ਚੰਡੀਗੜ੍ਹ ( 30 ਜੂਨ 2014): ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਗੁਰਦੁਆਰਾ ਕਮੇਟੀ ਦੀ ਮੰਗ ਜੋਰ ਫੜਦੀ ਜਾਂਦੀ ਹੈ ਅਤੇ ਇਸਨੂੰ ਹਰਿਆਣਾ ਦੇ ਵੱਖ ਵੱਖ ਸਿੱਖ ਹਿੱਸਿਆਂ ਵੱਲੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ ।ਪਹਿਲਾਂ ਪਹਿਲ ਇਸ ਬਾਰੇ ਹਰਿਆਣਾ ਦਾ ਜਗਦੀਸ਼ ਸਿੰਘ ਝੀਡਾ ਅਤੇ ਦੀਦਾਰ ਸਿੰਘ ਨਲਵੀ ਧੜਾ ਹੀ ਮੰਗ ਕਰ ਰਹੇ ਸਨ ,ਪਰ ਹੁਣ ਇਸ ਮੰਗ ਦਾ ਸਮਰਥਨ ਕਰਨ ਵਾਲਿਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ।
ਕੁਝ ਦਿਨ ਪਹਿਲਾਂ ਹਰਿਆਣਾ ਦੇ ਕਰਨਾਲ ਹਲਕੇ ਤੋਂ ਬਾਦਲ ਦਲ ਦੀ ਟਿਕਟ ‘ਤੇ ਚੋਣ ਲੜਕੇ ਜਿੱਤੇ ਸ਼੍ਰਮੋਣੀ ਕਮੇਟੀ ਮੈਂਬਰ ਸਰਦਾਰ ਭੂਪਿੰਦਰ ਸਿੰਘ ਅਸੰਧ ਵੱਲੋਂ ਬਾਦਲ ਦਲ ਤੋਂ ਬਗਾਵਤ ਕਰਕੇ ਕਮੇਟੀ ਦੀ ਹਮਾਇਤ ਕੀਤੀ ਸੀ ਅਤੇ ਹੁਣ ਹਰਿਆਣਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ 2 ਹੋਰ ਮੈਂਬਰ ਸ: ਹਰਪਾਲ ਸਿੰਘ, ਸ: ਅਮਰੀਕ ਸਿੰਘ ਤੇ ਸਿਰਸਾ ਤੋਂ ਆਜ਼ਾਦ ਮੈਂਬਰ ਗੁਰਮੀਤ ਸਿੰਘ ਨੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਵੱਖਰੀ ਕਮੇਟੀ ਦੇ ਗਠਨ ਦੀ ਹਮਾਇਤ ਕੀਤੀ ਹੈ ।
ਅੱਜ ਇੱਥੇ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ: ਹਰਪਾਲ ਸਿੰਘ ਤੇ ਸ:”ਅਮਰੀਕ ਸਿੰਘ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ 6 ਜੁਲਾਈ ਨੂੰ ਕੈਥਲ ਵਿਚ ਹੋ ਰਹੀ ਸਿੱਖ ਕਨਵੈਨਸ਼ਨ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਦੇ ਨਾਂਅ ‘ਤੇ ਕੱਲ੍ਹ ਪਹਿਲੀ ਜੁਲਾਈ ਨੂੰ ਅੰਬਾਲਾ ਵਿਚ ਕਨਵੈਨਸ਼ਨ ਬੁਲਾਈ ਗਈ ਹੈ, ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਸੰਬੋਧਨ ਕਰਨਗੇ।
ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਹ ਵਾਅਦੇ ਅਨੁਸਾਰ ਵੱਖਰੀ ਕਮੇਟੀ ਬਣਾਉਣ ਦਾ ਐਲਾਨ ਕਰਨ ਤੇ ਇਸ ਨੂੰ ਤੁਰੰਤ ਅਮਲੀ ਜਾਮਾ ਪਹਿਨਾਉਣ। ਉਨ੍ਹਾਂ ਧਮਕੀ ਦਿੱਤੀ ਕਿ ਜੇ ਹੁਣ ਵੀ ਹਰਿਆਣਾ ਦੇ ਸਿੱਖਾਂ ਨਾਲ ਇਨਸਾਫ਼ ਨਾ ਕੀਤਾ ਗਿਆ ਤਾਂ ਅਸੀਂ ਫੇਰ ਕਾਂਗਰਸ ਨੂੰ ਮਾਫ਼ ਨਹੀਂ ਕਰਾਂਗੇ।
ਇਸ ਮੌਕੇ ‘ਤੇ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸ: ਜੋਗਿੰਦਰ ਸਿੰਘ ਸਾਹਨੀ ਦਾ ਬੇਟਾ ਗੁਰਜੋਤ ਸਿੰਘ ਸਾਹਨੀ ਵੀ ਮੌਜੂਦ ਸੀ, ਜਿਨ੍ਹਾਂ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਸੀ। ਇਕ ਸੁਆਲ ਦੇ ਜੁਆਬ ਵਿਚ ਸ: ਹਰਪਾਲ ਸਿੰਘ ਨੇ ਕਿਹਾ ਕਿ ਹੁਣ ਵੱਖਰੀ ਕਮੇਟੀ ਬਣਾਉਣ ਦੀ ਮੰਗ ਕੇਵਲ ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਦੀ ਮੰਗ ਨਹੀਂ ਰਹੀ, ਹੁਣ ਤਾਂ ਸਾਰੇ ਹਰਿਆਣਵੀ ਸਿੱਖ ਇਸ ਮੰਗ ਨਾਲ ਖੜ੍ਹੇ ਹੋ ਗਏ ਹਨ।
ਉਨ੍ਹਾਂ ਸਾਰੇ ਸਿੱਖ ਗਰੁੱਪਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸ: ਹਰਪਾਲ ਸਿੰਘ ਨੇ ਪ੍ਰਗਟਾਵਾ ਕੀਤਾ ਕਿ ਹੁੱਡਾ ਸਰਕਾਰ ਨੇ ਵੱਖਰੀ ਕਮੇਟੀ ਬਾਰੇ ਬਿੱਲ ਦਾ ਖਰੜਾ ਤਿਆਰ ਕਰ ਲਿਆ ਹੈ। ਹੁਣ ਤਾਂ ਕੇਵਲ ਹਰਿਆਣਾ ਵਿਧਾਨ ਸਭਾ ਵੱਲੋਂ ਪੰਜਾਬ ਪੁਨਰਗਠਤ ਐਕਟ 1966 ਦੇ ਅਧੀਨ ਬਿੱਲ ਹੀ ਪਾਸ ਕਰਨਾ ਹੈ।