ਇੰਫਾਲ: ਮਣੀਪੁਰ ਦੇ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਅੱਜ ਹਥਿਆਰਬੰਦ ਹਮਲਾਵਰਾਂ ਦੀ ਗੋਲੀਬਾਰੀ ‘ਚ ਮਸਾਂ ਬਚੇ। ਗੋਲੀਬਾਰੀ ਉਸ ਵੇਲੇ ਹੋਈ ਜਦੋਂ ਉਹ ਉਖਰੂਲ ਹੈਲੀਪੈਡ ‘ਤੇ ਆਪਣੇ ਹੈਲੀਕਾਪਟਰ ਤੋਂ ਬਾਹਰ ਨਿਕਲੇ।
ਸੀ.ਆਈ.ਡੀ. ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਜਿਸ ਵੇਲੇ ਹੈਲੀਕਾਪਟਰ ਤੋਂ ਬਾਹਰ ਨਿਕਲ ਕੇ ਆਏ ਤਾਂ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿਚ ਮਣੀਪੁਰ ਰਾਈਫਲਸ ਦਾ ਇਕ ਜਵਾਨ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਹੁੰਦੇ ਹੀ ਮੁੱਖ ਮੰਤਰੀ ਦੇ ਹੈਲੀਕਾਪਟਰ ਨੇ ਤੁਰੰਤ ਉਥੋਂ ਉਡਾਰੀ ਮਾਰੀ ਅਤੇ ਉਹ ਚਿਨਗਈ ਵੱਲ ਚਲਿਆ ਗਿਆ ਪਰ ਵਿਰੋਧ ਪ੍ਰਦਰਸ਼ਨਾਂ ਕਰਕੇ ਉਸ ਇਲਾਕੇ ਦੇ ਪਿੰਡਾਂ ‘ਚ ਹੈਲੀਕਾਪਟਰ ਉਤਾਰਿਆ ਨਹੀਂ ਜਾ ਸਕਿਆ।

ਸੂਤਰਾਂ ਨੇ ਦੱਸਿਆ ਕਿ ਤਾਂ ਮੁੱਖ ਮੰਤਰੀ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਰਾਜਧਾਨੀ ਵਾਪਸ ਮੁੜ ਗਏ ਜਿਥੇ ਉਨ੍ਹਾਂ ਨੇ ਕੈਬਨਟ ਦੀ ਹੰਗਾਮੀ ਮੀਟਿੰਗ ਸੱਦ ਲਈ। ਉਖਰੂਲ ਜ਼ਿਲ੍ਹੇ ਦੇ ਹੁਨਫੁੰਗ ਅਤੇ ਚਿਨਗਈ ਪਿੰਡਾਂ ‘ਚ ਮੁੱਖ ਮੰਤਰੀ ਦੇ ਕਈ ਪ੍ਰੋਗਰਾਮ ਸੀ। ਹੁਨਫੁੰਗ ‘ਚ ਇਬੋਬੀ ਨੇ ਇਕ ਬਿਜਲੀ ਸਬ ਸਟੇਸ਼ਨ ਤੋਂ ਅਲਾਵਾ 100 ਬਿਸਤਰਿਆਂ ਵਾਲੇ ਹਸਪਤਾਲ ਦਾ ਉਦਘਾਟਨ ਕਰਨਾ ਸੀ।
ਬੰਦ ਸਮਰਥਕਾਂ ਨੇ ਹੈਲੀਪੈਡ ਵਾਲੀ ਥਾਂ ਤੋਂ ਤਿੰਨ ਕਿਲੋਮੀਟਰ ਤਕ ਨਾਕਾਬੰਦੀ ਕੀਤੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਦੋ ਗੱਡੀਆਂ ਨੂੰ ਵੀ ਅੱਗ ਲਾ ਦਿੱਤੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਨਵੇਂ ਬਣੇ ਹਸਪਤਾਲ ਦੇ ਨੇੜੇ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਇਕ ਜਵਾਨ ਨੂੰ ਬੰਬ ਦੇ ਛੱਰੇ ਲੱਗੇ ਸੀ ਅਤੇ ਉਹ ਜ਼ਖਮੀ ਹੋ ਗਿਆ ਸੀ। ਅਧਿਕਾਰੀਆਂ ਮੁਤਾਬਕ ਹਸਪਤਾਲ ‘ਤੇ ਦੋ ਬੰਬ ਸੁੱਟੇ ਗਏ, ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਮਣੀਪੁਰ ਨੂੰ ਭਾਰਤ ਨੇ ਅਕਤੂਬਰ 1949 ਵਿਚ ਆਪਣੇ ਵਿਚ ਮਿਲਾਇਆ ਸੀ ਅਤੇ 1956 ‘ਚ ਮਣੀਪੁਰ ਨੂੰ ਕੇਂਦਰ ਸ਼ਾਸਤ ਬਣਾਈ ਰੱਖਿਆ ਗਿਆ। 1972 ਵਿਚ ਮਣੀਪੁਰ ਨੂੰ ਭਾਰਤ ਦਾ ਇਕ ਐਲਾਨਿਆ ਗਿਆ। ਮੁਹੰਮਦ ਅਲੀਮਉਦੀਨ ਮਣੀਪੁਰ ਦਾ 1972 ‘ਚ ਪਹਿਲਾ ਮੁੱਖ ਮੰਤਰੀ ਬਣਿਆ।