਾਲੇ ਦਾ ਉਪ੍ਰੋਕਤ ਮੰਤਵ ਨਾ ਵੀ ਹੋਵੇ ਪਰ ਇਹਨਾਂ ਨੂੰ ਵਰਤਿਆ ਜ਼ਰੂਰ ਇਸ ਮੰਤਵ ਲਈ ਜਾ ਰਿਹਾ ਹੈ। ਅੱਜ ਸਾਡੀ ਗੁਰੂੁ ਮੁਹੱਬਤ ਅਤੇ ਸਾਡੀ ਸ਼ਰਧਾ ਹੀ ਸਾਨੂੰ ਮਾਰਨ ਖ਼ਾਤਿਰ ਇੱਕ ਹਥਿਆਰ ਵਜੋਂ ਵਰਤੀ ਜਾ ਰਹੀ ਹੈ। ਗੁਰੂ ਵਿੱਚ ਅਥਾਹ ਸ਼ਰਧਾ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਸ਼ਰਧਾ ਦਾ ਅੰਨ੍ਹਿਆਂ ਹੋ ਜਾਣਾ ਬਹੁਤ ਹੀ ਨੁਕਸਾਨ ਦੇਹ ਹੈ। ਇਹ ਵਿਸ਼ਾ ਇੱਕ ਵੱਖਰੀ ਲਿਖਤ ਦੀ ਮੰਗ ਕਰਦਾ ਹੈ ਪਰ ਵਿਸਥਾਰ ਵਿੱਚ ਨਾਂ ਜਾਂਦਾ ਹੋਇਆ ਬੱਸ ਇਨਾਂ ਹੀ ਕਹਾਂਗਾ ਕਿ ਬਹੁਤ ਕੁਝ ਅਜਿਹਾ ਹੈ ਜੋ ਗੁਰੂ ਦਾ ਨਹੀਂ ਗੁਰੂ ਦੇ ਨਾਂ ਨਾਲ ਜੋੜ ਕੇ ਸਾਡੀ ਝੋਲੀ ਵਿੱਚ ਪਾ ਦਿੱਤਾ ਗਿਆ ਤੇ ਅਸੀਂ ਉਸ ਨੂੰ ਗਲ ਨਾਲ ਲਾਈ ਬੈਠੇ ਹਾਂ। ਬਹੁਤ ਕੁਝ ਅਜਿਹਾ ਜੋ ਗੁਰੂ ਦਾ ਸੀ ਉਹ ਸਾਥੋਂ ਖੋਹ ਲਿਆ ਜਾਂ ਨਸ਼ਟ ਕਰ ਦਿੱਤਾ ਅਤੇ ਅੱਜ ਵੀ ਕੀਤਾ ਜਾ ਰਿਹਾ ਹੈ। ਪੁਰਾਤਨ ਦੁਸ਼ਮਣ ਨਾਲ ਹੁਣ ਤੱਕ ਦੇ ਸਾਡੇ ਤਜਰਬੇ ਵੱਖਰੀ ਕਿਸਮ ਦੇ ਹਨ। ਪਰ ਅੱਜ ਦਾ ਦੁਸ਼ਮਣ ਸਾਨੂੰ ਸਾਡੀ ਹੀ ਤਾਕਤ ਨਾਲ ਖ਼ਤਮ ਕਰ ਰਿਹਾ ਹੈ ਅਤੇ ਅਸੀਂ ਪੂਰੀ ਤਰ੍ਹਾਂ ਬੇਖ਼ਬਰ ਹਾਂ।

ਪ੍ਰੋ:ਹਰਿੰਦਰ ਸਿੰਘ ਮਹਿਬੂਬ ਦਾ ਇਹ ਖਿਆਲ ਹੈ ਕਿ ਜਦੋਂ ਕੌਮਾਂ ਦੇ ਜਨਮ ਦਾਤਾ ਪੈਗ਼ੰਬਰ ਸਰੀਰਕ ਰੂਪ ਵਿੱਚ ਧਰਤੀ ਤੋਂ ਚਲੇ ਜਾਂਦੇ ਨੇ ਤਾਂ ਕੌਮਾਂ ਪੈਗ਼ੰਬਰਾਂ ਦੀਆਂ ਉਹਨਾਂ ਮੌਲਿਕ ਛੋਹਾਂ ਤੋਂ ਵਾਂਝੀਆਂ ਹੋ ਜਾਂਦੀਆਂ ਹਨ ਜੋ ਉਹਨਾਂ ਦੀ ਸ਼ਕਤੀ ਦਾ ਸਰੋਤ ਹੁੰਦੀਆਂ ਹਨ। ਪਰ ਕੌਮਾਂ ਨੂੰ ਸ਼ਕਤੀ ਦੀ ਤਾਂ ਲੋੜ ਹਮੇਸ਼ਾਂ ਹੀ ਹੁੰਦੀ ਹੈ। ਪੈਗ਼ੰਬਰਾਂ ਤੋਂ ਬਾਅਦ ਜਿਉਂਦੀਆਂ ਜਾਗਦੀਆਂ ਕੌਮਾਂ ਦੀ ਸ਼ਕਤੀ ਦੇ ਮਹਿਬੂਬ ਜੀ ਤਿੰਨ ਸਰੋਤ ਦੱਸਦੇ ਹਨ। ਉਹ ਇਹ ਵੀ ਕਹਿੰਦੇ ਨੇ ਤਿੰਨਾਂ ਦੀ ਇੱਕੋ ਜਿੰਨੀ ਹੀ ਅਹਿਮੀਅਤ ਹੈ। ਇੱਕ ਦੀ ਅਣਹੋਂਦ ਵੀ ਕੌਮ ਦੀ ਆਤਮਕ ਗਿਰਾਵਟ ਬਣ ਸਕਦੀ ਹੈ।(ੳ) ਪੈਗ਼ੰਬਰਾਂ ਦੀਆਂ ਸਿੱਖਿਆਵਾਂ (ਅ) ਪੈਗ਼ੰਬਰ ਦਾ ਖ਼ਿਆਲ (ਗੁਰੂ ਬਿੰਬ) (ੲ) ਪੈਗ਼ੰਬਰਾਂ ਦੀਆਂ ਨਿਸ਼ਾਨੀਆਂ। ਅਸਲ ਵਿੱਚ ਮਹਿਬੂਬ ਸਾਹਿਬ ਦਾ ਇਹ ਖ਼ਿਆਲ ਕੋਈ ਮਮੂਲੀ ਖ਼ਿਆਲ ਨਹੀਂ ਹੈ। ਇਹ ਖ਼ਿਆਲ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿਸੇ ਬਿਮਾਰੀ ਨੂੰ ਜੜ੍ਹ ਤੋਂ ਫੜ ਲਿਆ ਗਿਆ ਹੋਵੇ। ਸਾਨੂੰ ਸਾਰੀ ਮਾਰ ਹੀ ਇਥੋਂ ਪਈ ਹੈ, ਸਾਨੂੰ ਤਸਵੀਰਾਂ, ਬੁੱਤਾਂ, ਫਿਲਮਾਂ ਨਾਲ ਜੋੜ ਕੇ ਸਾਡੀ ਚੇਤਨਾ ਨੂੰ ਖੁੰਢਿਆਂ ਕਰਕੇ ਸਾਥੋਂ ਸਾਡੀ ਰੂਹਾਨੀ ਸ਼ਕਤੀ ਦੇ ਸੋਮੇ ਖੋਹ ਲਏ। ਜੋ ਕੁੱਝ ਬਚਿਆ ਹੈ ਉਸ ਤੋਂ ਅਸੀਂ ਬਹੁਤ ਦੂਰ ਚਲੇ ਗਏ ਹਾਂ।

ਗੁਰੂ ਬਿੰਬ ਇਸ ਸਾਰੀ ਲਿਖਤ ਦਾ ਧੁਰਾ ਹੈ। ਸਾਰਾ ਲੇਖ ਗੁਰੂਬਿੰਬ ਇਰਦ ਗਿਰਦ ਹੀ ਰਹੇਗਾ। ਸੱਭ ਤੋਂ ਪਹਿਲਾਂ ਇਹ ਸਮਝਣਾਂ ਬਹੁਤ ਹੀ ਲਾਜ਼ਮੀ ਹੈ ਕਿ ਗੁਰੂਬਿੰਬ ਹੈ ਕੀ ? ਗੁਰੁਬਿੰਬ ਗੁਰੂ ਦਾ ਉਹ ਖਿਆਲ ਹੈ ਜੋ ਗੁਰਬਾਣੀ ਅਤੇ ਗੁਰੂ ਦੀਆਂ ਕਥਾ ਕਹਾਣੀਆਂ ਸੁਣਨ ਉਪ੍ਰੰਤ ਸਿੱਖ ਦੀ ਸੁਰਤ, ਮੱਤ, ਮਨ ਅਤੇ ਬੁਧਿ ਵਿੱਚ ਰੂਪਮਾਨ ਹੁੰਦਾ ਹੈ। ਫਿਰ ਇਹ ਖਿਆਲ ਸਿੱਖ ਦੇ ਅਚੇਤ ਮਨ ਅੰਦਰ ਇੱਕ ਤਲਬ ਪੈਦਾ ਕਰਦਾ ਹੈ “ਸੇ ਕਿਨੇਹਿਆ” ਕਿ ਗੁਰੂ ਕਿਹੋ ਜਿਹਾ ਹੋਵੇਗਾ ? “ਸੇ ਕਿਨੇਹਿਆ” ਦੀ ਤਲਬ ਅਤੇ ਗੁਰੂ ਦੇ ਰੂਹਾਨੀ ਜਲਵਿਆਂ ਦੀ ਯਾਦ ਮਿਲ ਕੇ ਸਿੱਖ ਦੀ ਸੁਰਤ ਅੰਦਰ ਗੁਰੂ ਦਾ ਇੱਕ ਅਜਿਹਾ ਖਿਆਲ ਸਿਰਜਦੇ ਹਨ, ਜੋ ਸਿੱਖ ਦੀ ਆਤਮਕ ਸ਼ਕਤੀ ਦਾ ਮਹਾਨ ਸਰੋਤ ਹੈ। ਜਿਸ ਦੀ ਥਾਂ ਸਿਰਫ਼ ਤੇ ਸਿਰਫ਼ ਸਿੱਖ ਦੀ ਸੁਰਤ ਅੰਦਰ ਹੀ ਹੈ। ਉਹੀ ਗੁਰੂਬਿੰਬ ਹੈ। ਉਸ ਨੂੰ ਕਾਗਜ਼ਾਂ, ਪੱਥਰਾਂ ਜਾਂ ਕਿਸੇ ਆਧੁਨਿਕ ਸਾਧਨਾਂ ਰਾਹੀਂ ਜਾਣੀ ਫਿਲਮਾਂ ਦੁਆਰਾ ਪੇਸ਼ ਕੀਤਾ ਹੀ ਨਹੀਂ ਜਾ ਸਕਦਾ। ਜਦੋਂ ਵੀ ਕੋਈ ਅਜਿਹੀ ਹਿਮਾਕਤ ਕਰੇਗਾ ਉਹ ਗੁਰੂ ਦੀ ਤੌਹੀਨ ਹੋਵੇਗੀ। ਗੁਰੂ ਮਾਤਾਵਾਂ, ਗੁਰੂ ਪਤਨੀਆਂ, ਗੁਰੂ ਪੁਤਰ ਅਤੇ ਸਾਰੇ ਸਿੱਖ ਨਾਇਕ, ਭਾਵੇਂ ਸਿੱਖ ਨਾਇਕਾਂ ਦੇ ਆਪਣੇ ਆਪਣੇ ਬਿੰਬ ਵੀ ਹਨ, ਪਰ ਸਾਰੇ ਦਾ ਸਾਰਾ ਗੁਰ ਇਤਿਹਾਸ ਗੁਰੂਬਿੰਬ ਦੇ ਘੇਰੇ ਤੋਂ ਬਾਹਰ ਨਹੀਂ ਹੈ। ਅਸਲ ਵਿੱਚ ਗੁਰੂਬਿੰਬ ਦੀ ਮਾਤਰਾ ਨੇ ਹੀ ਸਿੱਖ ਦੀ ਹੋਂਦ ਅਤੇ ਸਮਰੱਥਾ ਦਾ ਫੈਸਲਾ ਦੇਣਾ ਹੈ। ਜੇ ਸਿੱਖ ਦੀ ਸੁਰਤ ਵਿੱਚ ਗੁਰੂਬਿੰਬ ਅਸਲੀ ਹੈ ਤਾਂ ਸਿੱਖ ਵੀ ਅਸਲੀ ਹੈ। ਉਪ੍ਰੋਕਤ ਗੱਲ ਵਿਅਕਤੀਗਤ ਵੀ ਹੈ ਅਤੇ ਸਮੂਹਕ ਵੀ ਹੈ। ਜਦੋਂ ਵੀ ਸਿੱਖ ਗੁਰੂਬਿੰਬ ਦੇ ਰੂਹਾਨੀ ਸੋਮੇ ਨੂੰ ਚੇਤਨਾ ਦੇ ਤੰਗ ਘੇਰਿਆਂ ਵਿੱਚ ਵਲ ਕੇ ਕਿਸੇ ਖਲੋਤੀ ਅਸਲੀਅਤ ਵਿੱਚ ਪਲਟਣ ਦਾ ਯਤਨ ਕਰਨਗੇ, ਚਾਹੇ ਉਹ ਕੋਈ ਤਸਵੀਰ ਹੋਵੇ, ਭਾਵੇਂ ਉਹ ਕੋਈ ਮੂਰਤੀ ਜਾਂ ਬੁੱਤ ਹੋਵੇ, ਜਾਂ ਉਹ ਕੋਈ ਕਾਰਟੂਨ ਫਿਲਮ ਹੋਵੇ ਜਾਂ ਅਜਿਹਾ ਕੁਝ ਹੋਰ, ਉਦੋਂ ਕੌਮ ਦਾ ਬੌਧਿਕ ਵਿਕਾਸ ਰੁੱਕ ਜਾਵੇਗਾ, ਸਿਰਜਣਾਤਮਕ ਰੁਚੀਆਂ ਨਸ਼ਟ ਹੋ ਜਾਣਗੀਆਂ ਅਤੇ ਰੂਹਾਨੀ ਅਸੂਲ ਟੁੱਟ ਜਾਣਗੇ, ਇਖਲਾਕ ਦੀਆਂ ਨੀਹਾਂ ਖੋਖਲੀਆਂ ਹੋ ਜਾਣਗੀਆਂ.

ਉਪ੍ਰੋਕਤ ਜੋ ਗੱਲਬਾਤ ਕੀਤੀ ਗਈ ਹੈ ਇਹ ਅੱਗੇ ਹੋਣ ਵਾਲੀ ਗੱਲਬਾਤ ਨੂੰ ਸਮਝਣ ਲਈ ਬਹੁਤ ਜ਼ਰੂਰੀ ਸੀ। ਕੁੱਝ ਗੱਲਾਂ ਜੋ ਹਮੇਸ਼ਾਂ ਹੀ ਮੇਰੀ ਹੈਰਾਨੀ ਤੇ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਰਹੀਆਂ ਅਤੇ ਅੱਜ ਵੀ ਹਨ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਪਹਿਲੀ ਗੱਲ ਕਿ ਜਦੋਂ ਵੀ ਸਿੱਖ ਧਰਮ ਨਾਲ ਸਬੰਧਤ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀ ਕੋਈ ਕਿਤਾਬ ਛਪਦੀ ਹੈ ਤਾਂ ਬਿਨਾਂ ਘੋਖੇ ਬਿਨਾਂ ਪੜ੍ਹੇ ਅਸਧਾਰਨ ਜਲਦਬਾਜ਼ੀ ਨਾਲ ਉਸ ਕਿਤਾਬ ਨੂੰ ਕਬੂਲ ਕਰ ਲਿਆ ਜਾਂਦਾ ਹੈ। ਸਿੱਖ ਸੰਸਥਾਵਾਂ ਅਤੇ ਸਿੱਖ ਹੀ ਉਸ ਕਿਤਾਬ ਨੂੰ ਵੰਡਦੇ ਜਾਂ ਵੇਚਦੇ ਹਨ। ਦੂਸਰੀ ਗੱਲ ਕਿ ਸਿੱਖ ਕੌਮ ਨੇ ਗੁਰੂਆਂ ਦੀਆਂ ਨਕਲੀ ਤਸਵੀਰਾਂ ਨੂੰ ਇਨੀਂ ਵੱਡੀ ਪੱਧਰ ਤੇ ਅਪਣਾ ਲਿਆ ਕਿ ਉਹਨਾਂ ਦੇ ਅੰਦਰੋਂ ਇਹ ਗੱਲ ਦਾ ਅਹਿਸਾਸ ਹੀ ਖ਼ਤਮ ਹੋ ਗਿਆ ਕਿ ਤਸਵੀਰਾਂ ਨੇ ਉਹਨਾਂ ਨੂੰ ਗੁਰੂ ਅਤੇ ਗੁਰਬਾਣੀ ਤੋਂ ਕਿੰਨਾਂ ਕਰ ਦੂਰ ਦਿੱਤਾ ਅਤੇ ਬੁੱਤ ਪ੍ਰਸਤੀ ਦੇ ਕਿੰਨਾਂ ਨੇੜੇ ਲੈ ਆਂਦਾ ਹੈ। ਤੀਸਰੀ ਗੱਲ ਇਹ ਕਿ ਗੁਰੂ ਸਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚੀਜ਼ਾਂ, ਥਾਵਾਂ ਅਤੇ ਹੋਰ ਨਿਸ਼ਾਨੀਆਂ ਪ੍ਰਤੀ ਸਿੱਖ ਲੀਡਰਸ਼ਿਪ, ਸਿੱਖ ਸੰਸਥਾਵਾਂ ਅਤੇ ਬੁੱਧੀਜੀਵੀ ਵਰਗ ਵਲੋਂ ਅਪਣਾਇਆ ਗਿਆ ਇੱਕ ਨਿਰਾਸ਼ਾਜਨਕ ਰਵੱਈਆ ਅਤੇ ਮੂੜ੍ਹਤਾ ਭਰੀ ਲਾਪ੍ਰਵਾਹੀ। ਚੌਥੀ ਗੱਲ ਜੋ ਮੈ ਵਿਸਥਾਰ ਨਾਲ ਕਰਨ ਜਾ ਰਿਹਾ ਹਾਂ ਉਹ ਹੈ ਸਿੱਖ ਇਤਿਹਾਸ ਬਾਰੇ ਕਾਰਟੂਨ ਫਿਲਮਾਂ ਜੋ ਅੱਜ ਦੇ ਦੌਰ ਵਿੱਚ ਬੜੀ ਮਕਬੂਲੀਅਤ ਹਾਸਿਲ ਕਰ ਚੁੱਕੀਆਂ ਹਨ। ਉਪ੍ਰੋਕਤ ਗੱਲਾਂ ਲਈ ਮੇਰੀ ਹੈਰਾਨੀ ਦਾ ਕਾਰਨ ਇਹ ਹੈ ਕਿ ਉਂਗਲਾਂ ਉੱਤੇ ਗਿਣਨ ਜੋਗੇ ਵਿਦਵਾਨਾਂ ਨੂੰ ਛੱਡ ਕੇ ਕੋਈ ਕੁੱਝ ਕਰਨ ਤਾਂ ਇੱਕ ਪਾਸੇ ਗੱਲ ਸਮਝਣ ਨੂੰ ਵੀ ਤਿਆਰ ਨਹੀਂ ਹੈ। ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਸਿੱਖ ਕੌਮ ਨੇ ਉਪ੍ਰੋਕਤ ਮਸਲਿਆਂ ਪ੍ਰਤੀ ਜਿਹੋ ਜਿਹਾ ਰਵੱਈਆ ਅਖਤਿਆਰ ਕੀਤਾ ਹੋਇਆ ਹੈ ਜੇ ਹਾਲਾਤ ਇੰਝ ਹੀ ਰਹੇ ਤਾਂ ਬਣੂਗਾ ਕੀ? ਇਸ ਲਿਖਤ ਦਾ ਰਹਿੰਦਾ ਹਿੱਸਾ ਮੈਂ ਇੱਕ ਮਹਾਂਪੁਰਸ਼ ਦੀ ਕਹੀ ਹੋਈ ਹਕਾਇਤ ਤੋਂ ਸ਼ੁਰੂ ਕਰਾਂਗਾ। “ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫਿਲਮਾਂ ਵਿੱਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭੀਨੈ ਦਾ ਸੰਜੋਗ, ਅਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ ਰੂਹਾਨੀ ਖ਼ੁਦਕੁਸ਼ੀ ਸਾਬਤ ਹੋਣਗੇ”।(ਪ੍ਰੋ: ਹਰਿੰਦਰ ਸਿੰਘ ਮਹਿਬੂਬ “ਸਹਿਜੇ ਰਚਿਓ ਖਾਲਸਾ”)

ਮੇਰੀ ਜਾਣਕਾਰੀ ਅਨੁਸਾਰ ਸਿੱਖ ਦਿੱਖ ਵਾਲੀ ਜੋ ਪਹਿਲੀ ਫਿਲਮ ਬਣੀ, ਉਸ ਦਾ ਨਾਂ “ਨਾਨਕ ਨਾਮ ਜਹਾਜ਼ ਹੈ” ਰੱਖਿਆ ਗਿਆ ਸੀ । ਉਹ ਮੈਂ ਬਚਪਨ ਵਿੱਚ ਹੀ ਵੇਖੀ ਸੀ। ਉਸ ਵਿੱਚ ਗੁਰੂ ਘਰ ਦੇ ਕੁੱਝ ਦ੍ਰਿਸ਼ਾਂ ਤੋਂ ਇਲਾਵਾ ਫਿਲਮ ਦੇ ਨਾਮ ਨਾਲ ਮੇਲ ਖਾਂਦੀ ਇੱਕ ਗੱਲ ਵੀ ਨਹੀਂ ਸੀ। ਫੇਰ ਹੋਰ ਕਈ ਫਿਲਮਾਂ ਬਣੀਆਂ, ਸਾਰੀਆਂ ਦਾ ਜ਼ਿਕਰ ਕਰਨ ਲਈ ਸਮਾਂ ਅਤੇ ਥਾਂ ਇਜਾਜ਼ਤ ਨਹੀਂ ਦਿੰਦੇ। ਪਰ ਮੈਂ ਇੱਕ ਦਾਰਾ ਸਿੰਘ ਦੀ ਸਿੱਖ ਦਿੱਖ ਵਾਲੀ ਫਿਲਮ “ਸਵਾ ਲਾਖ ਸੇ ਏਕ ਲੜਾਊਂ” ਬਾਰੇ ਇੱਕ ਖਿਆਲ ਸਾਂਝਾ ਕਰਾਂਗਾ। ਇਸ ਫਿਲਮ ਦਾ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਬੜਾ ਕਰੜਾ ਵਿਰੋਧ ਹੋਇਆ, ਸਿਨਮਿਆਂ ਵਿੱਚ ਘੁੱਸ ਕੇ ਤਲਵਾਰਾਂ ਨਾਲ ਸਕਰੀਨਾਂ ਪਾੜ ਦਿੱਤੀਆਂ ਗਈਆਂ। ਮਸਲਾ ਭਾਵੇਂ ਦਾਰਾ ਸਿੰਘ ਦੇ ਮੋਨਾਂ ਹੋਣ ਅਤੇ ਫਰ੍ਹਲਾ ਸਜਾਉਣ ਦਾ ਹੀ ਉਭੱਰ ਕੇ ਸਾਹਮਣੇ ਆਇਆ ਸੀ। ਪਰ ਮੈਂ ਸਮਝਦਾ ਹਾਂ ਕਿ ਉਸ ਵੇਲੇ ਤੱਕ ਸਿਖ ਚੇਤਨਾਂ ਅੰਦਰ ਗੁਰੂਬਿੰਬ ਅਤੇ ਸਿੱਖ ਨਾਇਕਾਂ ਦੇ ਬਿੰਬ ਇਸ ਹੱਦ ਤੱਕ ਸਲਾਮਤ ਸਨ ਕਿ ਐਵੇਂ ਹੀ ਕੋਈ ਜਣਾ ਖਣਾ ਉੱਠ ਕੇ ਸਾਡੇ ਗੁਰੂਆਂ ਜਾਂ ਨਾਇਕਾਂ ਦੀ ਨਕਲ ਨਹੀਂ ਕਰ ਸਕਦਾ। ਪਰ ਲੀਡਰ ਉਦੋਂ ਵੀ ਅੱਜ ਵਰਗੇ ਹੀ ਸਨ ਅਤੇ ਮਾਮਲਾ ਲੈ ਦੇ ਕੇ ਤੈਅ ਹੋ ਗਿਆ। ਫਿਲਮ ਸਿਨਮਿਆਂ ਵਿੱਚ ਚਲਦੀ ਰਹੀ। ਫੇਰ ਹੋਰ ਅਨੇਕਾਂ ਫਿਲਮਾਂ ਬਣੀਆਂ। ਪਰ ਅੱਜ ਦੇ ਦੌਰ ਵਿੱਚ ਜਿਸ ਰਫ਼ਤਾਰ ਨਾਲ ਸਿੱਖ ਇਤਿਹਾਸ ਨਾਲ ਸਬੰਧਤ ਕਾਰਟੂਨ ਫਿਲਮਾਂ ਬਣ ਰਹੀਆਂ ਹਨ ਅਤੇ ਉਹਨਾਂ ਅੰਦਰ ਅਪਣਾਈ ਗਈ ਪਹੁੰਚ ਇੱਕ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ ਕਿ ਕੀ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ? ਮੈਂ ਨਾ ਤਾਂ ਕੋਈ ਵਿਦਵਾਨ ਹਾਂ ਅਤੇ ਨਾ ਹੀ ਕੋਈ ਸਕੌਲਰ ਜਾਂ ਚਿੰਤਕ ਹਾਂ। ਇਕ ਸਿੱਖ ਦੀ ਹੈਸੀਅਤ ਵਿੱਚ ਉਪ੍ਰੋਕਤ ਸਵਾਲ ਦੇ ਜਵਾਬ ਵਿੱਚ ਮੇਰਾ ਉਤੱਰ ਹੋਵੇਗਾ ਕਿ: ਭੁੱਲ ਕੇ ਵੀ ਨਹੀਂ।

ਫਿਲਮ “ਚਾਰ ਸਾਹਿਬਜ਼ਾਦੇ” ਬਾਰੇ

ਹੁਣ ਆਪਾਂ ਅੱਜ ਦੇ ਦੌਰ ਦੀ ਸੱਭ ਤੋਂ ਵੱਧ ਹਰਮਨ ਪਿਆਰੀ ਹੋ ਰਹੀ ਕਾਰਟੂਨ ਫਿਲਮ “ਚਾਰ ਸਾਹਿਬਜ਼ਾਦੇ” ਦੇ ਸਬੰਧ ਵਿੱਚ ਚਰਚਾ ਕਰਾਂਗੇ। ਇਸ ਫਿਲਮ ਬਾਰੇ ਫੇਸਬੁੱਕ ਵੱਟਸਐਪ ਉਤੇ ਅਨੇਕਾਂ ਕਿਸਮ ਦੀਆਂ ਟਿਪਣੀਆਂ ਪੜ੍ਹਨ ਅਤੇ ਸੁਨਣ ਨੂੰ ਮਿਲਦੀਆਂ ਹਨ। ਜਿਵੇਂ ਕਿ ਫਿਲਮ ਦੋ ਦਿਨ ਸੰਗਤਾਂ ਨੂੰ ਮੁਫ਼ਤ ਵਿੱਚ ਦਿਖਾਈ ਗਈ। ਅੱਜ ਵੱਟਸਐਪ ਤੇ ਕਿਸੇ ਦੋਸਤ ਨੇ ਪੇਪਰ ਵਿੱਚੋਂ ਕਟਿੰਗ ਦੀ ਫੋਟੋ ਟੈਗ ਕੀਤੀ ਜਿਸ ਵਿੱਚ ਇਕ ਸਿਨਮੇ ਦਾ ਮੈਨੇਜਰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਲੋਕ ਸਿਨਮੇ ਅੰਦਰ ਜੁਤੀਆਂ ਉਤਾਰ ਕੇ ਫਿਲਮ ਦੇਖਣ ਵਾਸਤੇ ਜਾਂਦੇ ਹਨ। ਬੱਚਿਆਂ ਦਾ ਸਿਨਮਾਂ ਘਰਾਂ ਵਿਚੋਂ ਰੋਂਦੇ ਨਿਕਲਣਾਂ ਵੱਟਸਐਪ ਅਤੇ ਫੇਸਬੁੱਕ ਉੱਤੇ ਸੱਭ ਤੋਂ ਵੱਧ ਟੈਗ ਕੀਤਾ ਗਿਆ। ਆਓ ਇਹਨਾਂ ਸਾਰੀਆਂ ਹੀ ਗੱਲਾਂ ਦੇ ਰੂਬਰੂ ਰਹਿੰਦਿਆਂ ਕੁੱਝ ਕੌੜੀਆਂ ਸਚਾਈਆਂ ਦੇ ਸਨਮੁਖ ਵੀ ਹੋਈਏ। “ਚਾਰ ਸਾਹਿਬਜ਼ਾਦੇ” ਫਿਲਮ ਨੂੰ ਸਿੱਖ ਜਗਤ ਵਲੋਂ ਮਿਲਿਆ ਹੁੰਗਾਰਾ ਜਿੱਥੇ ਸਿੱਖਾਂ ਦੀ ਗੁਰੂ ਪ੍ਰਤੀ ਵੱਡੀ ਸ਼ਰਧਾ ਦਾ ਇਜ਼ਹਾਰ ਹੈ, ਉਥੇ ਸ਼ਰਧਾ ਦੇ ਅੰਨ੍ਹੇ ਹੋ ਜਾਣ ਦਾ ਵੀ ਪੁਖ਼ਤਾ ਸਬੂਤ ਹੈ।

ਹੁਣ ਮੈਂ ਕੁੱਝ ਸਵਾਲ ਆਪਣੇ ਪਾਠਕਾਂ ਗੋਚਰੇ ਰੱਖ ਰਿਹਾ ਹਾਂ, ਕਿਰਪਾ ਕਰਕੇ ਇਹਨਾਂ ਸਵਾਲਾਂ ਦੇ ਜੁਆਬ ਲੱਭਣ ਦੀ ਸੁਹਿਰਦ ਕੋਸ਼ਿਸ਼ ਕਰਨੀ। ਸੱਭ ਤੋਂ ਪਹਿਲਾ ਸਵਾਲ ਇਹ ਹੈ ਕਿ:

(1) ਬਹੁਤ ਸਾਰੀਆਂ ਹੋਰ ਵੀ ਅਜਹੀਆਂ ਫਿਲਮਾਂ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਤਾਂ ਕੀ ਸਿਆਣੇ ਵੀ ਜਜ਼ਬਾਤੀ ਹੋ ਕੇ ਰੋ ਪੈਂਦੇ ਹਨ। ਕਿਸੇ ਵੀ ਇੱਕ ਫਿਲਮ ਵਿੱਚ ਜਜ਼ਬਾਤੀ ਹੋ ਕੇ ਰੋਣ ਦਾ ਅਸਰ ਤੁਹਾਡੀ ਜ਼ਿੰਦਗੀ ਵਿੱਚ ਕਿਤੇ ਸਦੀਵੀ ਤੌਰ ਤੇ ਸਲਾਮਤ ਰਿਹਾ ਹੋਵੇ?

(2) ਜਜ਼ਬਾਤੀ ਹੋ ਕੇ ਰੋਣ ਤੋਂ ਬਿਨਾਂ ਕੀ ਸਾਰੀ ਦੀ ਸਾਰੀ ਫਿਲਮ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਦੇ ਰੂਹਾਨੀ ਜਲਵਿਆਂ ਦਾ ਇੱਕ ਵੀ ਅਜਿਹਾ ਦ੍ਰਿਸ਼ ਹੈ, ਜਿਸ ਨੇ ਤੁਹਾਡੀ ਰੂਹ ਨੂੰ ਸਪਰਸ਼ ਕੀਤਾ ਹੋਵੇ, ਜਿਸ ਨਾਲ ਤੁਹਾਡੇ ਆਪਣੇ ਜੀਵਨ ਦੀ ਰੌਂਅ ਬਦਲ ਗਈ ਹੋਵੇ?

(3) ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਚਮਕੌਰ ਦੀ ਗੜ੍ਹੀ ਵਿਚੋਂ ਜੰਗ ਨੂੰ ਤੋਰਿਆ ਸੀ। ਉਸ ਵੇਲੇ ਚਮਕੌਰ ਦੀ ਕੱਚੀ ਗੜ੍ਹੀ ਦੇ ਅੰਦਰ ਤੇ ਬਾਹਰ, ਸਿੰਘਾਂ ਦੇ ਸਿਦਕ ਨੇ ਕਲਗੀਆਂ ਵਾਲੇ ਦੀ ਹਜ਼ੂਰੀ ਵਿੱਚ ਜੋ ਰੂਹਾਨੀ ਜਲੌ ਸਿਰਜਿਆ ਹੋਇਆ ਸੀ, ਉਸ ਬਾਰੇ ਦੋ ਮਹਾਨ ਸ਼ਾਇਰ ਅਤੇ ਚਿੰਤਕ ਪ੍ਰੋ: ਪੂਰਨ ਸਿੰਘ ਅਤੇ ਹਰਿੰਦਰ ਸਿੰਘ ਮਹਿਬੂਬ ਇੱਕੋ ਹੀ ਰਾਏ ਰੱਖਦੇ ਲਿਖਦੇ ਹਨ ਕਿ “ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ”। ਅਸੀਂ ਉਹਨਾਂ ਰੂਹਾਨੀ ਜਲਵਿਆਂ ਦੇ ਸੰਗਮ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਰਹੇ ਹਾਂ। ਇਹ ਕਿਥੋਂ ਤੱਕ ਜਾਇਜ਼ ਹੈ?

(4) ਕੀ ਚਮਕੌਰ ਦੀ ਕੱਚੀ ਗੜ੍ਹੀ ਦੀ ਜੰਗ (ਰੁਹਾਨੀ ਰੰਗਾਂ ਦਾ ਮਿਲਣ) ਦੇ ਦ੍ਰਿਸ਼ ਜਿਹੋ ਜਿਹੇ ਫਿਲਮ ਵਿੱਚ ਦਿਖਾਏ ਗਏ ਹਨ ਉਹੋ ਜਿਹੇ ਹੀ ਹੋਣਗੇ?

(5) ਫਿਲਮ ਵਿੱਚ ਮਾਤਾ ਗੁਜ਼ਰੀ ਜੀ ਦਾ ਜੋ ਚਿਹਰਾ ਦਿਖਾਇਆ ਹੈ ਉਹੋ ਜਿਹਾ ਚਿਹਰਾ ਜਾਂ ਮਿਲਦਾ ਜੁਲਦਾ ਚਿਹਰਾ ਅੰਗਰੇਜ਼ੀ ਕਾਰਟੂਨ ਫਿਲਮਾਂ ਵਿੱਚ ਡਰਾਉਣੇ ਪਾਤਰਾਂ ਵਜੋਂ ਆਮ ਨਜ਼ਰ ਆਉਂਦਾ ਹੈ। ਫਰਕ ਸਿਰਫ ਇੰਨਾਂ ਹੀ ਹੈ ਕਿ ਉਹ ਚਿਹਰਾ ਕੁਝ ਡਰਾਉਣੇ ਅਸਤਰਾਂ ਬਸਤਰਾਂ ਨਾਲ ਸਜਾਇਆ ਹੁੰਦਾ ਹੈ। ਕੀ ਮਾਤਾ ਗੁਜ਼ਰੀ ਉਸ ਤਰ੍ਹਾਂ ਦੇ ਹੋਣਗੇ ਜਿਹੋ ਜਿਹੇ “ਚਾਰ ਸਾਹਿਬਜ਼ਾਦੇ” ਫਿਲਮ ਵਿੱਚ ਦਿਖਾਏ ਗਏ ਹਨ?

(4) ਫਿਲਮ ਵਿੱਚ ਸਾਹਿਬਜ਼ਾਦਿਆਂ ਦੇ ਚੇਹਰੇ ਇਸ ਤਰ੍ਹਾਂ ਦਿਖਾਏ ਗਏ ਨੇ ਜਿਸ ਤਰ੍ਹਾਂ ਅਪਾਹਜ ਬੱਚਿਆਂ ਦੇ ਚੇਹਰੇ ਹੁੰਦੇ ਹਨ। ਕੀ ਸਾਹਿਬਜ਼ਾਦੇ ਉਹੋ ਜਿਹੇ ਹੋਣਗੇ ਜਿਹੋ ਜਿਹੇ “ਚਾਰ ਸਾਹਿਬਜ਼ਾਦੇ” ਫਿਲਮ ਵਿੱਚ ਦਿਖਾਏ ਗਏ ਹਨ?

(5) ਕੀ ਇਹ ਫਿਲਮ ਗੁਰੂ ਬਿੰਬ ਦੀ ਸਰਸਬਜ਼ ਨੁਹਾਰ ਨੂੰ ਰੂਪਮਾਨ ਕਰਦੀ ਹੈ ਜਾਂ ਉਸ ਦੀ ਮੌਲਿਕਤਾ ਨੂੰ ਵਲੂੰਧਰਦੀ ਹੈ?

ਸਵਾਲ ਤਾਂ ਹੋਰ ਵੀ ਬਹੁਤ ਹਨ ਪਰ ਥਾਂ ਨਹੀਂ ਤੇ ਵਕਤ ਵੀ ਘੱਟ ਹੈ। ਇਹ ਫਿਲਮ ਕਲਗੀਆਂ ਵਾਲੇ ਪਾਤਸ਼ਾਹ ਦੇ ਜੀਵਨ ਇਤਿਹਾਸ ਦੀਆਂ ਰੂਹਾਨੀ ਸ਼ਾਨਾਂ ਦੀ ਤਰਜ਼ਮਾਨੀ ਕਰਨ ਦੀ ਤਾਕਤ ਨਹੀਂ ਰੱਖਦੀ। ਅਸੀਂ ਫਿਲਮ ਬਣਾਉਣ ਵਾਲਿਆਂ ਉਤੇ ਇਹ ਦੋਸ਼ ਤਾਂ ਨਹੀਂ ਲਾਉਂਦੇ ਕਿ ਇਸ ਪਿੱਛੇ ਉਹਨਾਂ ਦਾ ਵਪਾਰਕ ਲਾਭ ਤੋਂ ਬਿਨਾਂ ਕੋਈ ਹੋਰ ਵੀ ਖੁਫ਼ੀਆ ਮਨੋਰਥ ਹੈ। ਪਰ ਜਿਸ ਤਰ੍ਹਾਂ ਲੋਕ ਸਿਨਮਿਆਂ ਵਿੱਚ ਜੁੱਤੀਆਂ ਲਾਹ ਕੇ ਫਿਲਮ ਦੇਖਣ ਜਾਂਦੇ ਹਨ ਜਾਂ ਸੇਵਾ ਭਾਵਨਾ ਨਾਲ ਫਿਲਮ ਮੁਫ਼ਤ ਦਿਖਾਉਣ ਲਈ ਸਿਨਮੇਂ ਦਾ ਖਰਚ ਇੱਕ ਬੰਦੇ ਨੇ ਆਪਣੇ ਸਿਰ ਲੈਣਾ ਆਦਿ ਗੱਲਾਂ ਬੁੱਤ ਪ੍ਰਸਤੀ ਵੱਲ ਨੂੰ ਤੇਜ ਹੋ ਰਹੇ ਨਵੀਨ ਕਦਮ ਹਨ। ਇਹ ਸੱਭ ਕੁੱਝ ਸਿੱਖ ਕੌਮ ਦੀ ਰੂਹਾਨੀ ਗਿਰਾਵਟ ਹੋ ਨਿਬੜੇਗਾ।

ਹੁਣ ਇੱਕ ਨਵਾਂ ਸਵਾਲ ਤੇ ਮਸਲਾ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਧਰਮ ਦੀ ਜਾਣਕਾਰੀ ਦੇਣ ਦਾ ਹੈ। ਜਿਸ ਲਈ ਆਧੁਨਿਕ ਮਾਧਿਅਮ ਦੇ ਨਾਮ ਹੇਠ ਇਹਨਾਂ ਫਿਲਮਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਗੱਲ ਥੋੜੀ ਕੁੜੱਤਣ ਵਾਲੀ ਹੈ। ਓਹ ਇਹ ਕਿ ਸਾਨੂੰ ਖ਼ੁਦ ਨੂੰ ਆਪਣੇ ਧਰਮ ਵਾਰੇ ਕੋਈ ਜਾਣਕਾਰੀ ਨਹੀਂ, ਅਸੀਂ ਸ਼ਰਾਬ ਵੀ ਪੀਂਦੇ ਹਾਂ, ਵਾਲ ਵੀ ਕੱਟਦੇ ਹਾਂ। ਪਰ ਆਪਣੇ ਬੱਚਿਆਂ ਦੇ ਜੂੜੇ ਰੱਖ ਕੇ, ਪਟਕੇ ਬੰਨ੍ਹ ਕੇ ਜਾਂ ਗਲਾਂ ਵਿੱਚ ਸੋਨੇ ਦੇ ਖੰਡੇ ਪੁਆ ਕੇ, ਉਹਨਾਂ ਤੋਂ ਸਿੱਖੀ ਦੀ ਆਸ ਰੱਖਦੇ ਹਾਂ। ਜਦੋਂ ਵੀ ਕੋਈ ਇਹੋ ਜਿਹੀ ਫਿਲਮ ਆਉਂਦੀ ਹੈ ਤਾਂ ਬਿਨਾਂ ਸੋਚੇ ਸਮਝੇ ਉਸ ਫਿਲਮ ਮਗਰ ਦੌੜਦੇ ਹਾਂ, ਰੋਜ਼ਾਨਾ ਲੁੱਟ ਹੁੰਦੇ ਹਾਂ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਗੁਰੂ ਘਰ ਦੀ ਸਟੇਜ ਤੇ ਬੈਠਾ ਪ੍ਰਚਾਰਕ ਗੁਰੂ ਦੀ ਸਿਫ਼ਤ ਕਰ ਰਿਹਾ ਹੈ ਜਾਂ ਗੁਰੂ ਦੀ ਤੌਹੀਨ ਕਰ ਰਿਹਾ ਹੈ। ਅਸੀਂ ਹਜ਼ੂਰੀ ਵਿੱਚ ਬੈਠ ਕੇ ਸੁਣ ਕੇ ਅਤੇ ਮਟਰ ਪਨੀਰ ਵਾਲਾ ਲੰਗਰ ਸ਼ਕ ਕੇ ਢਿੱਡ ਉਤੇ ਹੱਥ ਫੇਰ ਕੇ ਘਰ ਨੂੰ ਆ ਜਾਂਦੇ ਹਾਂ। ਅਸੀਂ ਗ਼ੁਨਾਹਗਾਰ ਹਾਂ ਆਪਣੀ ਕੌਮ ਦੇ ਵੀ ਅਤੇ ਆਪਣੇ ਬੱਚਿਆਂ ਦੇ ਵੀ। ਬੱਚਿਆਂ ਦੀ ਜਾਣਕਾਰੀ ਦਾ ਅਸਲੀ ਮਾਧਿਅਮ ਅਸੀਂ ਖ਼ੁਦ ਸੀ, ਜੋ ਅਸੀਂ ਉਹਨਾਂ ਨੂੰ ਨਹੀਂ ਦਿੱਤਾ। ਅਸੀਂ ਆਪਣੇ ਬੱਚਿਆਂ ਦੀਆਂ ਨਜ਼ਰਾਂ ਵਿੱਚ ਦੋਗਲੇ ਹਾਂ। ਸਾਡੇ ਬੱਚਿਆਂ ਦੀ ਸੁਰਤ ਅੰਦਰ ਅੱਜ ਸਾਡਾ ਬਿੰਬ ਹੀ ਸਹੀ ਨਹੀਂ ਤਾਂ ਗੁਰੂਬਿੰਬ ਕਿਥੋਂ ਰੂਪਮਾਨ ਕਰ ਦਿਆਂ ਗੇ। ਅਸੀਂ ਬੱਚਿਆਂ ਤੋਂ ਸੱਭ ਕੁੱਝ ਖੋਹ ਲਿਆ ਹੈ। ਸਾਡੀ ਹਾਲਤ “ਵਕਤੋਂ ਖੁੰਝੀ ਡੂਮਣੀ” ਵਾਲੀ ਹੈ। ਉਂਝ ਅਜੇ ਵੀ ਵਿਗੜਿਆ ਕੁੱਝ ਨਹੀਂ ਜੇ ਸੰਭਲ ਜਈਏ।

ਹੁਣ ਲੇਖ ਦੇ ਅੰਤ ਵਿੱਚ ਸਿਰੇ ਤੇ ਗੰਢ ਦੇਣ ਲੱਗਾਂ ਹਾਂ ਕਿ ਜੇ ਮੇਰੀ ਸੁਰਤ ਵਿਚੋਂ ਮੇਰੇ ਪਿਤਾ ਜੀ ਦੀ ਗੁਰੂ ਮੁਹੱਬਤ ਦੁਆਰਾ ਸਿਰਜਿਆ ਗੁਰੂਬਿੰਬ, ਮੇਰੀ ਇਕਬੰਜਾ ਸਾਲ ਦੀ ਉਮਰ ਤੱਕ ਝੱਖੜਾਂ ਝਾਂਜਿਆਂ ਵਿਚੋਂ ਗੁਜ਼ਰਦਿਆਂ ਮਨਫ਼ੀ ਨਹੀ ਹੋ ਸਕਿਆ ਤਾਂ ਜਿਹਨਾਂ ਦੀ ਸੁਰਤ ਵਿੱਚ ਤੁਸੀਂ ਗੁਰੂਬਿੰਬ ਦੀ ਥਾਂ ਕਾਰਟੂਨ ਸਥਾਪਤ ਕਰ ਰਹੇ ਹੋ ਉਹ ਕਾਰਟੂਨ ਵੀ ਕਦੀ ਮਨਫ਼ੀ ਨਹੀ ਹੋਣਗੇ। ਕਿਉਂਕਿ ਕੋਰੇ ਕਾਗਜ਼ ਉਤੇ ਜੋ ਪਹਿਲਾਂ ਲਿਖਿਆ ਗਿਆ ਸੋ ਲਿਖਿਆ ਗਿਆ। ਜਦੋਂ ਵੀ ਸਾਹਿਬਜ਼ਾਦਿਆਂ ਦੀ ਗੱਲ ਹੋਵੇਗੀ ਬੱਚਿਆਂ ਦੀ ਸੁਰਤ ਵਿੱਚ ਕਾਰਟੂਨਾਂ ਵਾਲੇ ਚੇਹਰੇ ਹੀ ਰੂਪਮਾਨ ਹੋਣਗੇ। ਪਰ ਕਾਰਟੂਨਾਂ ਵਾਲੇ ਖਿਆਲ ਕਦੀ ਰੂਹਾਨੀ ਥਰਥਰਾਹਟਾਂ ਉਜਾਗਰ ਨਹੀਂ ਕਰ ਸਕਦੇ। ਨਾਂ ਹੀ ਕਾਰਟੂਨਾਂ ਵਾਲੇ ਖਿਆਲ ਕਦੀ ਸਿਦਕ ਦੇ ਰਾਹ ਜਾਂ ਕੋਈ ਆਤਮਕ ਪਹੁੰਚ ਸਿਰਜ ਸਕਦੇ ਹਨ। ਬੱਚੇ ਇੰਨੇ ਪਵਿੱਤਰ ਹੁੰਦੇ ਹਨ ਕਿ ਉਹਨਾਂ ਵਿੱਚ ਇੱਕ ਬਾਲਗ ਨਾਲੋਂ ਆਪਣੇ ਅੰਦਰ ਗੁਰੂ ਦਾ ਪਵਿੱਤਰ ਤੇ ਅਸਲੀ ਖਿਆਲ ਸਿਰਜਣ ਦੀ ਸਮਰੱਥਾ ਕਈ ਗੁਣਾਂ ਜ਼ਿਆਦਾ ਹੁੰਦੀ ਹੈ। ਬਸ਼ਰਤੇ ਕਿ ਉਹਨਾਂ ਨੂੰ ਕੋਈ ਫਿਲਮ, ਤਸਵੀਰ ਜਾਂ ਬੁੱਤ ਨਾਂ ਮੁਹੱਈਆ ਕੀਤਾ ਗਿਆ ਹੋਵੇ। ਬੱਚਿਆਂ ਨੂੰ ਸਿੱਖ ਧਰਮ, ਇਤਿਹਾਸ ਅਤੇ ਸਿੱਖ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਲਈ, ਰੋਜ਼ਾਨਾਂ ਪੰਦਰਾਂ ਮਿੰਟ ਜਾਂ ਹਫ਼ਤਾਵਰੀ ਇੱਕ ਘੰਟਾ ਬਹੁਤ ਹੈ ਕਿਉਂਕਿ ਬਾਕੀ ਕੰਮ ਉਹਨਾਂ ਖ਼ੁਦ ਹੀ ਕਰ ਲੈਣਾ ਹੁੰਦਾ। ਪਰ ਅਫ਼ਸੋਸ ਕਿ ਸਾਨੂੰ ਇਹ ਸੱਭ ਕੁੱਝ ਆੳਂਦਾ ਹੀ ਨਹੀਂ।

ਉੱਚੀ ਸੁਰਤ ਅੰਦਰ ਗੁਰੂ ਦੇ ਖਿਆਲ ਵਿੱਚੋਂ ਗੁਰੂ ਦੇ ਰੱਬੀ ਜਲੌ ਅਤੇ ਜਲਵਿਆਂ ਦਾ ਦੀਦਾਰ ਕੀਤਾ ਜਾ ਸਕਦਾ ਹੈ ਪਰ ਬੁੱਤਾਂ, ਤਸਵੀਰਾਂ ਅਤੇ ਫਿਲਮਾਂ ਵਿੱਚ ਇਹ ਕਦੀ ਵੀ ਸਮੋ ਨਹੀਂ ਸਕਦਾ। ਬੁੱਤਾਂ, ਤਸਵੀਰਾਂ ਅਤੇ ਫਿਲਮਾਂ ਵਿੱਚ ਰੱਬੀ ਤਾਸੀਰ ਵਾਲੇ ਜਰਖੇਜ਼ ਖਿਆਲਾਂ ਨੂੰ ਬਾਂਝ ਕਰਨ ਦਾ ਤਾਣ ਹੁੰਦਾ ਹੈ। ਜਿਸ ਦੀ ਮਿਸਾਲ ਸਾਰੇ ਦਾ ਸਾਰਾ ਹਿੰਦੂ ਧਰਮ ਅਤੇ ਹਿੰਦੂ ਇਤਿਹਾਸ ਹੈ ਕਿ ਕਿਸ ਤਰ੍ਹਾਂ ਕੁੱਝ ਗਿਣਤੀ ਦੇ ਹੀ ਹਮਲਾਵਰ ਬੁਤਾਂ ਅੱਗੇ ਖੜਿਆਂ ਲੱਖਾਂ ਲੋਕਾਂ ਨੂੰ ਲੁੱਟ ਕੇ ਤੇ ਕਤਲ ਕਰਕੇ ਸਹੀ ਸਲਾਮਤ ਨਿਕਲ ਜਾਂਦੇ ਸਨ।

ਦੂਸਰਿਆਂ ਦਾ ਮੁਕਾਬਲਾ ਕਰਨਾ ਜਾਂ ਰੀਸ ਕਰਨੀ ਸਿੱਖ ਧਰਮ ਦੀ ਵਿਲੱਖਣ ਹੋਂਦ ਦੇ ਅਨਕੂਲ ਨਹੀਂ ਹੈ।

ਮੈਨੂੰ ਪਤਾ ਹੈ ਕਿ ਇਸ ਲਿਖਤ ਦਾ ਵਿਰੋਧ ਕਾਫੀ ਹੋਵੇਗਾ ਪਰ ਮੈ ਜੋ ਕਹਿਣਾ ਚਹੁੰਦਾ ਸੀ ਕਹਿ ਦਿੱਤਾ। ਗੁਰੂ ਸਹਿਬਾਨ ਦੇ ਇਲਾਹੀ ਜਲਾਲ ਨਾਲੋਂ ਨਿਖੱੜੀ ਹਰ ਚੀਜ਼ ਬੁੱਤ ਹੈ । ਜੋ ਚੀਜ਼ ਰੂਹ ਨੂੰ ਤਾਜ਼ਗੀ ਨਹੀਂ ਦੇ ਸਕਦੀ (ਜਜ਼ਬਾਤੀ ਹੋ ਜਾਣਾ ਹੋਰ ਗੱਲ ਹੈ), ਜੋ ਰੂਹਾਨੀ ਅਸੂਲ ਨਹੀ ਸਿਰਜ ਸਕਦੀ, ਜੋ ਗੱਲ ਇਖ਼ਲਾਕ ਦੀ ਨੀਂਹ ਨਹੀ ਬਣ ਸਕਦੀ, ਉਸ ਨੂੰ ਕਬੂਲ ਕਰਨਾ ਰੂਹਾਨੀ ਖ਼ੁਦਕਸ਼ੀ ਹੀ ਸਾਬਤ ਹੋਵੇਗਾ। ਅੱਜ ਬੁੱਧੀਜੀਵੀ ਵਰਗ ਨੂੰ ਇਸ ਵਿਸ਼ੇ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਕਿਸੇ ਅਸਲੀ ਸ਼ੈਅ ਦੀ ਅਣਹੋਂਦ ਵਿੱਚ ਹੀ ਮਨੁੱਖ ਨੂੰ ਨਕਲੀ ਦੀ ਲੋੜ ਪੈਂਦੀ ਹੈ। ਸਿੱਖਾਂ ਨੂੰ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਨਕਲ ਜਾਂ ਕਾਲਪਨਿਕ ਪਰਛਾਵੇ ਦੀ ਲੋੜ ਕਿਉਂ ਹੈ? ਕੀ
ਸੱਭਿਅਤਾ ਦੇ ਮੁੱਢ ਤੋਂ ਹੀ ਮਨੁਖ ਦੀ ਬਹੁ ਰੰਗੀ ਤ੍ਰਿਪਤੀ ਲਈ ਅਨੇਕਾਂ ਹੀ ਕਿਸਮ ਦੇ ਸਾਧਨ ਪੈਦਾ ਹੁੰਦੇ ਆਏ ਹਨ। ਇਹਨਾਂ ਵਿਚ ਹੀ ਮਨੋੋਰੰਜਨ ਦੇ ਸਾਧਨ ਆ ਜਾਂਦੇ ਹਨ। ਇਹਨਾਂ
ਅਸਲ ਗੱਲ ਇਹ ਹੈ ਕਿ ਸਿੱਖ ਸਿਧਾਂਤ, ਇਤਿਹਾਸ ਅਤੇ ਪਰੰਪਰਾ ਅਨੁਸਾਰ ਕੋਈ ਮਨੁੱਖ ਗੁਰੂ ਦਾ ਸਵਾਂਗ ਨਹੀਂ ਰਚ ਸਕਦਾ। ਜਦੋਂ ਸਵਾਂਗ ਦੀ ਮਨਾਹੀ ਹੈ ਫਿਰ ਇਹ ਕਿਸੇ ਰੂਪ ਵਿੱਚ ਹੋਵੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: