ਐਡਮਿੰਟਨ (17 ਜੂਨ2014): ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਸਰਕਾਰਾਂ ਦੀ ਨਿਗਰਾਨੀ ਹੇਠ ਮਨੁੱਖਤਾ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਖਿ਼ਲਾਫ਼ ਆਵਾਜ਼ ਉਠਾਉਣ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ ।ਮਨੁੱਖੀ ਹੱਕਾਂ ਦੀ ਗੱਲ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ‘ਤੇ ਹੋਏ ਫੌਜੀ ਹਮਲੇ ਦੀ ਯਾਦ ਵਿੱਚ ‘ਵਰਲਡ ਸਿੱਖ ਆਰਗੇਨਾਈਜੇਸ਼ਨ'(ਡਬਲਯੂ.ਐਸ.ਓ.) ਵੱਲੋਂ ਸਥਾਨਿਕ ਮਹਾਰਾਜਾ ਬੈਕੁੰਟ ਹਾਲ ਵਿਚ ਕਰਵਾਏ ਇਕ ਯਾਦਗਾਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪੁੱਜੇ ਭਾਰਤ ਦੀ ਸੁਪਰੀਮ ਕੌਰਟ ਦੇ ਉੱਘੇ ਵਕੀਲ ਅਤੇ ‘ਹਿਊਮਨ ਰਾਈਟਸ ਲਾਅ ਨੈੱਟਵਰਕ’ ਦੇ ਮੁਖੀ ਕੌਲਨ ਗੌਨਸਿਲਵਸ ਨੇ ਕੀਤਾ।

ਇਸ ਮੌਕੇ ਉਨ੍ਹਾਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਦੇ ਤਬਾਦਲੇ ਦਾ ਵੀ ਸੰਖੇਪ ਜ਼ਿਕਰ ਕੀਤਾ ਙ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਦਿ੍ੜਤਾ ਨਾਲ ਸੱਚ ਦਾ ਰਾਹ ‘ਤੇ ਚੱਲਦਿਆਂ ਕਾਨੂੰਨੀ ਤਰੀਕੇ ਨਾਲ ਟਾਕਰਾ ਕੀਤਾ ਜਾ ਸਕਦਾ ਹੈ ।
ਐਡਵੋਕੇਟ ਕੌਲਨ ਨੇ ਕਿਹਾ ਕਿ ਕੈਨੇਡਾ ਅਤੇ ਦੁਨੀਆ ਦੇ ਹੋਰਨਾਂ ਦੇਸ਼ਾਂ ਵਿਚ ਵੱਸਦੇ ਸਿੱਖ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਕੁੱਝ ਸਮਾਂ ਪੰਜਾਬ ਅਤੇ ਭਾਰਤ ਦੇ ਦੂਸਰੇ ਹਿੱਸਿਆਂ ਵਿਚ ਬਿਤਾਉਣ ਤਾਂ ਕਿ ਉਨ੍ਹਾਂ ਨੂੰ ਅਹਿਸਾਸ ਹੋਵੇ ਕਿ ਮਨੁੱਖੀ ਹੱਕਾਂ ਲਈ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ ।
ਸਿੱਖ ਵਰਲਡ ਆਰਗੇਨਾਈਜੇਸ਼ਨ ਅਤੇ ਸਿੱਖ ਫੈਡਰੇਸ਼ਨ ਦੇ ਇਸ ਉਪਰਾਲੇ ਦੀ ਇਨ੍ਹਾਂ ਵੱਲੋਂ ਸ਼ਲਾਘਾ ਵੀ ਕੀਤੀ ਗਈ । ਸਿੱਖ ਫੈਡਰੇਸ਼ਨ ਦੇ ਮੁੱਖ ਅਹੁਦੇਦਾਰਾਂ ਕੁਲਮੀਤ ਸਿੰਘ ਸੰਘਾ ਅਤੇ ਜਸਬੀਰ ਸਿੰਘ ਨੇ ਵੀ ਇਸ ਸਮਾਗਮ ਨੂੰ ਸੰਬੋਧਨ ਕੀਤਾ । ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਨੇ ਐਡਵੋਕੇਟ ਕੌਲਨ ਵੱਲੋਂ ਮਨੁੱਖੀ ਹੱਕਾਂ ਪ੍ਰਤੀ ਨਿਭਾਈਆਂ ਗਈਆਂ ਦਲੇਰੀ ਭਰੀਆਂ ਸੇਵਾਵਾਂ ਪ੍ਰਤੀ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ।
ਇਸ ਸਮਾਗਮ ਦੌਰਾਨ ਵਿਧਾਇਕ ਸੁਹੇਲ ਕਾਦਰੀ ਅਤੇ ਵਿਧਾਇਕ ਜੇਨਿਸ ਸਰਿੱਚ ਨੇ ਮਨੁੱਖੀ ਹੱਕਾਂ ਦੀ ਅਹਿਮੀਅਤ ਦੱਸਦਿਆਂ ਕਿਹਾ ਕਿ ਅਜਿਹੇ ਉਪਰਾਲੇ ਜ਼ਰੂਰੀ ਹਨ ।