ਲੁਧਿਆਣਾ ਦੇ ਤਿੰਨ ਕੇਸਾਂ ਦੀ ਵੀਡਿਓ-ਕਾਨਫਰੰਸ ਰਾਹੀਂ ਪੇਸ਼ੀ ਹੋਈ
ਲੁਧਿਆਣਾ: ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੀਡਿਓ-ਕਾਨਫਰੰਸ ਰਾਹੀਂ ਲੁਧਿਆਣਾ ਵਿਚ ਵਿਚਾਰ-ਅਧੀਨ ਤਿੰਨ ਕੇਸਾਂ ਦੀ ਪੇਸ਼ੀ ਭੁਗਤੀ।ਇਹਨਾਂ ਕੇਸਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਪੇਸ਼ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਹ ਤਿੰਨੋਂ ਕੇਸ ੧੯੯੫ ਦੇ ਹਨ ਅਤੇ ਥਾਣਾ ਕੋਤਵਾਲੀ ਲੁਧਿਆਣਾ (ਨਵਾਂ ਨਾਮ ਡਵੀਜ਼ਨ ਨੰਬਰ ੧ ਲੁਧਿਆਣਾ) ਵਿਚ ਦਰਜ਼ ਹੋਏ ਸਨ।

ਜਿਹਨਾਂ ਵਿਚ ਮੁਕੱਦਮਾ ਨੰਬਰ ੧੩੩ ਦੀ ਪੇਸ਼ੀ ਇਲਾਕਾ ਮੈਜਿਸਟ੍ਰੇਟ ਹਰਪ੍ਰੀਤ ਕੌਰ ਨਫਰਾ ਦੀ ਅਦਾਲਤ ਵਿਚ ਹੋਈ ਜੋ ਕਿ ੩੦੭, ੪੨੭ ਆਈ.ਪੀ.ਸੀ ਅਤੇ ੩/੪/੫ ਐਕਸਪਲੋਸਿਵ ਐਕਟ ਦਾ ਹੋਣ ਕਾਰਨ ੭ ਦਿਸੰਬਰ ੨੦੧੫ ਵਾਸਤੇ ਜਿਲ੍ਹਾਂ ਸੈਸ਼ਨਜ਼ ਅਦਾਲਤ ਨੂੰ ਭੇਜ ਦਿੱਤਾ ਗਿਆ ਹੈ।ਮੁਕੱਦਮਾ ਨੰਬਰ ੧੩੪ ਦੀ ਪੇਸ਼ੀ ਐਡੀਸ਼ਨਲ ਸੈਸ਼ਨਜ਼ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਵਿਚ ਹੋਈ ਜੋ ਕਿ ਅਸਲਾ ਅਤੇ ਬਾਰੂਦ ਦੀ ਬਰਾਮਦਗੀ ਦਾ ਕੇਸ ਹੈ ਅਤੇ ਅਦਾਲਤ ਨੇ ੩ ਦਿਸੰਬਰ ੨੦੧੫ ਦੀ ਤਰੀਕ ਕੇਸ ਦਾ ਚਾਰਜ਼ ਤਹਿ ਕਰਨ ਲਈ ਨਿਯਤ ਕੀਤੀ ਅਤੇ ਮੁਕੱਦਮਾ ਨੰਬਰ ੧੩੯ ਜੋ ਕਿ ਅਸਲਾ ਬਰਾਮਦਗੀ ਦਾ ਹੈ ਅਤੇ ਇਲਾਕਾ ਮੈਜਿਸਟ੍ਰੇਟ ਹਰਪ੍ਰੀਤ ਕੌਰ ਨਫਰਾ ਦੀ ਅਦਾਲਤ ਵਿਚ ਇਸ ਕੇਸ ਵਿਚ ਚਾਰਜ਼ ਲੱਗਾ ਅਤੇ ਅਗਲੀ ਤਾਰੀਖ-ਪੇਸ਼ੀ ਗਵਾਹੀਆਂ ਵਾਸਤੇ ੦੭ ਦਸੰਬਰ ੨੦੧੫ ਨਿਯਤ ਕੀਤੀ ਗਈ।
ਇਸ ਮੌਕੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ ਹਮੇਸ਼ਾ ਦੀ ਤਰ੍ਹਾਂ ਚੜ੍ਹਦੀ ਕਲਾ ਵਿਚ ਹਨ ਅਤੇ ਉਹਨਾਂ ਨੇ ਸਭ ਨੂੰ ਜਗਤ ਗੁਰੂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੇ ਪਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ ਅਤੇ ਆਸ ਕੀਤੀ ਹੈ ਕਿ ਅਸੀਂ ਦੁਨੀਆਂ ਦੇ ਹਰ ਕੋਨੇ ਤੱਕ ਗੁਰੂ ਨਾਨਕ ਪਾਤਸ਼ਾਹ ਦਾ ਸਰਬੱਤ ਦੇ ਭਲੇ ਦਾ ਸੰਦੇਸ਼ ਪਹੁੰਚਾ ਸਕੀਏ।
ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਸਿਰ ਖਾਲਸਾ ਪੰਥ ਅੱਗੇ ਝੁਕਦਾ ਹੈ ਜਿਸਨੇ ਉਹਨਾਂ ਨੂੰ ਐਨੇ ਮਾਣ-ਸਤਿਕਾਰ ਨਾਲ ਨਿਵਾਜ਼ਿਆ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕੋਲ ਸੰਗਤਾਂ ਦੀਆਂ ਸਹੀ ਭਾਵਨਾਵਾਂ ਪਹੁੰਚਣ ਲਈ ਸੰਚਾਰ ਦੇ ਸਾਧਨ ਲਗਭਗ ਜੀਰੋ ਹੀ ਹਨ ਅਤੇ ਉਹ ਛੇਤੀ ਹੀ ਲਿਖਤ ਰੂਪ ਵਿਚ ਆਪਣੀਆਂ ਭਾਵਨਾਵਾਂ ਸਿੱਖ ਸੰਗਤਾਂ ਨਾਲ ਸਾਂਝੀਆਂ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਅਜੇ ਤੱਕ ਕੋਈ ਵੀ ਆਪਣੀ ਹੱਥ-ਲਿਖਤ ਸੰਗਤਾਂ ਵਿਚ ਨਹੀਂ ਭੇਜੀ। ਉਹਨਾਂ ਸਰਕਾਰਾਂ ਅਤੇ ਖਾਸ ਕਰਕੇ ਪੰਜਾਬ ਸਰਕਾਰ ਵਲੋਂ ਅਪਣਾਈ ਜਾ ਰਹੀ ਜਬਰ ਦੀ ਨੀਤੀ ਦੀ ਸਖਤ ਨਿਖੇਧੀ ਕੀਤੀ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਖਾਲਸਾ ਪੰਥ ਵਿਚ ਆਪਸੀ ਪਿਆਰ ਤੇ ਇਤਫਾਕ ਬਖਸ਼ੇ।