ਫ਼ਰੀਦਕੋਟ (28 ਅਕਤੂਬਰ, 2015): ਬਰਗਾੜੀ ਬੇਅਦਬੀ ਕੇਸ ਵਿੱਚ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸੋ ਸਕੇਸਿੱਖ ਭਰਾਵਾਂ ਦੇ ਵਿਰੁੱਧ ਕੋਈ ਪੁਖਤਾ ਸਬੂਤ ਨਾ ਮਿਲਣ ਕਰਕੇ ਪੁਲਿਸ ਆਪਣੀ ਸ਼ਾਖ ਬਚਾਉਣ ਕਈ ਇਧਰ-ਉੱਧਰ ਹੱਥਪੈਰ ਮਾਰਕੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਗ੍ਰਿਫਤਰ ਸਿੱਖ ਨੌਜਵਾਨ ਰੁਪਿੰਦਰ ਸਿੰਘ ਦੇ ਫੋਨਾਂ ‘ਤੇ ਆਈਆਂ ਵਿਦੇਸ਼ਾਂ ਤੋਂ ਕਾਲਾਂ ਦੇ ਆਧਾਰ ‘ਤੇ ਉਨ੍ਹਾਂ ‘ਤੇ ਕੇਸ ਦਰਜ਼ ਕਰਨ ਵਾਲੀ ਪੁਲਿਸ ਇਸ ਮਾਮਲੇ ਵਿੱਚ ਹੋਰ ਕੋਈ ਸਬੂਤ ਇਕੱਠੇ ਨਹੀਂ ਕਰ ਸਕੀ। ਹੁਣ ਹੋਰ ਕੋਈ ਵਾਹ ਲੱਗਦੀ ਨਾ ਵੇਖ ਕੇ ਪੁਲਿਸ ਨੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦਾ ਝੂਠ ਫੜਨ ਵਾਲਾ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ।

ਅਖਬਾਰਾਂ ਵਿੱਚ ਨਸ਼ਰ ਖਬਰਾਂ ਅਨੁਸਾਰ ਲੋਕਾਂ ਦੇ ਵੱਧਦੇ ਦਬਾਅ ਕਾਰਨ ਪੰਜਾਬ ਸਰਕਾਰ ਦੋਵਾਂ ਭਰਾਵਾਂ ਦੀ ਰਿਹਾਈ ਬਾਰੇ ਵਿਚਾਰਾਂ ਕਰ ਰਹੀ ਸੀ, ਪਰ ਪੰਜਾਬ ਪੁਲੀਸ ਦੇ ਦੋ ਉੱਚ ਅਧਿਕਾਰੀਆਂ ਵੱਲੋਂ ਇਹ ਦਾਅਵਾ ਕਰਨ ਕਿ ਮੁਲਜ਼ਮਾਂ ਨੂੰ ਸਹੀ ਤੱਥਾਂ ਅਤੇ ਸਬੂਤਾਂ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਤਾਂ ਸਰਕਾਰ ਨੇ ਮਨ ਬਦਲ ਲਿਆ। ਪੁਲਿਸ ਨੇ ਇਸ ਮਾਮਲੇ ‘ਚ ਆਪਣੀ ਸ਼ਾਖ ਬਚਾਉਣ ਲਈ ਲਈ ਹੁਣ ਅਦਾਲਤ ਕੋਲੋਂ ਝੂਠ ਫੜ੍ਹਨ ਵਾਲਾ ਟੈਸਟ ਕਰਵਾਉਣ ਦੀ ਇਜਾਜ਼ਤ ਲੈਣ ਦਾ ਫ਼ੈਸਲਾ ਕੀਤਾ ਹੈ। ਜਾਂਚ ਏਜੰਸੀਆਂ ਇਸ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰ ਚੁੱਕੀਆਂ ਹਨ ਅਤੇ ਭਲਕੇ ਇਲਾਕਾ ਮਜਿਸਟਰੇਟ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਜਾ ਸਕਦੀ ਹੈ।
ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਦੋਵਾਂ ਭਰਾਵਾਂ ਨੂੰ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਕਿਉਂਕਿ ਰੁਪਿੰਦਰ ਸਿੰਘ ਦੀ ਪੂਰੇ ਘਟਨਾਕ੍ਰਮ ਦੌਰਾਨ ਕੁਝ ਪੁਲੀਸ ਅਧਿਕਾਰੀਆਂ ਨਾਲ ਬਹਿਸ ਹੋਈ ਸੀ। ਜਥੇਬੰਦੀਆਂ ਦੇ ਸਖ਼ਤ ਵਿਰੋਧ ਕਾਰਨ ਪੰਜਾਬ ਸਰਕਾਰ ਇਸ ਮਾਮਲੇ ਨੂੰ ਠੰਡਾ ਕਰਨ ਲਈ ਕੋਈ ਵਿਚਲਾ ਰਾਹ ਅਖ਼ਤਿਆਰ ਕਰਨਾ ਚਾਹੁੰਦੀ ਸੀ। ਪਰ ਉੱਚ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਜੇ ਦੋਵਾਂ ਭਰਾਵਾਂ ਨੂੰ ਫੌਰੀ ਰਿਹਾਅ ਕੀਤਾ ਜਾਂਦਾ ਹੈ ਤਾਂ ਇਸ ਨਾਲ ਪੁਲੀਸ ਦੀ ਸਾਖ਼ ਨੂੰ ਵੱਡਾ ਧੱਕਾ ਲੱਗੇਗਾ।
ਇਸ ਸਮੁੱਚੇ ਮਾਮਲੇ ਦੀ ਨਿਗਰਾਨੀ ਕਰ ਰਹੇ ਪੁਲੀਸ ਅਧਿਕਾਰੀਆਂ ਨੇ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੇ ਮੋਬਾੲੀਲ ਫੋਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਹੈ, ਪਰ ਪੁਲੀਸ ਦੇ ਹੱਥ ਕੋਈ ਵੀ ਵਿਸ਼ੇਸ਼ ਸਬੂਤ ਨਹੀਂ ਲੱਗਾ। ਇੱਕ ਉੱਚ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੇ ਝੂਠ ਫੜ੍ਹਨ ਵਾਲੇ ਟੈਸਟ ਵਿੱਚ ਵੀ ਦੋਵਾਂ ਭਰਾਵਾਂ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲਦਾ ਤਾਂ ਇਨ੍ਹਾਂ ਨੂੰ ਦੋਸ਼ੀ ਦੱਸ ਕੇ ਗ੍ਰਿਫ਼ਤਾਰ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਵਿਭਾਗੀ ਕਾਰਵਾਈ ਨਿਸ਼ਚਿਤ ਹੈ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਨੇ ਦੋ ਪੁਲੀਸ ਅਧਿਕਾਰੀਆਂ ਦੇ ਦਬਾਅ ਪਾਉਣ ਤੋਂ ਬਾਅਦ ਹੀ ਇਹ ਟੈਸਟ ਕਰਵਾਉਣ ਦਾ ਫ਼ੈਸਲਾ ਲਿਆ ਹੈ।