ਬਠਿੰਡਾ (1 ਅਕਤੂਬਰ, 2015): ਪੰਥਕ ਸਰਗਰਮੀਆਂ ਵਿੱਚ ਭਾਗ ਲੈਣ ਵਾਲੇ ਬਾਬਾ ਸੁਖਦੇਵ ਸਿੰਘ ਜੋਗਾਨੰਦ ਨੂੰ ਪੰਜਾਬ ਪੁਲਿਸ ਗ੍ਰਿਫਤਾਰ ਕੀਤਾ ਗਿਆ ਹੈ।ਉਨ੍ਹਾਂ ਨੂੰ ਬੀਤੇ ਕੱਲ੍ਹ ਤੜਕੇ 3 ਵਜੇ ਅੰਮਿ੍ਤਸਰ ਦੀ ਵਿਸ਼ੇਸ਼ ਪੁਲਿਸ ਟੀਮ ਤੇ ਸ੍ਰੋਮਣੀ ਕਮੇਟੀ ਟਾਸਕ ਫੌਰਸ ਨੇ ਉਨ੍ਹਾਂ ਦੇ ਪਿੰਡ ਦਿਓਣ ਸਥਿਤ ਨਿਰਮਲ ਕੁਟੀਆ ਰਿਹਾਇਸ਼ ਤੋਂ ਕੁੱਟਮਾਰ ਕਰਕੇ ਗਿ੍ਫਤਾਰ ਕਰ ਲਏ ਜਾਣ ਦੀ ਸੂਚਨਾ ਹੈ।
ਰੋਜਾਨਾ ਅਜੀਤ ਵਿਚ ਛਪੀ ਖਬਰ ਅਨੁਸਾਰ ਸੰਘਰਸ਼ ਕਮੇਟੀ ਦੇ ਕਨਵੀਨਰ ਭਾਈ ਗੁਰਦੀਪ ਸਿੰਘ ਦੇ ਨਜ਼ਦੀਕੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਸੰਘਰਸ਼ ਦੇ ਮੁੱਖ ਸਮਰਥਕਾਂ ‘ਚੋਂ ਇਕ ਬਾਬਾ ਸੁਖਦੇਵ ਸਿੰਘ ਜੋਗਾਨੰਦ ਦੀ ਗਿ੍ਫਤਾਰੀ ਨੂੰ ਪਹਿਲਾਂ ਪੰਜਾਬ ਬੰਦ ਦੇ ਸੱਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ, ਪਰ ਦੇਰ ਸ਼ਾਮ ਸਾਰੇ ਪੰਥਕ ਆਗੂਆਂ ਦੀ ਰਿਹਾਈ ਤੋਂ ਬਾਅਦ ਵੀ ਬਾਬਾ ਜੋਗਾਨੰਦ ਦਾ ਕੋਈ ਪਤਾ ਨਾ ਲੱਗਿਆ।
ਰੋਜਾਨਾ ਅਜੀਤ ਅਖਬਰਾ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਬਾਬਾ ਜੋਗਾਨੰਦ ਨੂੰ ਡੇਰਾ ਸਿਰਸਾ ਮੁੱਖੀ ਦੇ ਵਿਵਾਦਿਤ ਮੁਆਫੀ ਵਾਲੇ ਫੈਸਲੇ ਸਬੰਧੀ ਸੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨਾਲ ਫੋਨ ‘ਤੇ ਹੋਈ ਤਿੱਖੀ ਤਕਰਾਰ ਬਾਜੀ ਦੱਸਿਆ ਜਾ ਰਿਹਾ ਹੈ।
ਥਾਣਾ ਸਿਵਲ ਲਾਈਨ ਅੰਮਿ੍ਤਸਰ ਦੇ ਮੁੱਖ ਅਫਸਰ ਨੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਜਵਾਬ ਦੇਣ ਤੋਂ ਟਾਲਾ ਵੱਟਿਆ, ਜਦਕਿ ਥਾਣਾ ਮੁਨਸ਼ੀ ਨੇ ਕੋਈ ਗਿ੍ਫਤਾਰੀ ਹੋਣ ਤੋਂ ਇਨਕਾਰ ਕੀਤਾ, ਪਰ ਮੌਕੇ ‘ਤੇ ਮੌਜੂਦ ਅੰਗਰੇਜੀ ਅਖਬਾਰ ਦੇ ਇਕ ਸਥਾਨਕ ਫੋਟੋ ਪੱਤਰਕਾਰ ਵੱਲੋਂ ਥਾਣੇ ਅੰਦਰ ਬੈਠੇ ਬਾਬਾ ਸੁਖਦੇਵ ਸਿੰਘ ਦੀਆਂ ਪਾਠ ਕਰਦਿਆਂ ਖਿੱਚੀਆਂ ਤਸਵੀਰਾਂ ਤੋਂ ਪੁਲਿਸ ਦਾ ਝੂਠ ਜੱਗ ਜਾਹਰ ਹੋ ਗਿਆ।
ਦੂਜੇ ਪਾਸੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ. ਇੰਦਰਮੋਹਨ ਸਿੰਘ ਭੱਟੀ ਨੇ ਬਾਬਾ ਸੁਖਦੇਵ ਸਿੰਘ ਦੀ ਅੰਮਿ੍ਤਸਰ ਪੁਲਿਸ ਵੱਲੋਂ ਕੀਤੀ ਗਿ੍ਫਤਾਰੀ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਕਿਸੇ ਮਾਮਲੇ ‘ਚ ਜਾਂਚ ਪੜਤਾਲ ਲਈ ਉਨ੍ਹਾਂ ਨੂੰ ਅੰਮਿ੍ਤਸਰ ਪੁਲਿਸ ਗਿ੍ਫਤਾਰ ਕਰਕੇ ਲੈ ਗਈ ਹੈ।